ਪਾਣੀ ਦੀ ਹਰ ਬੂੰਦ
ਹਵਾ ਦਾ ਹਰ ਕਣ
ਰੇਤ ਦਾ ਹਰ ਕਿਣਕਾ
ਜ਼ਹਿਰੀਲੀ ਤਾਸੀਰ ਯੁਕਤ ਹੋ ਗਿਆ ਹੈ!
ਅਸੀਂ ਜਿੱਥੇ ਜੰਮ-ਪਲੇ
ਹੱਸੇ, ਖੇਡੇ ਤੇ ਵੱਡੇ ਹੋਏ
ਹੁਣ ਉਹਨਾਂ ਗਲੀਆਂ-ਸੜਕਾਂ ‘ਤੇ
ਛੋਟੇ ਜਿਹੇ ਹੋ
ਸਹਿਮ ਕੇ ਤੁਰਦੇ ਹਾਂ!
ਇਹ ਸੜਕਾਂ
ਜਿੰਨੵਾਂ ਨੂੰ ਅਸੀਂ
ਆਪਣੇ ਜਿਸਮ ਦੇ ਟੁਕੜੇ
ਵੰਡੇ ਨੇ
ਇਹਨਾਂ ਦੀਆਂ ਨਜਰਾਂ ‘ਚ
ਸਾਡੀ ਤਪੱਸਿਆ ਦੀ
ਕੋਈ ਚਿਣਗ ਹੀ ਨਹੀਂ।
ਅਚਾਨਕ
ਕਿਸੇ ਗਲੀਓਂ ਨਿਕਲੇ
ਨਾਅਰਿਆਂ ਦੀ ਗੂੰਜ ‘ਚ
ਚੀਕ
ਦਬ ਜਾਂਦੀ ਹੈ
ਤੁਰਦਿਆਂ ਤੁਰਦਿਆਂ
ਅੱਜ-ਕੱਲੵ ਇੱਥੇ
ਦਰਵਾਜ਼ਿਆਂ ‘ਤੇ
ਦਸਤਕ ਨਹੀਂ ਹੁੰਦੀ ਹੈ
ਬਲਕਿ…
ਧੱਕੇ ਵੱਜਦੇ ਨੇ…
ਤੇ ਖੌਫ਼ ਹੋਰ ਵਧੇਰੇ ਪਸਰ ਜਾਂਦਾ ਹੈ!
ਪਤਾ ਨਹੀਂ
ਹੱਸਣ ਦੀ ਰੁੱਤ
ਹੁਣ ਕਦੋਂ ਮੌਲੇਗੀ?
ਮੌਲੇਗੀ ਵੀ; ਜਾਂ ਨਹੀਂ?
ਵੀਰਾਨ ਅੱਖਾਂ ਦੇ ਸੁਪਨੇ
ਕਦੋਂ ਪਰਤਣਗੇ?
ਪਰਤਣਗੇ ਵੀ; ਜਾਂ ਨਹੀਂ?
ਇਸ ਮਿੱਟੀ ਨੂੰ ਆਪਣਾ ਕਹਿਣ ਵਾਲੇ
ਅਸੀਂ ਜਾਣਦੇ ਹਾਂ,
ਇੱਥੋਂ ਦੇ ਪੱਥਰਾਂ ‘ਤੇ
ਸਾਡੀਆਂ ਪੈੜਾਂ ਦੇ
ਨਿਸ਼ਾਨ ਵੀ ਨਹੀਂ ਰਹਿਣੇ
ਏਸ ਸ਼ਹਿਰ ਵਿੱਚ ਰਹਿਣਾ
ਹੁਣ ਅਸਹਿ ਜਿਹਾ ਜਾਪਦੈ
ਸਾਡੇ ਮਰਨੋਂ ਪਹਿਲਾਂ ਹੀ
ਉਮਰ ਦਾ ਇਹ ਇਕ ਹਿੱਸਾ
ਕਿਰਚਾਂ ਦੀ ਬਰਸਾਤੇ
ਲਹੂ-ਲੁਹਾਨ ਹੋ ਮਰ ਰਿਹਾ ਹੈ।