ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਭਾਰਤ ਅਤੇ ਚੀਨ ਵਿਚਕਾਰ ਗਲਵਾਨ ਖੇਤਰ ਵਿੱਚ ਘੁਸਪੈਠ ਕਰਨ ਤੇ ਪੈਦਾ ਹੋਈ ਤਣਾਅਪੂਰਣ ਸਥਿਤੀ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੋਦੀ ਨੂੰ ਸਮਝਾਉਣ ਲਈ ਇੱਕ ਪੱਤਰ ਲਿਿਖਆ ਹੈ। ਡਾ. ਮਨਮੋਹਨ ਸਿੰਘ ਨੇ ਮੋਦੀ ਨੂੰ ਲਿਖੀ ਇਸ ਚਿੱਠੀ ਵਿੱਚ ਉਸ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਅਤੇ ਚੀਨ ਦੇ ਸਬੰਧ ਇਸ ਸਮੇਂ ਨਿਰਣਾਇਕ ਮੋੜ ਤੇ ਪਹੁੰਚ ਚੁੱਕੇ ਹਨ। ਅਜਿਹੇ ਹਾਲਾਤ ਵਿੱਚ ਕੇਂਦਰ ਸਰਕਾਰ ਨੂੰ ਬਹੁਤ ਹੀ ਸੰਭਲ ਕੇ ਚਲਣਾ ਹੋਵੇਗਾ। ਮੌਜੂਦਾ ਸਰਕਾਰ ਦਾ ਰਵਈਆ ਹੀ ਇਹ ਤੈਅ ਕਰੇਗਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਰਹਿਣਗੇ।
ਡਾ. ਮਨਮੋਹਨ ਸਿੰਘ ਨੇ ਗਲਵਾਨ ਘਾਟੀ ਵਿੱਚ ਚੀਨ ਦੀ ਸੀਮਾ ਤੇ ਸ਼ਹੀਦ ਹੋਏ 20 ਭਾਰਤੀ ਸੈਨਿਕਾਂ ਦੀ ਕੁਰਬਾਨੀ ਨੂੰ ਸਰਵਉਚ ਦੱਸਿਆ। ਉਨ੍ਹਾਂ ਨੇ ਲਿਿਖਆ ਹੈ ਕਿ ਇਨ੍ਹਾਂ ਬਹਾਦਰ ਸੈਨਿਕਾਂ ਨੇ ਬੜੀ ਹਿੰਮਤ ਨਾਲ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੀਆਂ ਜਾਨਾਂ ਦਾ ਬਲੀਦਾਨ ਦਿੱਤਾ ਹੈ। ਦੇਸ਼ ਦੇ ਇਨ੍ਹਾਂ ਜਵਾਨਾਂ ਨੇ ਆਪਣੇ ਆਖਰੀ ਸਾਹ ਤੱਕ ਮਾਤਭੂਮੀ ਦੀ ਰੱਖਿਆ ਕੀਤੀ ਹੈ। ਇਸ ਸਰਵਉਚ ਤਿਆਗ ਦੇ ਲਈ ਅਸੀਂ ਇਨ੍ਹਾਂ ਸਾਹਸੀ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਰਿਣੀ ਹਾਂ। ਉਨ੍ਹਾਂ ਦਾ ਇਹ ਬਲੀਦਾਨ ਵਿਅਰਥ ਨਹੀਂ ਜਾਣਾ ਚਾਹੀਦਾ।
ਸਾਬਕਾ ਪੀਐਮ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਭਰਮ ਪੈਦਾ ਕਰਨ ਵਾਲਾ ਪ੍ਰਚਾਰ ਕਦੇ ਵੀ ਕੂਟਨੀਤੀ ਅਤੇ ਮਜ਼ਬੂਤ ਨੇਤਰਤਵ ਦਾ ਵਿਕਲਪ ਨਹੀਂ ਹੋ ਸਕਦਾ। ਪਿੱਛਲਗੂ ਸਹਿਯੋਗੀਆਂ ਦੁਆਰਾ ਪ੍ਰਚਾਰਿਤ ਝੂਠ ਦੇ ਅਡੰਬਰ ਨਾਲ ਸਚਾਈ ਨੂੰ ਦਬਾਇਆ ਨਹੀਂ ਜਾ ਸਕਦਾ।
ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਇਤਿਹਾਸ ਦੇ ਇੱਕ ਬਹੁਤ ਹੀ ਨਾਜ਼ੁਕ ਮੋੜ ਤੇ ਖੜ੍ਹੇ ਹਾਂ। ਸਰਕਾਰ ਦੁਆਰਾ ਲਏ ਗਏ ਫੈਂਸਲੇ ਅਤੇ ਉਠਾਏ ਗਏ ਕਦਮ ਹੀ ਇਹ ਤੈਅ ਕਰਨਗੇ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਨੂੰ ਕਿਸ ਨਜ਼ਰੀਏ ਨਾਲ ਵੇਖਣਗੀਆਂ।