ਫ਼ਤਹਿਗੜ੍ਹ ਸਾਹਿਬ – “ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਪੱਧਰ ਉਤੇ ਆਪਣੇ ਬਿਆਨ ਰਾਹੀ ਇਹ ਝੂਠ ਬੋਲਕੇ ਕਿ ਚੀਨ ਸਰਹੱਦ ਤੋਂ ਅੱਗੇ ਨਹੀਂ ਵੱਧਿਆ, ਆਪਣੀ ਅੰਦਰੂਨੀ ਅਤੇ ਬਾਹਰੀ ਸਥਿਤੀ ਨੂੰ ਅਤਿ ਡਾਵਾਡੋਲ ਅਤੇ ਸ਼ੱਕੀ ਬਣਾ ਲਿਆ ਹੈ । ਜਦੋਂ ਚੀਨ ਮਿੱਥੀ ਸਰਹੱਦੀ ਲਾਇਨ ਤੋਂ ਅੱਗੇ ਵੱਧਿਆ ਹੀ ਨਹੀਂ, ਜਿਵੇਂ ਸ੍ਰੀ ਮੋਦੀ ਝੂਠ ਬੋਲ ਰਹੇ ਹਨ ਫਿਰ ਚੀਨੀ ਫ਼ੌਜ ਨਾਲ ਲੜਾਈ ਕਰਕੇ 20 ਫ਼ੌਜੀ ਜਵਾਨਾਂ ਦੀ ਸ਼ਹਾਦਤ ਕਰਵਾਉਣ ਦੀ ਕੀ ਲੋੜ ਸੀ ? ਦੂਸਰਾ ਖੂਫੀਆ ਏਜੰਸੀਆਂ ਆਈ.ਬੀ, ਰਾਅ, ਫ਼ੌਜ ਦੀ ਖੂਫੀਆ ਵਿੰਗ ਝੂਠ ਦਾ ਸਹਾਰਾ ਲੈਕੇ ਇਸ ਚੀਨ-ਹਿੰਦ ਜੰਗ ਨੂੰ ਸੱਦਾ ਦੇਣ ਦੀ ਬਜਰ ਗੁਸਤਾਖੀ ਵੀ ਕਰ ਰਹੇ ਹਨ ਅਤੇ ਜਵਾਨਾਂ ਦੀਆਂ ਸ਼ਹੀਦੀਆਂ ਕਰਵਾਉਣ ਦੇ ਜ਼ਿੰਮੇਵਾਰ ਵੀ ਬਣ ਰਹੇ ਹਨ । ਜਦੋਂਕਿ ਦੋਵੇ ਚੀਨੀ-ਇੰਡੀਆ ਦੇ ਫ਼ੌਜੀ ਜਰਨੈਲਾਂ ਦੀਆਂ ਇਸ ਵਿਸ਼ੇ ਤੇ ਨਿਰੰਤਰ ਮੀਟਿੰਗਾਂ ਵੀ ਹੋ ਰਹੀਆ ਹਨ । ਮੀਟਿੰਗਾਂ ਹੋਣ ਦੇ ਬਾਵਜੂਦ ਵੀ ਜੰਗ ਵਾਲੇ ਅਮਲ ਹੋਣ, ਇਸ ਗੱਲ ਨੇ ਸਪੱਸਟ ਕਰ ਦਿੱਤਾ ਹੈ ਕਿ ਸ੍ਰੀ ਨਰਿੰਦਰ ਮੋਦੀ, ਇੰਡੀਆਂ ਦੇ ਗ੍ਰਹਿ ਵਜ਼ੀਰ, ਰੱਖਿਆ ਵਜ਼ੀਰ, ਵਿਦੇਸ਼ ਵਜ਼ੀਰ, ਫ਼ੌਜ ਦੇ ਦੋਵੇ ਜਰਨੈਲ, ਆਈ.ਬੀ. ਰਾਅ, ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਸਭ ਸਿਆਸਤਦਾਨ ਅਤੇ ਸੰਬੰਧਤ ਅਫ਼ਸਰਸ਼ਾਹੀ ਚੀਨ-ਇੰਡੀਆ ਦੀ ਲੜਾਈ ਸਬੰਧੀ ਖੁਦ ਹੀ ਭੰਬਲਭੂਸੇ ਵਿਚ ਹਨ ਅਤੇ ਆਪਣੀਆ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਨ ਵਿਚ ਅਸਫ਼ਲ ਸਾਬਤ ਹੋਏ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋਂ ਚੀਨ-ਇੰਡੀਆਂ ਦੇ ਫ਼ੌਜੀਆਂ ਦੀ ਲੜਾਈ ਹੋਣ ਅਤੇ 20 ਜਵਾਨਾਂ ਦੇ ਸ਼ਹੀਦ ਹੋਣ ਉਪਰੰਤ ਦਿੱਤੇ ਉਸ ਬਿਆਨ ਜਿਸ ਵਿਚ ਉਨ੍ਹਾਂ ਖੁਦ ਕਿਹਾ ਕਿ ਚੀਨ ਸਾਡੀ ਸਰਹੱਦ ਅੰਦਰ ਦਾਖਲ ਨਹੀਂ ਹੋਇਆ, ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ, ਸੈਂਟਰ ਹਕੂਮਤ, ਫ਼ੌਜੀ ਜਰਨੈਲਾਂ, ਖੂਫੀਆ ਏਜੰਸੀਆਂ ਵੱਲੋਂ ਇਸ ਦਿਸ਼ਾ ਵੱਲ ਦਿਸ਼ਾਹੀਣ ਅਮਲ ਕਰਨ ਉਤੇ ਖਟਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਸਾਬਕਾ ਵਜ਼ੀਰ-ਏ-ਆਜ਼ਮ ਨੇ ਜੋ ਇਹ ਕਿਹਾ ਹੈ ਕਿ ਸ੍ਰੀ ਮੋਦੀ ਨੂੰ ਝੂਠ ਬਿਲਕੁਲ ਨਹੀਂ ਸੀ ਬੋਲਣਾ ਚਾਹੀਦਾ । ਜੋ ਸਰਹੱਦ ਉਤੇ ਸਥਿਤੀ ਬਣੀ ਹੋਈ ਹੈ, ਉਸਦੀ ਸਹੀ ਜਾਣਕਾਰੀ ਮੁਲਕ ਨਿਵਾਸੀਆਂ ਨੂੰ ਦੇਣੀ ਚਾਹੀਦੀ ਸੀ, ਨਾ ਕਿ ਆਪਣੀ 56 ਇੰਚ ਦੀ ਚੌੜੀ ਛਾਂਤੀ ਦੇ ਖੋਖਲੇ ਦਾਅਵੇ ਕਰਨ ਵਾਲਿਆ ਨੂੰ ਦੇਸ਼ ਨਿਵਾਸੀਆਂ ਅੱਗੇ ਝੂਠ ਬੋਲਕੇ ਗੁੰਮਰਾਹ ਕਰਨਾ ਚਾਹੀਦਾ ਸੀ । ਉਨ੍ਹਾਂ ਕਿਹਾ ਕਿ ਰਾਅ ਵਰਗੀ ਮੁਲਕ ਦੀ ਖੂਫੀਆ ਏਜੰਸੀ ਦੇ ਮੁੱਖੀ ਉਸ ਸਖਸ ਸੰਮਤ ਗੋਇਲ ਨੂੰ ਲਗਾਇਆ ਗਿਆ ਹੈ ਜਿਸਨੇ ਬੀਤੇ ਸਮੇਂ ਵਿਚ ਗੁਰਦਾਸਪੁਰ ਅਤੇ ਬਟਾਲੇ ਦੇ 3 ਨੌਜ਼ਵਾਨਾਂ ਨੂੰ ਅਣਮਨੁੱਖੀ ਤਸੱਦਦ ਕਰਕੇ ਖ਼ਤਮ ਕੀਤਾ ਅਤੇ ਜਿਸ ਉਤੇ ਇਹ ਦੋਸ਼ ਅੱਜ ਵੀ ਹਨ । ਜਿਸ ਪੁਲਿਸ ਅਫ਼ਸਰ ਦਾ ਪਿਛੋਕੜ ਅਮਲ ਅਪਰਾਧਿਕ ਰਿਹਾ ਹੋਵੇ, ਅਜਿਹੇ ਸਖਸ ਨੂੰ ਮੁਲਕ ਦੀ ਖੂਫੀਆ ਏਜੰਸੀ ਦਾ ਮੁੱਖੀ ਲਗਾ ਦੇਣਾ ਸਾਬਤ ਕਰਦਾ ਹੈ ਕਿ ਇਸ ਮੁਲਕ ਦੇ ਸਿਸਟਮ ਵਿਚ ਤਾਨਾਸ਼ਾਹੀ ਅਤੇ ਫਿਰਕੂ ਸੋਚ ਪ੍ਰਫੁੱਲਿਤ ਹੋ ਚੁੱਕੀ ਹੈ । ਜਿਸਦੇ ਨਤੀਜੇ ਮੁਲਕ ਨਿਵਾਸੀਆ ਲਈ ਅਤੇ ਫ਼ੌਜ ਲਈ ਕਦੀ ਵੀ ਲਾਹੇਵੰਦ ਸਾਬਤ ਨਹੀਂ ਹੋ ਸਕਦੇ । ਇਸ ਮੁੱਖ ਅਹੁਦੇ ਤੇ ਅਜਿਹੇ ਪੁਲਿਸ ਅਫ਼ਸਰ ਨੂੰ ਤਾਇਨਾਤ ਕਰਨਾ ਅਤਿ ਦੁੱਖਦਾਇਕ ਕਾਰਵਾਈ ਹੈ ।
ਉਨ੍ਹਾਂ ਕਿਹਾ ਕਿ 1913-1914 ਵਿਚ ਤਿੱਬਤ, ਚੀਨ, ਇੰਡੀਆ ਅਤੇ ਅੰਗਰੇਜ਼ਾਂ ਦੀ ਜੋ ਸ਼ਿਮਲਾ ਵਿਚ ਸਾਂਝੀ ਮੀਟਿੰਗ ਹੋਈ ਸੀ, ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਚੀਨ ਅਤੇ ਇੰਡੀਆਂ ਦੀਆਂ ਸਰਹੱਦਾਂ ਨੂੰ ਮੈਕਮਹੋਨ ਲਾਈਨ ਮੰਨਿਆ ਗਿਆ ਸੀ । ਜੋ ਸਭ ਧਿਰਾਂ ਨੇ ਪ੍ਰਵਾਨ ਕੀਤਾ ਸੀ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਹੁਣੇ ਕੁਝ ਦਿਨ ਪਹਿਲੇ ਚੀਨ ਅਤੇ ਇੰਡੀਆ ਦੀਆਂ ਫ਼ੌਜਾਂ ਦੀ ਹੋਈ ਲੜਾਈ ਉਪਰੰਤ ਸ੍ਰੀ ਮੋਦੀ ਵੱਲੋਂ ਐਲ.ਏ.ਸੀ. ਨੂੰ ਆਪਣੀ ਸਰਹੱਦ ਐਲਾਨਿਆ ਜਾ ਰਿਹਾ ਹੈ । ਜੋ ਖੁਦ ਹੀ ਕੌਮਾਂਤਰੀ ਝਗੜਿਆ ਨੂੰ ਵਧਾਉਣ ਅਤੇ ਜੰਗ ਵੱਲ ਧਕੇਲਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ। ਇਹ ਹੋਰ ਵੀ ਅਫ਼ਸੋਸਨਾਕ ਐਲਾਨ ਕੀਤਾ ਗਿਆ ਹੈ ਕਿ ਜਦੋਂ ਚੀਨ ਸਰਹੱਦ ਤੇ ਸਿੱਖ ਕੌਮ ਦੇ ਫ਼ਤਹਿ ਕੀਤੇ ਇਲਾਕਿਆ ਨੂੰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ, ਉਸ ਸਮੇਂ ਤਾਂ ਦੋਵੇ ਜਰਨੈਲਾਂ ਵੱਲੋਂ ਫ਼ੌਜ ਨੂੰ ਲਾਠੀਆ ਦੇ ਕੇ ਭੇਜ ਦਿੱਤਾ ਗਿਆ, ਹੁਣ ਜਦੋਂ ਅਜਿਹੇ ਮਸਲੇ ਆਪਸੀ ਗੱਲਬਾਤ ਰਾਹੀ ਹੱਲ ਕਰਨੇ ਚਾਹੀਦੇ ਹਨ ਅਤੇ ਸਿੱਖ ਵਸੋਂ ਵਾਲੇ ਇਲਾਕੇ ਨੂੰ ਜੰਗ ਤੋਂ ਦੂਰ ਰੱਖਣ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ, ਹੁਣ ਆਪਣੀ ਹਿੰਦੂਤਵ ਤਾਨਾਸ਼ਾਹੀ ਨੀਤੀ ਅਧੀਨ ਫ਼ੌਜ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਦੇਣ ਦਾ ਐਲਾਨ ਕਰਕੇ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਯੂ.ਟੀ. ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਦੇ ਸਿੱਖ ਕੌਮ ਦੇ ਖ਼ਾਲਸਾ ਦਰਬਾਰ ਦੇ ਇਲਾਕਿਆਂ ਤੇ ਨਿਵਾਸੀਆਂ ਨੂੰ ਜੰਗ ਦੇ ਮੂੰਹ ਵਿਚ ਜ਼ਬਰੀ ਧਕੇਲਣ ਦੇ ਮਨੁੱਖਤਾ ਵਿਰੋਧੀ ਅਮਲ ਕੀਤੇ ਜਾ ਰਹੇ ਹਨ ।