ਬੀਜਿੰਗ-ਚੀਨ ਦੇ ਵਿਦੇਸ਼ ਵਿਭਾਗ ਵਲੋਂ ਉਸ ਦਾਅਵੇ ਨੂੰ ਖਾਰਿਜ਼ ਕਰ ਦਿੱਤਾ ਗਿਆ ਹੈ ਕਿ ਗਲਵਾਨ ਘਾਟੀ ਵਿੱਚ ਪੀਐਲਏ ਦੇ 40 ਜਵਾਨਾਂ ਦੀ ਮੌਤ ਹੋਈ ਹੈ। ਚੀਨੀ ਸੈਨਿਕਾਂ ਦੇ ਮਾਰੇ ਜਾਣ ਦੀ ਰਿਪੋਰਟ ਤੋਂ ਸਪੱਸ਼ਟ ਤੌਰ ਤੇ ਇਨਕਾਰ ਕਰਦੇ ਹੋਏ ਚੀਨ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 22 ਜੂਨ ਨੂੰ ਚੀਨੀ ਅਤੇ ਭਾਰਤੀ ਸੈਨਿਕਾਂ ਵਿਚਕਾਰ ਇਸ ਲਈ ਮੀਟਿੰਗ ਕੀਤੀ ਗਈ ਸੀ ਤਾਂ ਕਿ ਗੱਲਬਾਤ ਦੁਆਰਾ ਸਰਹਦ ਤੇ ਪੈਦਾ ਹੋਏ ਤਣਾਅ ਨੂੰ ਘੱਟ ਕੀਤਾ ਜਾ ਸਕੇ।
ਵਿਦੇਸ਼ ਵਿਭਾਗ ਦੇ ਬੁਲਾਰੇ ਝਾਓ ਲਿਜ਼ੀਅਨ ਨੇ ਕਿਹਾ, ‘ਚੀਨ ਅਤੇ ਭਾਰਤ ਕੂਟਨੀਤਕ ਅਤੇ ਸੈਨਾ ਦੇ ਚੈਨਲਾਂ ਦੇ ਮਾਧਿਅਮ ਦੁਆਰਾ ਇਸ ਮੁੱਦੇ ਨੂੰ ਹਲ ਕਰਨ ਲਈ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਰਹੇ ਹਾਂ।’
ਪੀਐਲਏ ਦੇ ਸੈਨਿਕਾਂ ਦੀ ਮੌਤ ਦੇ ਸਬੰਧ ਵਿੱਚ ਝਾਓ ਨੇ ਜਾਣਕਾਰੀ ਦਿੰਦੇ ਹੋਏ ਕਿਹਾ, ‘ਮੀਡੀਆ ਵਿੱਚ ਜੋ ਚੱਲ ਰਿਹਾ ਹੈ, ੳਦਾਹਰਣ ਦੇ ਤੌਰ ਤੇ ਕੁਝ ਲੋਕਾਂ ਨੇ ਆਰੋਪ ਲਗਾਇਆ ਹੈ ਕਿ ਚੀਨ ਦੇ ਮਾਰੇ ਗਏ ਸੈਨਿਕਾਂ ਦੀ ਸੰਖਿਆ 40 ਹੈ। ਮੈਂ ਇਹ ਤਸਦੀਕ ਕਰਦਾ ਹਾਂ ਕਿ ਇਹ ਖ਼ਬਰ ਫਰਜ਼ੀ ਹੈ।’
ਵਰਨਣਯੋਗ ਹੈ ਕਿ 15 ਜੂਨ ਨੂੰ ਗਲਵਾਨ ਵਿੱਚ 20 ਭਾਰਤੀ ਸੈਨਿਕ ਸ਼ਹੀਦ ਹੋਏ ਸਨ ਅਤੇ 85 ਦੇ ਕਰੀਬ ਜਖਮੀ ਹੋਏ ਸਨ। ਚੀਨ ਨੇ ਭਾਰਤੀ ਸੈਨਾ ਦੇ 10 ਜਵਾਨ ਅਤੇ ਦੋ ਮੇਜਰ ਵੀ ਆਪਣੀ ਹਿਰਾਸਤ ਵਿੱਚ ਲੈ ਲਏ ਸਨ, ਜਿੰਨ੍ਹਾਂ ਨੂੰ ਬਾਅਦ ਵਿੱਚ ਭਾਰਤ ਨੂੰ ਸੌਂਪ ਦਿੱਤਾ ਗਿਆ ਸੀ।
ਭਾਰਤ ਸਰਕਾਰ ਦੁਆਰਾ ਇਹ ਪਰਚਾਰ ਕੀਤਾ ਜਾ ਰਿਹਾ ਸੀ ਕਿ ਚੀਨ ਦੇ ਵੀ 40 ਤੋਂ ਉਪਰ ਜਵਾਨ ਮਾਰ ਦਿੱਤੇ ਗਏ ਹਨ, ਜਿੰਨ੍ਹਾਂ ਦੀ ਕਿ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।