ਵਾਸ਼ਿੰਗਟਨ – ਅਮਰੀਕਾ ਦੀ ਡੈਮੋਕਰੇਟ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਾਈਡਨ ਨੇ ਕਿਹਾ ਹੈ ਕਿ ਕਸ਼ਮੀਰੀਆਂ ਦੇ ਅਧਿਕਾਰਾਂ ਦੀ ਬਹਾਲੀ ਲਈ ਭਾਰਤ ਸਰਕਾਰ ਨੂੰ ਸਹੀ ਕਦਮ ਉਠਾਉਣੇ ਚਾਹੀਦੇ ਹਨ। ਉਨ੍ਹਾਂ ਨੇ ਭਾਰਤ ਦੇ ਨਾਗਰਿਕਤਾ ਸੁਧਾਰ ਕਾਨੂੰਨ (ਸੀਏਏ) ਤੇ ਚਿੰਤਾ ਜ਼ਾਹਿਰ ਕੀਤੀ ਹੈ। ਬਾਈਡਨ ਨੇ ਨੈਸ਼ਨਲ ਰਜਿਸਟਰ ਆਫ਼ ਸਿਟੀਜਨ (ਐਨਆਰਸੀ) ਨੂੰ ਵੀ ਨਿਰਾਸ਼ਾਜਨਕ ਦੱਸਿਆ।
ਬਾਈਡਨ ਦੀ ਕੈਂਪੇਨ ਵੈਬਸਾਈਟ ਤੇ ਪ੍ਰਕਾਸਿ਼ਤ ਇੱਕ ਪਾਲਿਸੀ ਪੇਪਰ ਵਿੱਚ ਲਿਖਿਆ ਹੈ, ‘ ਭਾਰਤ ਵਿੱਚ ਧਰਮਨਿਰਪੱਖਤਾ ਅਤੇ ਵਿਭਿੰਨ ਜਾਤਾਂ ਅਤੇ ਧਾਰਮਿਕ ਲੋਕਤੰਤਰ ਦੀ ਪੁਰਾਣੀ ਪਰੰਪਰਾ ਹੈ। ਇਸ ਲਈ ਸਰਕਾਰ ਦੇ ਇਹ ਫੈਂਸਲੇ ਬਿਲਕੁਲ ਉਲਟ ਹਨ।’ ਉਨ੍ਹਾਂ ਦਾ ਇਹ ਪਾਲਿਸੀ ਪੇਪਰ ‘ਏਜੰਡਾ ਫਾਰ ਮੁਸਲਿਮ-ਅਮੈਰਿਕਨ ਕਮਿਊਨੀਟੀਜ਼ ਦੇ ਸਿਰਲੇਖ ਨਾਲ ਪ੍ਰਕਾਸਿ਼ਤ ਹੋਇਆ ਹੈ। ਇਸ ਪੇਪਰ ਵਿੱਚ ਚੀਨ ਦੇ ਵੀਗਰ ਮੁਸਲਮਾਨਾਂ ਅਤੇ ਮੀਆਂਮੀਰ ਦੇ ਰੋਹਿੰਗੀਆਂ ਦੀ ਵੀ ਗੱਲ ਕੀਤੀ ਗਈ ਹੈ।
ਕਸ਼ਮੀਰ ਮੁੱਦੇ ਤੇ ਵੀ ਜੋ ਬਾਈਡਨ ਦੇ ਪਾਲਿਸੀ ਪੇਪਰ ਵਿੱਚ ਲਿਖਿਆ ਹੈ, ‘ ਕਸ਼ਮੀਰੀ ਲੋਕਾਂ ਦੇ ਅਧਿਕਾਰਾਂ ਨੂੰ ਬਹਾਲ ਕਰਨ ਦੇ ਲਈ ਯੋਗ ਕਦਮ ਉਠਾਵੇ। ਅਸਹਿਮੱਤੀ ਤੇ ਪਾਬੰਦੀ, ਸ਼ਾਂਤੀਪੂਰਣ ਪ੍ਰਦਰਸ਼ਨਾਂ ਨੂੰ ਰੋਕਣਾ, ਇੰਟਰਨੈਟ ਸੇਵਾ ਬੰਦ ਕਰਨਾ ਜਾਂ ਸਲੋ ਕਰਨਾ ਲੋਕਤੰਤਰ ਨੂੰ ਕਮਜੋਰ ਕਰਨਾ ਹੈ। ਉਹ ਆਸਾਮ ਵਿੱਚ ਐਨਆਰਸੀ ਅਤੇ ਸੀਏਏ ਕਾਨੂੰਨ ਨੂੰ ਲੈ ਕੇ ਵੀ ਨਿਰਾਸ਼ ਹਨ। ਸਰਕਾਰ ਦੇ ਇਹ ਫੈਂਸਲੇ ਭਾਰਤ ਦੀ ਸੈਕਿਊਲਰ,ਬਹੁ-ਜਾਤੀ ਅਤੇ ਬਹੁ-ਧਰਮ ਲੋਕਤੰਤਰ ਦੀ ਪੁਰਾਣੀ ਪਰੰਪਰਾ ਦੇ ਖਿਲਾਫ਼ ਹੈ।’
ਅਮਰੀਕੀ ਰਾਸ਼ਟਰਪਤੀ ਉਮੀਦਵਾਰ ਬਾਈਡਨ ਦੇ ਪਾਲਿਸੀ ਪੇਪਰ ਵਿੱਚ ਕਿਹਾ ਗਿਆ ਹੈ, ‘ਮੁਸਲਮਾਨ ਬਹੁਲਤਾ ਦੇਸ਼ਾਂ ਅਤੇ ਉਹ ਦੇਸ਼ ਜਿੱਥੇ ਮੁਸਲਮਾਨਾਂ ਦੀ ਆਬਾਦੀ ਵੱਧ ਹੈ, ਊਥੇ ਜੋ ਕੁਝ ਵੀ ਹੋ ਰਿਹਾ ਹੈ ਉਸ ਨੂੰ ਲੈ ਕੇ ਅਮਰੀਕਾ ਦੇ ਮੁਸਲਮਾਨ ਚਿੰਤਿਤ ਰਹਿੰਦੇ ਹਨ। ਮੈਂ ਉਨ੍ਹਾਂ ਦੇ ਦੁੱਖ ਨੂੰ ਸਮਝਦਾ ਹਾਂ। ਪੱਛਮੀ ਚੀਨ ਵਿੱਚ ਵੀਗਰ ਮੁਸਲਮਾਨਾਂ ਨੂੰ ਨਿਗਰਾਨੀ ਕੈਂਪਾਂ ਵਿੱਚ ਰਹਿਣ ਤੇ ਮਜ਼ਬੂਰ ਕਰਨਾ ਬਹੁਤ ਹੀ ਸ਼ਰਮਨਾਕ ਹੈ। ਅਗਰ ਜੋ ਬਾਈਡਨ ਨਵੰਬਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਸਿ਼ਨਿਜਆਂਗ ਦੇ ਨਜ਼ਰਬੰਦੀ ਕੈਂਪਾਂ ਦੇ ਖਿਲਾਫ਼ ਆਵਾਜ਼ ਉਠਾਉਣਗੇ। ਰਾਸ਼ਟਰਪਤੀ ਦੇ ਤੌਰ ਤੇ ਬਾਈਡਨ ਇਸ ਨੂੰ ਲੈ ਕੇ ਠੋਸ ਕਦਮ ਉਠਾਉਣਗੇ। ਮਿਆਂਮੀਰ ਵਿੱਚ ਰੋਹਿੰਗੀਆਂ ਮੁਸਲਮਾਨਾਂ ਦੇ ਨਾਲ ਜੋ ਕੁਝ ਵੀ ਹੋਇਆ ਹੈ ਅਤੇ ਹੋ ਰਿਹਾ ਹੈ ਉਹ ਭਿਆਨਕ ਹੈ। ਇਸ ਨਾਲ ਸ਼ਾਂਤੀ ਅਤੇ ਸਥਿਰਤਾ ਦਾਅ ਤੇ ਲਗੀ ਹੋਈ ਹੈ।