ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਕ ਪਾਸੇ ਸਿੱਖ ਨੌਜਵਾਨ ਭਾਰਤੀ ਫ਼ੌਜ ਦਾ ਹਿੱਸਾ ਬਣ ਕੇ ਭਾਰਤ- ਚੀਨ ਬਾਡਰ ’ਤੇ ਦੇਸ਼ ਲਈ ਸਭ ਤੋਂ ਅੱਗੇ ਹੋ ਕੇ ਜਾਨ ਦੀ ਬਾਜ਼ੀ ਲਾ ਰਹੇ ਹਨ ਤਾਂ ਦੂਜੇ ਪਾਸੇ ਹਾਲ ਹੀ ਵਿਚ ਵੱਖਵਾਦੀ ਇਲਜ਼ਾਮਾਂ ਤਹਿਤ ਵੱਖ ਵੱਖ ਥਾਂਵਾਂ ਤੋਂ ਨਿਰਦੇਸ਼ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਫੜੋ ਫੜੀ ਸਿੱਖ ਕੌਮ ਲਈ ਗਹਿਰੀ ਚਿੰਤਾ ਵਿਸ਼ਾ ਹੈ। ਉਨ੍ਹਾਂ ਸਿੱਖ ਨੌਜਵਾਨਾਂ ਪ੍ਰਤੀ ਖੌਫ ਦਾ ਮਾਹੌਲ ਸਿਰਜਣ ਤੋਂ ਗੁਰੇਜ਼ ਕਰਨ ਪ੍ਰਤੀ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਕਹਿੰਦਿਆਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਬੇਕਸੂਰ ਸਿੱਖ ਨੌਜਵਾਨਾਂ ਦੀ ਰਾਜਨੀਤੀ ਤੋ ਪ੍ਰੇਰਿਤ ਫੜੋ ਫੜੀ ਨੂੰ ਕੁਝ ਸ਼ਕਤੀਟਾਂ ਵਲੋਂ ਆਪਣੇ ਫ਼ਾਇਦੇ ਲਈ ਫ਼ਿਰਕੂ ਰੰਗਤ ਦੇਣਾ ਅਤੇ ਪ੍ਰਚਾਰਨਾ ਦੇਸ਼ ਦੇ ਹਿਤ ਵਿਚ ਵੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬੇਕਸੂਰ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ, ਸਿੱਖਾਂ ਪ੍ਰਤੀ ਸ਼ੱਕੀ ਅਤੇ ਨਫ਼ਰਤ ਦੀ ਭਾਵਨਾ ਨੂੰ ਪੈਦਾ ਕਰਨਾ ਆਦਿ ਫਿਰਕੂ ਪੱਤਾ ਸਿੱਖਾਂ ਵਿਚ ਅਲਹਿਦਗੀ ਅਤੇ ਅਸੁਰਖਿਅਤਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਕਾਰਨ ਬਣੇਗਾ।
ਦਮਦਮੀ ਟਕਸਾਲ ਦੇ ਮੁਖੀ ਨੇ ਭਾਰਤ ਚੀਨ ਸਰਹੱਦ ’ਤੇ ਤਣਾਓ ਪ੍ਰਤੀ ਭਾਰਤ ਸਰਕਾਰ ਨੂੰ ਸਖ਼ਤ- ਸਪਸ਼ਟ ਨੀਤੀ ਅਤੇ ਰਣਨੀਤੀ ਅਪਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਭਾਰਤ-ਚੀਨ ਸਰਹੱਦ ਲਦਾਖ਼ ਵਿਚ ਭਾਰਤੀ ਫ਼ੌਜ ਦੀ ਬਿਹਾਰ ਰੈਜ਼ੀਡੈਂਟ ਦੀ ਮਦਦ ਕਰਦਿਆਂ 3 ਸਿੱਖ ਰੈਜ਼ੀਮੈਂਟ (ਘਾਤਕ) ਦੇ ਜਵਾਨਾਂ ਵੱਲੋਂ ਚੀਨੀ ਘੁਸਪੈਠੀਆਂ ਖਿਲਾਫ਼ ਇਤਿਹਾਸ ਨੂੰ ਮੁੜ ਸੁਰਜੀਤ ਕਰਦਿਆਂ ਦਿਖਾਈ ਗਈ ਵੀਰਤਾ ’ਤੇ ਪੂਰੀ ਕੌਮ ਫ਼ਖਰ ਮਹਿਸੂਸ ਕਰਦੀ ਹੈ। ਉਨਾਂ ਕਿਹਾ ਕਿ ਸਿਖ ਕੌਮ ਦੇ ਯੋਗਦਾਨ ਨੂੰ ਅਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕਿਸਾਨ ਵਿਰੋਧੀ ਖੇਤੀਬਾੜੀ ਆਰਡੀਨੈਂਸ ਪ੍ਰਤੀ ਸਖ਼ਤ ਇਤਰਾਜ਼ ਜਤਾਇਆ ਅਤੇ ਉਕਤ ਆਰਡੀਨੈਂਸਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਨੂੰ ਖ਼ਤਮ ਕਰਨ ਅਤੇ ਐਫ.ਸੀ.ਆਈ. ਨੂੰ ਭੰਗ ਕਰਨ ਨਾਲ ਪੰਜਾਬ ਅਤੇ ਕਿਸਾਨਾਂ ਦੇ ਹਿਤ ਪ੍ਰਭਾਵਿਤ ਹੋਣ ਗੇ, ਜੋ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨਾਲ ਸਬੰਧਿਤ ਅਜਿਹੇ ਸੰਵੇਦਨਸ਼ੀਲ ਮੁੱਦਿਆਂ ’ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਪੰਜਾਬ ਦੀਆਂ ਸਮੂਹ ਰਾਜਸੀ ਪਾਰਟੀਆਂ ਅਤੇ ਸਾਂਸਦਾਂ ਨੂੰ ਰਾਜਸੀ ਹਿੱਤਾਂ ਦੀ ਬਜਾਏ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਹੈ।