ਪੈਰ ਜਿਉਂ ਮਲੂਕ ਤੇਰੇ ,
ਚੰਬੇ ਦੀ ਡਾਲੀਏ,
ਜਿੱਥੇ ਰੱਖੇ, ਹੱਥ ਲਵਾਂ ਮੈਂ ਵਿਛਾਅ।
ਜ਼ੁਲਫ਼ਾਂ ਜਿਉਂ ਬੱਦਲ਼ੀ,
ਕਾਲੀ ਘਟਾ ਕੋਈ ਛਾਈ,
ਸਿਖਰ ਦੁਪਹਿਰਾ ਤਾਂ ਲਵਾਂ ਮੈਂ ਕਟਾਅ।
ਨੈਣ ਜਿਉੰ ਤਾਲ ਕੋਈ,
ਡੂੰਘਾ ਏ ਮੁਹੱਬਤਾਂ ਦਾ,
ਕਿਵੇਂ ਆਪਾ ਡੁੱਬਣੋਂ ਲਵਾਂ ਮੈਂ ਬਚਾਅ।
ਗੱਲਾਂ ਨਾਲ ਕਲੋਲਾਂ ਕਰਨ,
ਝੁਮਕੇ ਬੇਈਮਾਨ ਤੇਰੇ,
ਭੈੜਾ ਦਿਲ ਕਿਵੇਂ ਲਵਾਂ ਮੈਂ ਸਮਝਾਅ।
ਬੁੱਲਾਂ ਦੀ ਕੀ ਗੱਲ ਕਹਾਂ,
ਜਦ ਹੱਸਦੇ ਨੇ ਕਹਿਰ ਢਾਹੁਣ,
ਗੀਤ ਕੋਈ ਕਰਮਾਂ ਵਾਲਾ ਲਵਾਂ ਮੈਂ ਛੁਹਾਅ।
ਨੂਰ ਤੇਰੇ ਚੇਹਰੇ ਦਾ,
ਚੜਦੇ ਸੂਰਜ ਦੀ ਲਾਲੀ ਮਘੇ,
ਨਸ਼ਾ ਲਾ-ਇਲਾਜ ਕੋਈ ਰੂਹ ਤਾਈਂ ਲਵਾਂ ਮੈਂ ਲਾਅ।
ਹਰ ਪਲ ਵੇਖੀ ਜਾਵਾਂ,
ਚੇਹਰਾ ਮਹਿਤਾਬੀ ਤੇਰਾ,
ਸੂਰਤ ਤੇਰੀ ਮਨ ਵਿੱਚ ਲਵਾਂ ਮੈਂ ਸਜਾਅ।
ਆਉਂਦੇ-ਜਾਂਦੇ ਸਾਹ ਕਹਿਣ,
ਯਾਦ ਤੈਨੂੰ ਰਹਾਂ ਕਰਦਾ,
ਦਿਲ ਫ਼ੱਕਰ ਨੂੰ ਵੀ ਲਵਾਂ ਮੈਂ ਮਨਾਅ।
ਧੂੜ ਤੇਰੀ ਪੈੜਾਂ ਦੀ,
ਚੁੰਮ ਮੱਥੇ ਨੂੰ ਮੈਂ ਲਾ ਕੇ ਨੀ,
ਸੱਚੀਂ ਰੱਬ ਤੈਨੂੰ ਲਵਾਂ ਮੈਂ ਬਣਾਅ।
ਆਪਣਾ ਰੱਬ ਤੈਨੂੰ ਲਵਾਂ ਮੈਂ ਬਣਾਅ।