ਸਰੀ- ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰਸਟ ਕੈਨੇਡਾ ਤੇ ਟਰਸਟ ਦੇ ਇੰਡੀਆ ਚੈਪਟਰ ਨੇ ਸਾਂਝੇ ਤੌਰ ਤੇ 18 ਅਗਸਤ 2020 ਦਿਨ ਸਨਿਚਰਵਾਰ ਨੂੰ ਕੈਨੇਡਾ ਦੇ ਸਰੀ ਵਿਖੇ ਅਤੇ ਪੰਜਾਬ ਵਿਚ ਪਟਿਆਲਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਹੈ। ਸਰਬਕਲਾ ਸੰਪੰਨ ਅਕਾਦਮੀਸ਼ਨ ਡਾ ਹਰਿਭਜਨ ਸਿੰਘ ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਫਾਰਸੀ ਦੇ ਗਿਆਤਾ ਅਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਉਹ ਇਕ ਸਿਰਮੌਰ ਚਿੰਤਕ, ਸਫਲ ਅਧਿਆਪਕ, ਚੋਟੀ ਦੇ ਸਮੀਖਿਆਕਾਰ ਅਤੇ ਉਚ ਪਾਏ ਦੇ ਅਨੁਵਾਦਕ ਸਨ, ਜਿਨ੍ਹਾਂ ਨੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ 100 ਤੋਂ ਉਪਰ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ।
ਡਾ ਹਰਿਭਜਨ ਸਿੰਘ ਨੇ ਭਾਰਤੀ ਸਾਹਿਤ ਦੇ ਖੇਤਰ ਵਿਚ ਦੇਸ ਵਿਦੇਸਾਂ ਦੇ ਅਨੇਕਾਂ ਵਕਾਰੀ ਅਵਾਰਡ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿਚ ਸਾਹਿਤ ਅਕਾਡਮੀ ਅਵਾਰਡ, ਮੱਧ ਪ੍ਰਦੇਸ ਸਰਕਾਰ ਦਾ ਕਬੀਰ ਅਵਾਰਡ, ਬਿਰਲਾ ਫਾਊਂਡੇਸਨ ਦਾ ਸਰਸਵਤੀ ਅਵਾਰਡ ਤੋਂ ਇਲਾਵਾ ਅਨੇਕਾਂ ਅਵਾਰਡ ਪ੍ਰਾਪਤ ਕੀਤੇ ਹਨ। ਉਹ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਆਫ ਅਮੈਰਿਸਟ ਸਨ। ਉਨ੍ਹਾਂ ਆਧੁਨਿਕ ਪੰਜਾਬੀ ਕਵਿਤਾ ਦੇ ਨਵੇਂ ਮੁਹਾਂਦਰੇ ਨੂੰ ਜਨਮ ਦਿੱਤਾ। ਉਨ੍ਹਾਂ ਦੀ ਅਗਵਾਈ ਵਿਚ 30 ਤੋਂ ਉਪਰ ਵਿਦਿਆਰਥੀਆਂ ਨੇ ਖੋਜ ਕਾਰਜਾਂ ਵਿਚ ਪੀ ਐਚ ਡੀ (ਡਾਕਟਰੇਟ) ਕੀਤੀ ਹੈ। ਉਨ੍ਹਾਂ ਦੇ ਅਧਿਆਪਨ ਤੇ ਵਿਦਵਤਾ ਤੋਂ ਗਿਆਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਬਾਅਦ ਵਿਚ ਆਪੋ ਆਪੀਣੇ ਖੇਤਰਾਂ ਵਿਚ ਚੋਟੀ ਦੀਆਂ ਪਦਵੀਆਂ ਤੇ ਪਹੁੰਚੇ ਹਨ, ਜਿਨ੍ਹਾਂ ਵਿਚ ਰਾਜਪਾਲ ਅਤੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਸ਼ਾਮਲ ਹਨ।
ਸ਼ਤਾਬਦੀ ਸਮਾਗਮ ਆਯੋਜਤ ਕਰਨ ਦਾ ਫੈਸਲਾ ਜੈਤੇਗ ਸਿੰਘ ਅਨੰਤ, ਦਲਜੀਤ ਸਿੰਘ ਸੰਧੂ, ਲਖਵਿੰਦਰ ਸਿੰਘ ਖੰਗੂੜਾ ਅਤੇ ਇੰਡੀਆ ਚੈਪਟਰ ਦੇ ਉਜਾਗਰ ਸਿੰਘ, ਇੰਜਿਨੀਅਰ ਜੋਤਿੰਦਰ ਸਿੰਘ ਤੇ ਇੰਦਰਜੀਤ ਸਿੰਘ ਭਾਈਰੂਪੇ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਹੈ। ਪਟਿਆਲਾ ਦਾ ਸਮਾਗਮ ਵਰਲਡ ਪੰਜਾਬੀ ਸੈਂਟਰ ਤੇ ਚੜ੍ਹਦੀ ਕਲਾ ਟਾਈਮ ਟੀ ਵੀ ਦੇ ਸਹਿਯੋਗ ਤੇ ਸਰਪਰਸਤੀ ਹੇਠ ਕੀਤੇ ਜਾਸਣ ਦਾ ਫੈਸਲਾ ਲਿਆ ਹੈ।