ਵਾਸ਼ਿੰਗਟਨ – ਅਮਰੀਕਾ ਨੇ ਰਸਮੀ ਤੌਰ ਤੇ ਵਿਸ਼ਵ ਸਿਹਤ ਸੰਗਠਨ (WHO) ਤੋਂ ਆਪਣੇ ਆਪ ਨੂੰ ਹਟਾ ਲਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਤਾਂ ਮਈ ਵਿੱਚ ਹੀ ਐਲਾਨ ਕਰ ਦਿੱਤਾ ਸੀ ਕਿ ਅਮਰੀਕਾ ਜਲਦੀ ਹੀ ਡਬਲਿਯੂ ਐਚE ਨਾਲੋਂ ਆਪਣੇ ਸਾਰੇ ਸਬੰਧ ਸਮਾਪਤ ਕਰ ਲਵੇਗਾ। ਅਮਰੀਕਾ ਹਰ ਸਾਲ ਵਿਸ਼ਵ ਸਿਹਤ ਸੰਗਠਨ ਨੂੰ 40.5 ਕਰੋੜ ਡਾਲਰ ਦੀ ਮੱਦਦ ਕਰਦਾ ਹੈ। ਰਾਸ਼ਟਰਪਤੀ ਟਰੰਪ ਪਿੱਛਲੇ ਕੁਝ ਸਮੇਂ ਤੋਂ ਕੋਰੋਨਾ ਵਾਇਰਸ ਨੂੰ ਲੈ ਕੇ WHO ਦੀ ਆਲੋਚਨਾ ਕਰਦੇ ਆ ਰਹੇ ਹਨ।
ਵਾਈਟ ਹਾਊਸ ਦੇ ਇੱਕ ਉਚ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਯੂਐਸ ਨੇ ਰਸਮੀ ਤੌਰ ਤੇ ਆਪਣੇ ਆਪ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਵੱਖ ਕਰ ਲਿਆ ਹੈ। ਉਚ ਅਧਿਕਾਰੀ ਅਨੁਸਾਰ ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਇੱਕ ਡੈਮੋਕ੍ਰੇਟ ਸੈਨੇਟਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਇਹ ਅਮਰੀਕਾ ਦੇ ਲੋਕਾਂ ਦੇ ਜੀਵਨ ਜਾਂ ਹਿੱਤਾਂ ਦੀ ਰੱਖਿਆ ਨਹੀਂ ਕਰੇਗਾ। ਇਸ ਨਿਰਣੇ ਨਾਲ ਅਮਰੀਕੀ ਲੋਕ ਬੀਮਾਰ ਅਤੇ ਇੱਕਲੇ ਰਹਿ ਜਾਣਗੇ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਾਂ ਵੀ ਕਈ ਤਰ੍ਹਾਂ ਦੇ ਉਲਟੇ ਸਿੱਧੇ ਨਿਰਣੇ ਲਏ ਹਨ।
ਵਰਨਣਯੋਗ ਹੈ ਕਿ ਅਮਰੀਕਾ ਵਿੱਚ 30 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ ਅਤੇ ਇੱਕ ਲੱਖ 33 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।