ਜਨੇਵਾ – ਵਿਸ਼ਵ ਸਿਹਤ ਸੰਗਠਨ ਨੇ ਕਰੋਨਾ ਮਹਾਂਮਾਰੀ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿੱਚ ਅਜੇ ਵੀ ਇਸ ਵਾਇਰਸ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਡਬਲਿਯੂ ਐਚਓ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਹ ਕੋਰੋਨਾ ਸੰਕਰਮਣ ਹੋਰ ਵੀ ਫੈਲੇਗਾ। ਇਸ ਲਈ ਇਸ ਤੋਂ ਬਚਾਅ ਕਰਨਾ ਜਰੂਰੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਉਚ ਅਧਿਕਾਰੀ ਮਟਰੇਡੋਸ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਦੁਨੀਆਂਭਰ ਦੇ ਕੁਝ ਸੱਭ ਤੋਂ ਅਮੀਰ ਦੇਸ਼ਾਂ ਦੀ ਸਿਹਤ ਵਿਵਸਥਾ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਜਦੋਂ ਕਿ ਕੁਝ ਦੇਸ਼ਾਂ ਨੇ ਸੀਮਤ ਸਾਧਨਾਂ ਦੁਆਰਾ ਇਸ ਤੇ ਕਾਬੂ ਪਾਇਆ ਹੈ। ਮੌਜੂਦਾ ਹਾਲਾਤ ਵਿੱਚ ਜਿਆਦਾਤਰ ਇਸ ਵਾਇਰਸ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹੇ ਹਨ ਅਤੇ ਇਹ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।
ਡਬਲਿਯੂ ਐਚਓ ਮੁੱਖੀ ਨੇ ਕਿਹਾ ਕਿ ਜੇ ਪਿੱਛਲੇ 6 ਹਫ਼ਤਿਆਂ ਦੇ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਦੁਗਣੀ ਹੋ ਗਈ ਹੈ। ਜਾਨ ਹਾਪਕਿਨਸ ਯੂਨੀਵਰਿਸਟੀ ਅਨੁਸਾਰ ਸ਼ਨਿਚਰਵਾਰ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਇੱਕ ਕਰੋੜ 25 ਲੱਖ 7849 ਹੋ ਗਈ ਹੈ ਜਦੋਂ ਕਿ ਮਰਨ ਵਾਲਿਆਂ ਦੇ ਅੰਕੜੇ 5 ਲੱਖ 60460 ਤੱਕ ਪਹੁੰਚ ਗਿਆ ਹੈ। ਇਸ ਮਹਾਂਮਾਰੀ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਹੈ, ਜਿੱਥੇ ਇਸ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ 31 ਲੱਖ ਤੋਂ ਵੱਧ ਹੈ ਜਦੋਂ ਕਿ ਮਰਨ ਵਾਲਿਆਂ ਦੀ ਸੰਖਿਆ ਇੱਕ ਲੱਖ 34 ਹਜ਼ਾਰ ਤੋਂ ਵੱਧ ਹੋ ਗਈ ਹੈ।