ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਫਰਵਰੀ 2021 ਵਿੱਚ ਤਜਵੀਜ਼ ਆਮ ਚੋਣਾਂ ਲਈ ਦਿੱਲੀ ਸਰਕਾਰ ਵੱਲੋਂ ਮਤਦਾਤਾ ਸੂਚੀ ਬਣਾਉਣ ਦਾ ਕਾਰਜ ਸ਼ੁਰੂ ਕਰਨ ਦੇ ਨਾਲ ਹੀ ਸਿਆਸੀ ਸਰਗਰਮੀਆਂ ਵੱਧ ਗਈਆਂ ਹਨ। ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੀ ਨਵੀਂ ਬਣੀ ਧਾਰਮਿਕ ਪਾਰਟੀ ਜਾਗੋ-ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ) ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਸ਼ਨੀਵਾਰ ਸ਼ਾਮ ਨੂੰ ਆਪਾਤ ਬੈਠਕ ਸੱਦਦੇ ਹੋਏ ਚੋਣ ਕਾਰਜ ਸ਼ੁਰੂ ਕਰਨ ਲਈ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ। ਨਾਲ ਹੀ ਪਾਰਟੀ ਵੱਲੋਂ ਕਮੇਟੀ ਚੋਣਾਂ ਪੁਰੀ ਤਾਕਤ ਨਾਲ ਲੜਦੇ ਹੋਏ ਬਾਦਲਾਂ ਦਾ ਕਬਜ਼ਾ ਦਿੱਲੀ ਕਮੇਟੀ ਤੋਂ ਹਟਾਉਣ ਦਾ ਅਹਿਦ ਵੀ ਲਿਆ। ਜੀਕੇ ਨੇ ਕਿਹਾ ਕਿ ਇਹ ਚੋਣਾਂ ਪੰਥਕ ਬਨਾਮ ਗੈਰ ਪੰਥਕ ਦੇ ਏਜ਼ਂਡੇ ਉੱਤੇ ਲੜੀਆਂ ਜਾਣੀਆਂ ਤੈਅ ਹਨ। ਜਿਨ੍ਹਾਂ ਕਦਰਾਂ-ਕੀਮਤਾਂ ਨੂੰ ਲੈ ਕੇ ਅਕਾਲੀ ਦਲ ਦੀ ਸਥਾਪਨਾ ਹੋਈ ਸੀ, ਅੱਜ ਉਸ ਨੂੰ ਟੀਮ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਿਆਸੀ ਅਤੇ ਵਪਾਰਕ ਹਿਤਾਂ ਲਈ ਛੱਡ ਦਿੱਤਾ ਹੈਂ। ਅਜੋਕੇ ਅਕਾਲੀ ਦਲ ਦੇ ਆਗੂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਚੋਰੀ ਦੇ ਮਾਮਲਿਆਂ ਸਹਿਤ ਅਹਿਮ ਪੰਥਕ ਮਸਲੀਆਂ ਉੱਤੇ ਚੁੱਪ ਰਹਿਨਾ ਆਪਣਾ ਪੰਥਕ ਫ਼ਰਜ਼ ਸਮਝਦੇ ਹਨ। ਆਨੰਦਪੁਰ ਮਤੇ ਅਤੇ ਅੰਮ੍ਰਿਤਸਰ ਐਲਾਨਨਾਮਾ ਹੁਣ ਇਨ੍ਹਾਂ ਦੇ ਏਜ਼ੰਡੇ ਵਿੱਚ ਨਹੀਂ ਹਨ, ਜਦੋਂ ਕਿ ‘ਜਾਗੋ’ ਦਾ ਏਜ਼ੰਡਾ ਸਿਰਫ਼ ਪੰਥ ਦੀ ਬਿਹਤਰੀ ਲਈ ਆਵਾਜ਼ ਬੁਲੰਦ ਕਰਨ ਦਾ ਹੈਂ।
ਜੀਕੇ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਵਿੱਚ ਕਈ ਅਹਿਮ ਮਤੇ ਪਾਸ ਕੀਤੇ ਗਏ। ਜਿਸ ਵਿੱਚ ਬਾਦਲਾਂ ਦੇ ਪੰਥ ਵਿਰੋਧੀ ਮੀਡੀਆ ਅਦਾਰਿਆਂ ਦੇ ਕੁੜ ਪ੍ਰਚਾਰ ਦਾ ਚੋਣਾਂ ਦੇ ਮੌਕੇ ਡਟ ਕੇ ਸਾਹਮਣਾ ਕਰਨ ਲਈ ‘ਜਾਗੋ’ ਦਾ ਪ੍ਰਮਾਣਿਕ ਪੰਥਕ ਖ਼ਬਰਾਂ ਦਾ ‘ਖਬਰੀ ਪਲੇਟਫ਼ਾਰਮ’ ਬਣਾਉਣ ਦਾ ਫ਼ੈਸਲਾ ਮੁੱਖ ਸੀ। ਨਾਲ ਹੀ ਇਸ ਮੌਕੇ ‘ਜਾਗੋ’ ਵਿੱਚ ਰਣਬੀਰ ਸਿੰਘ ਭਾਟੀਆ(ਯਮੁਨਾ ਪਾਰ) ਅਤੇ ਇੰਦਰਜੀਤ ਸਿੰਘ ਅਸਥ (ਵਿਸ਼ਨੂੰ ਗਾਰਡਨ) ਦਾ ਜੀਕੇ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਉੱਤੇ ਸਵਾਗਤ ਕੀਤਾ। ਪਾਰਟੀ ਦੀ ਦਿੱਲੀ ਪ੍ਰਦੇਸ਼ ਅਤੇ ਧਰਮ ਪ੍ਰਚਾਰ ਇਕਾਈ ਦਾ ਜਥੇਬੰਦਕ ਢਾਂਚਾ ਬਣਾਉਣ ਦਾ ਫ਼ੈਸਲਾ ਲੈਣ ਦੇ ਨਾਲ ਹੀ ਬੈਠਕ ਵਿੱਚ ਗੁਰੂ ਗ੍ਰੰਥ ਸਾਹਿਬ ਦੀ 2015 ਵਿੱਚ ਹੋਈ ਬੇਅਦਬੀ ਅਤੇ ਚੋਰੀ ਮਾਮਲਿਆਂ ਦੀ ਜਾਂਚ ਸੀਬੀਆਈ ਦੀ ਬਜਾਏ ਪੰਜਾਬ ਪੁਲਿਸ ਦੀ ਐਸਆਈਟੀ ਵੱਲੋਂ ਕਰਵਾਉਣ ਦਾ ਸਮਰਥਨ ਕੀਤਾ ਗਿਆ। ਪਾਸ ਕੀਤੇ ਗਏ ਮਤਿਆਂ ਵਿੱਚ 2 ਅਕਤੂਬਰ ਨੂੰ ਆ ਰਹੇ ਪਾਰਟੀ ਦੇ ਪਹਿਲੇ ਸਥਾਪਨਾ ਦਿਹਾੜੇ ਉੱਤੇ ‘ਜਾਗੋ’ ਟੀਵੀ ਅਤੇ ‘ਜਾਗੋ’ ਐਪ ਸੰਗਤਾਂ ਨੂੰ ਸਮਰਪਿਤ ਕਰਨਾ, ਯੂਐਪੀਏ ਦੇ ਤਹਿਤ ਸਾਰੇ ਸਿੱਖ ਨੌਜਵਾਨਾਂ ਉੱਤੇ ਪਾਏ ਗਏ ਕੇਸਾਂ ਦੀ ਜਾਂਚ ਲਈ ਸਿੱਖ ਵਕੀਲਾਂ ਦਾ ਪੈਨਲ ਬਣਾ ਕੇ ਨਿਰਦੋਸ਼ ਸਿੱਖਾਂ ਦੀ ਤਲਾਸ਼ ਕਰਨ ਸਣੇ 2016 ਵਿੱਚ ਗੁਰਦੁਆਰਾ ਰਾਮਸਰ ਸਾਹਿਬ ਤੋਂ ਗਾਇਬ ਹੋਏ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਦੇ ਦੋਸ਼ੀਆਂ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਨਾ ਸ਼ਾਮਿਲ ਹਨ।