ਹਿਮਾਚਲ ਦੇ ਇਕ ਪਹਾੜੀ ਪਿੰਡ ਵਿਚ ਇਕ ਗਰੀਬ ਸਿੱਖ ਪਰਿਵਾਰ ਰਹਿੰਦਾ ਸੀ, ਜੋ ਥੌੜੀ ਬਹੁਤੀ ਪਥਰੀਲੀ ਜ਼ਮੀਨ ਵਿਚੋਂ ਹੀ ਆਪਣਾ ਗੁਜ਼ਾਰਾ ਕਰਦਾ ਸੀ। ਸ਼ਾਮ ਦੀ ਠੰਡੀ ਠੰਡੀ ਹਵਾ ਉਹਨਾਂ ਦੇ ਘਰ ਦੀਆ ਢੱਲਵੀਆ ਛੱਤਾ ਜੋ ਟੀਨਾਂ ਨਾਲ ਬਣੀਆਂ ਹੋਈਆਂ ਸਨ ਖੜਕਾ ਰਹੀ ਸੀ, ਸੂਰਜ ਪੱਛਮ ਵਿਚ ਅਸਤ ਹੋ ਚੁੱਕਾ ਸੀ। ਘਰ ਦੇ ਦੋਨੋ ਮੀਆ ਬੀਬੀ, ਘਰ ਦੇ ਅੱਗੇ ਬਣੇ ਮਿੱਟੀ ਦੇ ਚਬੂਤਰੇ ’ਤੇ ਪਏ ਮੰਜੇ ਤੇ ਬੈਠੇ ਰਹਿਰਾਸ ਦਾ ਪਾਠ ਕਰਨ ਲੱਗੇ ਹੋਏ ਸਨ। ਦੋ ਉੱਚੇ ਲੰਮੇ ਗਭਰੂ ਘਰ ਦੇ ਪਿਛਵਾਰੇ ਤੋਂ ਆ ਕੇ ਚਬੂਤਰੇ ਦੇ ਮਿੱਟੀ ਨਾਲ ਲਿਪੇ ਫਰਸ਼ ਤੇ ਚੌਕੜੀਆਂ ਮਾਰ ਕੇ ਬੈਠ ਗਏ ਅਤੇ ਪਾਠ ਸੁੱਣਨ ਲੱਗੇ। ਦੋਹਾਂ ਮੀਆਂ ਬੀਬੀ ਨੇ ਪਾਠ ਕੀਤਾ ਅਤੇ ਅਰਦਾਸ ਲਈ ਖਲੋ ਗਏ। ਅਰਦਾਸ ਕਰਨ ਤੋਂ ਬਾਅਦ ਮਹਿੰਦਰ ਕੌਰ ਨੇ ਆਪਣੇ ਭਤੀਜੇ ਇੰਦਰਪਾਲ ਨੂੰ ਪਛਾਣ ਲਿਆ, ਉਸ ਨੂੰ ਆਪਣੇ ਨਾਲ ਲਾਉਂਦੀ ਬੋਲੀ, “ਤੈਨੂੰ ਕਿਵੇ ਭੂਆ ਦਾ ਚੇਤਾ ਆ ਗਿਆ?”
“ਭੂਆ ਜੀ, ਤੁਹਾਡਾ ਚੇਤਾ ਤਾਂ ਕਦੇ ਭੁਲਿਆ ਹੀ ਨਹੀਂ, ਬੱਸ ਕੰੰਮਾਂ –ਕਾਰਾਂ ਅਤੇ ਪੜ੍ਹਾਈ ਦੇ ਚੱਕਰਾਂ ਵਿਚ ਤੁਹਾਡੇ ਵੱਲ ਆਇਆ ਨਹੀ ਗਿਆ।” ਇੰਦਰਪਾਲ ਨੇ ਭੂਆ- ਫੁੱਫੜ ਦੇ ਗੋਡਿਆਂ ਨੂੰ ਹੱਥ ਲਾਉਂਦੇ ਕਿਹਾ, “ਇਹ ਮੇਰਾ ਦੋਸਤ ਆ ਦਿਲਪ੍ਰੀਤ।”
“ਹਰਬੰਸ ਕੌਰੇ, ਮੁੰਡੇ ਬਹੁਤ ਥੱਕੇ ਲਗਦੇ ਆ।” ਫੁੱਫੜ ਅਮਰੀਕ ਸਿੰਘ ਨੇ ਕਿਹਾ, “ਕੋਈ ਰੋਟੀ ਪਾਣੀ ਦਾ ਇਹਨਾ ਲਈ ਆਹਰ ਕਰ।”
“ਭੂਆ ਜੀ, ਕੁਝ ਖਾਸ ਨਾ ਬਣਾਇਉ।” ਇੰਦਰਪਾਲ ਨੇ ਕਿਹਾ, “ਜੋ ਘਰ ਵਿਚ ਹੈ ਉਹ ਹੀ ਖਾ ਲੈਣਾ ਆ।” “ਭੂਆ ਵਾਰੀ ਜਾਵੇ, ਨਾਂ ਪੁੱਤ ਮੈਨੂੰ ਕਿਤੇ ਚਿਰ ਲੱਗਣਾ ਦੋ ਤਾਜ਼ੀਆਂ ਰੋਟੀਆਂ ਲਾਉਣ ਨੂੰ।” ਹਰਬੰਸ ਕੌਰ ਨੇ ਕਿਹਾ, “ਉਦੋਂ ਤਕ ਤੁਸੀਂ ਨਹਾ ਲਵੋ।”
ਭੂਆ ਨੇ ਭਤੀਜੇ ਦੇ ਚਾਅ ਵਿਚ ਖਾਣ ਲਈ ਬਹੁਤ ਕੁਝ ਬਣਾ ਕੇ ਝੱਟ ਅੱਗੇ ਰੱਖ ਦਿੱਤਾ। ਕਈ ਦਿਨਾਂ ਤੋਂ ਭੁੱਖੇ ਇੰਦਰਪਾਲ ਅਤੇ ਦਿਲਪ੍ਰੀਤ ਨੇ ਰੱਜ ਕੇ ਰੋਟੀ ਖਾਧੀ। ਰਾਤ ਹੁੰਦੀ ਦੇਖ ਕੇ ਅਮਰੀਕ ਸਿੰਘ ਨੇ ਬਾਣ ਦੇ ਮੰਜਿਆਂ ਤੇ ਹਰਬੰਸ ਕੌਰ ਦੇ ਹੱਥ ਦੀਆਂ ਬਣਾਈਆਂ ਦਰੀਆਂ ਅਤੇ ਚਿੱਟੀਆਂ ਦਸੂਤੀ ਨਾਲ ਕੱਢੀਆਂ ਚਾਦਰਾਂ ਵਿਛਾ ਦਿੱਤੀਆਂ। ਬੇਸ਼ੱਕ ਦਿਲਪ੍ਰੀਤ ਅਤੇ ਇੰਦਰਪਾਲ ਥੱੱਕੇ ਹੋਏ ਸਨ ਫਿਰ ਵੀ ਉਹ ਕਾਫੀ ਚੋਕੰਨੇ ਦਿਸਦੇ ਸਨ। ਕਾਨਿਆ ਦੀ ਬਣਾਈ ਰਸੋਈ ਵਿਚ ਹਰਬੰਸ ਕੌਰ ਰੋਟੀ ਵਾਲੇ ਭਾਂਡੇ ਸਾਫ ਕਰਦੀ ਨੂੰ ਅਮਰੀਕ ਸਿੰਘ ਨੇ ਹੌਲੀ ਜਿਹੀ ਜਾ ਕੇ ਕਿਹਾ, “ਹਰਬੰਸ ਕੌਰੇ, ਜਿਥੋਂ ਤਕ ਮੈਨੂੰ ਲਗਦਾ ਆ, ਪਈ ਇਹ ਮੁੰਡੇ ਬਿਪਤਾ ਵਿਚ ਘਿਰੇ ਪਏ ਆ।”
“ਉਹਨਾਂ ਦੇ ਮੂੰਹਾਂ ਤੋਂ ਲੱਗਾ ਤਾਂ ਮੈਨੂੰ ਵੀ ਇਹ ਹੀ ਆ।” ਹਰਬੰਸ ਕੌਰ ਨੇ ਆਪਣੀ ਸ਼ੰਕਾ ਦਸੀ, “ਆ ਪੰਜਾਬ ਤੇ ਟੈਮ ਵੀ ਬਹੁਤ ਮਾੜਾ ਆ।”
“ਆਪਣੇ ਅੰਦਾਜ਼ੇ ਲਾਉਣ ਨਾਲੋ ਚੰਗਾ ਨਹੀ, ਆਪਾਂ ਇਹਨਾ ਨੂੰ ਪੁੱਛ ਹੀ ਲੈਂਦੇ ਹਾਂ”
ਦੋਨੋ ਹੀ ਉਹਨਾਂ ਦੇ ਮੰਜਿਆਂ ਵੱਲ ਨੂੰ ਚਲੇ ਗਏ। ਹਰਬੰਸ ਕੌਰ ਇੰਦਰਪਾਲ ਨਾਲ ਬੈਠ ਗਈ ਅਤੇ ਅਮਰੀਕ ਸਿੰਘ ਦਿਲਪ੍ਰੀਤ ਦੇ ਨਾਲ ਬੈਠਦਾ ਹੋਇਆ ਬੋਲਿਆ, “ਹੋਰ ਸਣਾਉ, ਫਿਰ ਮੁੰਡਿਉ ਤੁਹਾਡਾ ਸ਼ੌਕ- ਪਾਣੀ ਕੀ ਆ।”
“ਜਿਸ ਦਿਨ ਦਾ ਅਕਾਲ ਤੱਖਤ ਤੇ ਹਮਲਾ ਹੋਇਆ।” ਇੰਦਰਪਾਲ ਨੇ ਕਿਹਾ, ਫੁੱਫੜ ਜੀ ਸ਼ੌਕ ਤਾਂ ਉਸ ਦਿਨ ਤੋਂ ਹੀ ਮੁੱਕ ਗਏ।”
“ਹਾਂ ਕਾਕਾ, ਸਰਕਾਰ ਨੇ ਇਹ ਬਹੁਤ ਮਾੜਾ ਕੀਤਾ।” ਅਮਰੀਕ ਸਿੰਘ ਨੇ ਲੰਮਾ ਹਾਉਕਾ ਲੈ ਕੇ ਕਿਹਾ, “ਜੇ ਉਹਨਾ ਦਾ ਭਿੰਡਰਾਵਾਲੇ ਨਾਲ ਟਕਰਾ ਸੀ ਤਾਂ ਸਾਰੀ ਸਿੱਖ ਕੌਮ ਦੇ ਦਿਲ ਕਿਉਂ ਛੱਲਣੀ ਕੀਤੇ।”
“ਫੁੱਫੜ ਜੀ, ਇਹ ਤਾਂ ਸਾਰੇ ਉਹਨਾ ਦੇ ਬਹਾਨੇ ਨੇਂ।” ਦਿਲਪ੍ਰੀਤ ਨੇ ਆਪਣੀ ਚੁੱਪ ਤੋੜਦਿਆਂ ਕਿਹਾ, “ਬਾਕੀ ਹੋਰ ਚਾਲੀ ਗੁਰਦੁਆਰਿਆ ਵਿਚ ਵੀ ਕਿਤੇ ਭਿੰਡਰਾਵਾਲਾ ਸੀ, ਜਿਹੜੇ ਫੌਜ ਨੇ ਤਬਾਹ ਕੀਤੇ।”
“ਜੋ ਕਰਨਾ ਸੀ, ਇਹਨਾਂ ਕਰ ਲਿਆ।” ਹਰਬੰਸ ਕੌਰ ਨੇ ਵੀ ਆਪਣੇ ਦਿਲ ਦਾ ਗੁਬਾਰ ਕੱਢਿਆ, “ਭੌਂਕਣੋ, ਫਿਰ ਨਹੀਂ ਹੱਟਦੇ।”
“ਤੁਹਾਡੀ ਭੂਆ, ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਦੀ ਗੱਲ ਕਰਦੀ ਆ।” ਅਮਰੀਕ ਸਿੰਘ ਨੇ ਹਰਬੰਸ ਕੌਰ ਦੀ ਗੱਲ ਖੋਲ੍ਹਦਿਆ ਕਿਹਾ, “ਉਸ ਨੇ ਬਿਆਨ ਦਿੱਤਾ “ਅੱਤਵਾਦੀਆਂ ਤੇ ਰੋਡ ਰੋਲਰ ਫੇਰ ਕੇ ਇੰਦਰਾ ਗਾਂਧੀ ਨੇ ਦੇਸ਼ ਦੀ ਅਖੰਡਤਾ ਬਚਾ ਕੇ ਦੁਰਗਾ ਦੇਵੀ ਵਾਂਗ ਕਰ ਦਿਖਾਇਆ ਹੈ”।
“ਫੁੱਫੜ ਜੀ, ਇਸ ਤਰ੍ਹਾਂ ਦੀਆਂ ਗੱਲਾਂ ਤਾਂ ਅਨੇਕਾਂ ਫਿਰਕਾਪ੍ਰਸਤ ਕਰ ਰਹੇ ਨੇਂ।” ਇੰਦਰਪਾਲ ਨੇ ਦੱਸਿਆ, “ਜਿਹੜਾ ਅੱਟਲ ਬਿਹਾਰੀ ਬਾਜਪਾਈ ਹੈ ਉਸ ਨੇ ਵੀ ਹਮਲਾ ਕਰਨ ਆਈ ਫੌਜ ਦਾ ਸੁਆਗਤ ਕੀਤਾ।”
“ਉਦਾਂ ਤਾ ਕਾਕਾ, ਮੈਂ ਇਹ ਵੀ ਸੁਣਿਆ।” ਠੰਡਾ ਜਿਹਾ ਹਾਉਕਾ ਭਰਦੇ ਭੂਆ ਨੇ ਦੱਸਿਆ, “ਬਹੁਤ ਲੋਕਾਂ ਨੇ ਸਰਕਾਰ ਦੇ ਸਿਰ ਚੜੁ ਕੇ ਵੱਡੀਆਂ ਵੱਡੀਆਂ ਨੌਕਰੀਆਂ ਨੂੰ ਲੱੱਤ ਵੀ ਮਾਰੀ ਆ। ਆ ਰਾਜਾ, ਜਿਹਨੂੰ ਕਪਤਾਨ ਵੀ ਕਹਿੰਦੇ ਆ।”
“ਅਮਰਿੰਦਰ ਸਿੰਘ।”
“ਆਹੋ।” ਭੂਆ ਨੇ ਅਗਾਂਹ ਗੱਲ ਤੋਰੀ, “ਇਹਨੇ ਆਪਣੀ ਪਾਲਟੀ ਛੱਡ ਦਿੱਤੀ।”
“ਹਾਂ, ਉਸ ਨੇ ਕਾਂਗਰਸ ਛੱਡ ਦਿੱਤੀ।” ਅਮਰੀਕ ਸਿੰਘ ਨੇ ਭੂਆ ਦੀ ਗੱਲ ਪੂਰੀ ਕੀਤੀ, “ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਨੇ ਵੀ ਸਰਕਾਰ ਤੋਂ ਮਿਲੇ ਤਗਮੇ ਵਾਪਸ ਕਰ ਦਿੱਤੇ।”
“ਹਾਂ ਜੀ, ਫੁੱਫੜ ਜੀ।” ਦਿਲਪ੍ਰੀਤ ਨੇ ਕਿਹਾ, “ਜਿਹਨਾ ਦਾ ਹਿਰਦਾ ਇਸ ਘਟਨਾ ਨਾਲ ਟੁਕੜੇ ਟੁਕੜੇ ਹੋਇਆ ਉਹਨਾ ਤਾਂ ਆਪਣੇ ਦਿਲ ਤੋਂ ਉੱਠੀ ਪੀੜ ਦੀ ਅਵਾਜ਼ ਸਰਕਾਰ ਨੂੰ ਵੀ ਸੁਣਾਈ ਅਤੇ ਲੋਕਾਂ ਨੂੰ ਵੀ, ਜਿਵੇ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ, ਜਸਵੰਤ ਸਿੰਘ ਕੰਵਲ, ਸੰਤ ਸਿੰਘ ਸੇਖੋਂ, ਸਾਧੂ ਸਿੰਘ ਹਮਦਰਦ ਅਤੇ ਗੰਡਾ ਸਿੰਘ ਹਿਸਟੋਰੀਅਨ ਸਾਰਿਆ ਨੇ ਮਿਲੇ ਸਰਕਾਰੀ ਸਨਮਾਨ ਸਰਕਾਰ ਦੇ ਮੂੰਹ ਤੇ ਮਾਰੇ ਹਨ।”
“ਨਾਰਵੇ ਦੇ ਰਾਜਦੂਤ ਸਰਦਾਰ ਹਰਿੰਦਰ ਸਿੰਘ, ਅੰਮ੍ਰਿਤਸਰ ਦੇ ਡਿਪਟੀ ਕਮਸ਼ਿਨਰ ਗੁਰਦੇਵ ਸਿੰਘ ਬਰਾੜ ਅਤੇ ਸਿਮਰਨਜੀਤ ਸਿੰਘ ਮਾਨ ਡੀ: ਆਈ ਜੀ ਨੇ ਵੀ ਆਪਣੇ ਅਸਤੀਫੇ ਦੇ ਦਿੱਤੇ।” ਇੰਦਰਪਾਲ ਨੇ ਦੱਸਿਆ, “ਸਰਦਾਰ ਚਰਨਜੀਤ ਸਿੰਘ ਕੋਕਾ ਕੋਲਾ ਨੇ ਵੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ।”
“ਜਿਨਾ ਦੀਆਂ ਰਗਾਂ ਵਿਚ ਅਣਖ-ਇੱਜ਼ਤ ਅਤੇ ਧਾਰਮਿਕ ਅਸਥਾਨਾਂ ਲਈ ਸ਼ਰਧਾ ਵਾਲਾ ਖੂਨ ਦੋੜਦਾ ਸੀ, ਉਹਨਾ ਆਪਣੇ ਆਪਣੇ ਢੰਗਾ ਨਾਲ ਸਰਕਾਰ ਨੂੰ ਰੋਸ ਪ੍ਰਗਟਾਵਾ ਕੀਤਾ।” ਅਮਰੀਕ ਸਿੰਘ ਨੇ ਕਿਹਾ, “ਕਾਕਾ, ਹੁਣ ਤਾਂ ਰਹਿੰਦੀ ਦੁਨੀਆ ਤਕ ਕੌਮ ਇਹਨਾਂ ਅਣਖੀਲਆਂ ਨੂੰ ਯਾਦ ਰੱਖੂ।”
“ਕਈ ਅਘ੍ਰਿਤਘਣਾ ਨੂੰ ਤਾ ਹੁਣੇ ਹੀ ਭੁਲ ਗਿਆ।” ਦਿਲਪ੍ਰੀਤ ਨੇ ਕਿਹਾ, “ਰਹਿੰਦੇ ਪੰਜਾਬ ਵਿਚ ਆ, ਖਾਂਦੇ ਪੰਜਾਬ ਦਾ ਤਾਂ ਕਹਿੰਦੇ ਅਸੀ ਪੰਜਾਬੀ ਨਹੀ।”
“ਪੁੱਤ, ਗੋਲੀ ਮਾਰੋ ਇਹਨਾ ਨੂੰ।” ਭੂਆ ਨੇ ਕਿਹਾ, ” ਛੱਡੋ ਅਜਿਹੇ ਅਘ੍ਰਿਤਘਣਾ ਦੀਆਂ ਗੱਲਾਂ, ਤੁਸੀ ਦੱਸੋ, ਕਿਹੜੇ ਵਕਤ ਵਿਚ ਫਸੇ ਹੋ।”
“ਭੂਆ ਜੀ, ਤਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਸੀਂ ਕਿਸੇ ਵਕਤ ਵਿਚ ਹਾਂ।” ਇੰਦਰਪਾਲ ਨੇ ਮਿੰਨੀ ਜਿਹੀ ਮੁਸਕ੍ਰਾਟ ਲਿਆਉਦਿਆਂ ਪੁੱਛਿਆ, “ਆਪਣੇ ਵਲੋਂ ਤਾਂ ਅਸੀ ਤੁਹਾਡੇ ਕੋਲੋ ਸਭ ਕੁਝ ਲੁਕਾ ਹੀ ਰਹੇ ਸੀ।”
“ਕਾਕਾ, ਦਾਈਆਂ ਤੋਂ ਪੇਟ ਕਿਤੇ ਗੁਝੇ ਰਹਿੰਦੇ ਆ।” ਹਰਬੰਸ ਕੌਰ ਨੇ ਆਪਣੇ ਵਾਲਾਂ ਨੂੰ ਹੱਥ ਲਾਉਂਦੇ ਕਿਹਾ, “ਆਹ ਕੇਸ ਧੁੱਪ ਵਿਚ ਨਹੀ ਸਫੈਦ ਹੋਏ।”
“ਪੁਲੀਸ ਦਿਲਪ੍ਰੀਤ ਦੇ ਮਗਰ ਪਈ ਹੋਈ ਆ।” ਇੰਦਰਪਾਲ ਨੇ ਸੱਚ ਕਿਹਾ, “ਇਸ ਨੂੰ ਲਕਾਉਂਣ ਲਈ ਮੈਂ ਤੁਹਾਡੇ ਵੱਲ ਆਇਆ।”
“ਉਹ ਤਾਂ ਜੀ ਸਦਕੇ, ਤੁਸੀ ਲੱਖ ਵਾਰੀ ਆਉ।” ਹਰਬੰਸ ਕੌਰ ਨੇ ਕਿਹਾ, “ਪਰ ਪੁਲੀਸ ਮਗਰ ਕਿਉਂ ਪਈ ਹੋਈ ਆ?”
“ਇਹ ਅੰਮ੍ਰਿਤਸਰ ਬਹੁਤ ਜਾਂਦਾ ਸੀ।” ਇੰਦਰਪਾਲ ਨੇ ਕਿਹਾ, “ਸੱਚ ਦੱਸਾਂ, ਇਹ ਭਿੰਡਰਵਾਲੇ ਦਾ ਪੈਰੋਕਾਰ ਵੀ ਹੈ, ਇਸੇ ਕਰਕੇ ਪੁਲੀਸ ਇਸ ਨੂੰ ਲੱਭਦੀ ਫਿਰਦੀ ਆ।”
ਇਸ ਤਰ੍ਹਾਂ ਇੰਦਰਪਾਲ ਅਤੇ ਦਿਲਪ੍ਰੀਤ ਨੇ ਭੂਆ ਫੁਫੜ ਤੇ ਯਕੀਨ ਕਰਦਿਆ ਸਾਰੀਆਂ ਗੱਲਾਂ ਖੁੱਲ੍ਹ ਕੇ ਕੀਤੀਆਂ। ਇਹ ਵੀ ਦੱਸਿਆ ਕਿ ਦਿਲਪ੍ਰੀਤ ਪੁਲੀਸ ਤੋਂ ਲੁਕਿਆ ਬਹੁਤ ਦੇਰ ਤੋਂ ਆਪਣੇ ਪਿੰਡ ਵੱਲ ਵੀ ਨਹੀ ਗਿਆ, ਪੁਲੀਸ ਨੇ ਝੱਟ ਪਿੰਡ ਨੂੰ ਘੇਰਾ ਪਾ ਲੈਣਾ ਹੈ, ਪਰ ਦਿਲਪ੍ਰੀਤ ਨੂੰ ਇਸ ਗੱਲ ਦਾ ਵੀ ਬਹੁਤ ਫਿਕਰ ਹੈ ਕਿ ਉਸ ਦੇ ਮਾਪੇ ਦਿਲਪ੍ਰੀਤ ਦੀ ਚਿੰਤਾ ਵਿਚ ਮਰ ਰਹੇ ਹੋਣਗੇ। ਦਿਲਪ੍ਰੀਤ ਦੇ ਵਿਆਹ ਬਾਰੇ ਵੀ ਦਸਿਆ, ਜੋ ਹੁਣ ਕਿਸੇ ਵੀ ਹਾਲਾਤਾਂ ਵਿਚ ਕਰਨਾ ਔਖਾ ਹੈ। ਸਾਰੀ ਗੱਲ ਸੁਣ ਕੇ ਹਰਬੰਸ ਕੌਰ ਅਤੇ ਅਮਰੀਕ ਸਿੰਘ ਉਦਾਸ ਜਿਹੇ ਹੋ ਗਏ, ਪਰ ਉਹਨਾ ਦੀ ਮੱਦਦ ਵੀ ਕਰਨੀ ਚਾਹੁੰਦੇ ਸੀ। ਫਿਕਰ ਕਰਦਿਆ ਹਰਬੰਸ ਕੌਰ ਨੇ ਕਿਹਾ, “ਦਿਲਪ੍ਰੀਤ ਦੀ ਮੰਗੇਂਤਰ ਤੇ ਉਹਦੇ ਘਰ ਦੇ ਵੀ ਤਾਂ ਪਰੇਸ਼ਾਨੀ ਵਿਚ ਹੀ ਹੋਣਗੇ।”
“ਇਹ ਆਪਣੀ ਮੰਗੇਤਰ ਨੂੰ ਚਿੱਠੀ ਲਿਖਣੀ ਚਾਹੁੰਦਾ ਸੀ।” ਇੰਦਰਪਾਲ ਨਂ ਕਿਹਾ, “ਪਰ ਮੈਂ ਮਨ੍ਹਾਂ ਕਰ ਦਿੱਤਾ, ਕਿ ਜੇ ਪੁਲੀਸ ਦੇ ਹੱਥ ਚਿੱਠੀ ਲੱਗ ਗਈ ਤਾਂ ਇਹਦੇ ਸਹੁਰਿਆਂ ਨੂੰ ਵੀ ਵਕਤ ਪਾਊ।”
ਥੌੜਾ ਚਿਰ ਸਾਰਿਆ ਵਿਚ ਚੁੱਪ ਛਾਈ ਰਹੀ ਅਤੇ ਸਾਰੇ ਆਪਣੇ ਦਿਮਾਗਾ ਵਿਚ ਇਸ ਮੁਸੀਬਤ ਦਾ ਕੋਈ ਹੱਲ ਕੱਢਣ ਦਾ ਢੰਗ ਸੋਚਣ ਲੱਗੇ ਤਾਂ ਇੰਦਰਪਾਲ ਨੇ ਕਿਹਾ, “ਮੈਂ ਸੋਚਦਾ ਸੀ ਕਿ ਮੈਂ ਹੀ ਦਿਲਪ੍ਰੀਤ ਦੇ ਪਿੰਡ ਜਾ ਕੇ ਉਹਨਾ ਨੂੰ ਇੰਨਾ ਤਾਂ ਦੱਸ ਆਵਾਂ ਕਿ ਦਿਲਪ੍ਰੀਤ ਦਾ ਕੋਈ ਫਿਕਰ ਨਾਂ ਕਰਨ ਉਹ ਠੀਕ-ਠਾਕ ਹੈ।”
“ਪੁਲੀਸ ਤੇਰੇ ਮਗਰ ਵੀ ਪੈ ਸਕਦੀ ਆ।” ਅਮਰੀਕ ਸਿੰਘ ਨੇ ਕਿਹਾ, “ਨਾਲ੍ਹੇ ਅਜੇ ਵੀ ਪੁਲੀਸ ਦੀ ਨਿਗਹ ਦਿਲਪ੍ਰੀਤ ਦੇ ਘਰ ਤੇ ਜ਼ਰੂਰ ਹੋਵੇਗੀ, ਕੌਣ ਆਉਂਦਾ- ਜਾਂਦਾ ਹੈ।”
“ਕਾਕਾ, ਤੂੰ ਨਾਂ ਜਾਂਈ ਦਿਲਪ੍ਰੀਤ ਦੇ ਘਰ।” ਹਰਬੰਸ ਕੌਰ ਨੇ ਫਿਕਰ ਕਰਦਿਆਂ ਕਿਹਾ, “ਸਾਨੂੰ ਤਾਂ ਤੂੰ ਮਸੀ ਲੱਭਾ ਸੀ, ਜਾਹ ਜਾਂਦੀ ਦੀ ਕੋਈ ਗੱਲ ਹੋ ਜਾਵੇ ਅਸੀ ਤਾਂ ਜਿਊਂਦੇ ਹੀ ਮਰ ਜਾਵਾਂਗੇ।”
ਦਿਲਪ੍ਰੀਤ ਦੇ ਮਾਪਿਆਂ ਨੂੰ ਕਿਵੇ ਦੱਸਿਆ ਜਾਵੇ, ਕੋਣ ਦੱਸਣ ਜਾਵੇ ਇਹ ਵਿਉਂਤਾਂ ਬਣਾਉਦਿਆਂ ਕਿੰਨੀ ਦੇਰ ਇਕ ਦੂਜੇ ਨਾਲ ਸਲਾਹ- ਮਸ਼ਵਰਾ ਕਰਦੇ ਰਹੇ। ਅਖੀਰ ਚੋਂਹਾਂ ਦੀ ਇਹ ਹੀ ਸਲਾਹ ਬਣੀ ਕਿ ਹਰਬੰਸ ਕੌਰ ਮੁਖਤਿਆਰ ਦੇ ਘਰ ਜਾਵੇ ਤੇ ਦਿਲਪ੍ਰੀਤ ਦੀ ਰਾਜ਼ੀ-ਖੁਸ਼ੀ ਬਾਰੇ ਦੱਸ ਆਵੇ। ਗੱਲਾਂ ਕਰਦਿਆਂ ਖੜਕਾ ਜਿਹਾ ਸੁਣਿਆ ਤਾਂ ਸਾਰੇ ਸਾਵਧਾਨ ਜਿਹੇ ਹੋ ਗਏ।
“ਠਹਿਰੋ, ਮੈਂ ਦੇਖਦਾ ਹਾਂ ਕੌਣ ਆ?” ਅਮਰੀਕ ਸਿੰਘ ਨੇ ਕਿਹਾ।
ਉਹ ਘਰ ਦੇ ਸਾਹਮਣੇ ਜੋ ਵਾੜਾ ਸੀ, ਉਸ ਵੱਲ ਗਿਆ ਤਾਂ ਦੇਖਿਆ ਕਿ ਇਕ ਅਵਾਰਾ ਗਾਂ ਵਾੜੇ ਦੇ ਅੰਦਰ ਦਾਖਲ ਹੋ ਗਈ ਹੈ। ਅਮਰੀਕ ਸਿੰਘ ਨੇ ਉਸ ਨੂੰ ਵਾੜੇ ਤੋਂ ਬਾਹਰ ਕੱਢ ਕੇ ਛਿਟੀਆਂ ਦਾ ਬਣਿਆ ਖਿੜਕਾ ਬੰਦ ਕਰ ਦਿੱਤਾ।
“ਹਰਬੰਸ ਕੌਰੇ, ਤੂੰ ਤ੍ਰਕਾਲ੍ਹੀਂ ਖਿੜਕੇ ਦੀ ਕੂੰਡੀ ਨਹੀਂ ਸੀ ਲਾਈ।” ਅਮਰੀਕ ਸਿੰਘ ਨੇ ਦੱਸਿਆ, “ਅਵਾਰਾ ਗਾਂ ਅੰਦਰ ਆ ਗਈ ਸੀ।”
“ਮੈਂ ਤਾਂ ਸੋਚਿਆ ਕਿ ਕਿਤੇ ਪੁਲੀਸ ਹੀ ਨਾਂ ਹੋਵੇ।” ਇੰਦਰਪਾਲ ਨੇ ਕਿਹਾ।
“ਪੁਲੀਸ ਦਾ ਤਾਂ ਇੱਥੇ ਪ੍ਰਛਾਵਾਂ ਵੀ ਨਹੀਂ ਆ ਸਕਦਾ।” ਹਰਬੰਸ ਕੌਰ ਨੇ ਪਤਾ ਨਹੀ ਕਿਸ ਭਰੋਸੇ ਤੇ ਇਹ ਗੱਲ ਕਹੀ, “ਮੈ ਦੁੱਧ ਤੱਤਾ ਕਰਕੇ ਲੈ ਕੇ ਆਉਂਦੀ ਹਾਂ, ਦੁੱਧ ਪੀ ਕੇ ਤੁਸੀਂ ਅਰਾਮ ਨਾਲ ਸੋਂ ਜਾਵੋ।”
ਦਿਲਪ੍ਰੀਤ ਅਤੇ ਇੰਦਰਪਾਲ ਨੇ ਤੜਕੇ ਉੱਠ ਕੇ ਇਸ਼ਨਾਨ ਕਰ ਲਿਆ। ਗੋਹੇ ਮਿਟੀ ਨਾਲ ਲਿੱਪੇ ਵਿਹੜੇ ਵਿਚ ਬੋਰੀ ਵਿਛਾ ਕੇ ਆਪਣਾ ਨਿਤਨੇਮ ਕਰ ਲਿਆ। ਹਰਬੰਸ ਕੌਰ ਨੇ ਘਰ ਦੇ ਸਾਰੇ ਕੰੰਮ ਮੁਕਾ ਲਏ। ਅਮਰੀਕ ਸਿੰਘ ਅਤੇ ਪਰਾਹੁਣਿਆ ਲਈ ਪਰਾਉਂਠੇ ਬਣਾ ਕੇ ਛਾਬੇ ਵਿਚ ਰੱਖ ਦਿੱਤੇ। ਪਿੱਤਲ ਦੇ ਪਤੀਲੇ ਵਿਚ ਚਾਹ ਬਣਾ ਕੇ ਰੱਖ ਦਿੱਤੀ। ਦੋ ਪਰਾਂਉਂਠਿਆ ਵਿਚ ਅੰਬ ਦਾ ਅਚਾਰ ਰੱਖ ਕੇ ਆਪਣੇ ਲਈ ਲਪੇਟ ਲਏ ਤਾਂ ਅਮਰੀਕ ਸਿੰਘ ਨੇ ਅਵਾਜ਼ ਮਾਰੀ, “ਹਰਬੰਸ ਕੌਰੇ ਛੇਤੀ ਕਰ ਲਾ, ਹੋਰ ਨਾ ਕਿਤੇ ਬੱਸ ਹੀ ਨਿਕਲ ਜਾਵੇ।”
ਹਰਬੰਸ ਕੌਰ ਨੇ ਛੇਤੀ ਛੇਤੀ ਕਿਲੀ ਟੰਗਿਆ ਨਵਾਂ ਸੂਟ ਪਾ ਲਿਆ, ਤੁਰਨ ਲੱਗੀ ਨੇ ਕਿਹਾ, “ਕਾਕਾ, ਬੇਫਿਕਰੇ ਹੋ ਕੇ ਰਹਿਉ, ਜੇ ਮੈਨੂੰ ਵੇਲੇ ਨਾਲ ਗੱਡੀ ਮਿਲਦੀ ਰਹੀ ਤਾਂ ਮੈਂ ਸ਼ਾਮ ਨੂੰ ਹੀ ਮੁੜ ਆਉਣਾ ਆ। ਚਾਹ ਨਾਲ ਪਰਾਉਂਠੇ ਵੀ ਲੈ ਲਿਉ।”
ਅਮਰੀਕ ਸਿੰਘ ਹਰਬੰਸ ਕੌਰ ਨੂੰ ਲੈ ਕੇ ਬੱਸ ਅੱਡੇ ਵੱਲ ਚਲਾ ਗਿਆ ਅਤੇ ਦਿਲਪ੍ਰੀਤ ਤੇ ਇੰਦਰਪਾਲ ਚਾਹ ਪੀਣ ਲੱਗ ਪਏ।
ਹੱਕ ਲਈ ਲੜਿਆ ਸੱਚ – (ਭਾਗ-54)
This entry was posted in ਹੱਕ ਲਈ ਲੜਿਆ ਸੱਚ.