ਫ਼ਤਹਿਗੜ੍ਹ ਸਾਹਿਬ – “ਸਾਨੂੰ ਆਪਣੀ ਪਾਰਟੀ ਦੇ ਅੰਮ੍ਰਿਤਸਰ ਦੇ ਅਤਿ ਭਰੋਸੇਯੋਗ ਵਸੀਲਿਆਂ ਤੋਂ ਇਹ ਪੱਕੀ ਜਾਣਕਾਰੀ ਮਿਲੀ ਹੈ ਕਿ ਸ. ਅਮਰਜੀਤ ਸਿੰਘ ਚਾਵਲਾ ਜੋ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਅਤੇ ਬਾਦਲ ਪਰਿਵਾਰ ਦੇ ਇਸ ਲਈ ਚਹੇਤੇ ਹਨ ਕਿਉਂਕਿ ਉਹ ਉਨ੍ਹਾਂ ਦੇ ਹਰ ਤਰ੍ਹਾਂ ਦੇ ਗੈਰ-ਧਾਰਮਿਕ ਅਤੇ ਗੈਰ-ਸਮਾਜਿਕ ਕੰਮਾਂ ਵਿਚ ਮੋਹਰੀ ਰਹਿੰਦੇ ਹਨ । ਉਹ 2011 ਤੋਂ ਕੇਵਲ ਸ੍ਰੀ ਦਰਬਾਰ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਵਿਖੇ ਕਮਰਾ ਨੰਬਰ 3 ਅਤੇ 4 ਉਤੇ ਪੱਕੇ ਤੌਰ ਤੇ ਜਿੰਦੇ ਲਗਾਕੇ ਕਬਜਾ ਜਮਾਈ ਬੈਠੇ ਹਨ ਅਤੇ ਇਨ੍ਹਾਂ ਕਮਰਿਆਂ ਦੀ ਦੁਰਵਰਤੋਂ ਕਰਦੇ ਆ ਰਹੇ ਹਨ । ਇਸਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਡੀ ਨੰਬਰ ਪੀ.ਬੀ. 02 ਸੀ.ਯੂ. 4941 ਦੀ ਵੀ ਨਿਰੰਤਰ ਦੁਰਵਰਤੋਂ ਕਰਦੇ ਆ ਰਹੇ ਹਨ । ਇਸ ਗੱਡੀ ਨੂੰ ਐਸ.ਜੀ.ਪੀ.ਸੀ. ਦਾ ਡਰਾਈਵਰ ਵਿਕਰਮ ਸਿੰਘ ਚਲਾਉਦਾ ਹੈ । ਜੋ ਐਸ.ਜੀ.ਪੀ.ਸੀ. ਦੇ ਖਾਤੇ ਵਿਚੋਂ 20 ਹਜ਼ਾਰ ਦੇ ਕਰੀਬ ਤਨਖਾਹ ਪ੍ਰਾਪਤ ਕਰ ਰਿਹਾ ਹੈ । ਇਸੇ ਤਰ੍ਹਾਂ ਸ. ਲਵਪ੍ਰੀਤ ਸਿੰਘ ਜੋ ਧਰਮ ਪ੍ਰਚਾਰ ਕਮੇਟੀ ਵਿਚ ਮੁਲਾਜ਼ਮ ਹੈ, ਉਹ ਬਤੌਰ ਪੀ.ਏ. ਸ. ਚਾਵਲਾ ਉਨ੍ਹਾਂ ਦੇ ਨਾਲ ਰਹਿ ਰਿਹਾ ਹੈ । ਇਹ ਵੀ ਐਸ.ਜੀ.ਪੀ.ਸੀ. ਦੀ ਤਨਖਾਹ ਪ੍ਰਾਪਤ ਕਰ ਰਿਹਾ ਹੈ । ਇਥੋਂ ਤੱਕ ਵਰਤੀ ਜਾ ਰਹੀ ਉਪਰੋਕਤ ਗੱਡੀ ਵਿਚ ਤੇਲ ਵੀ ਐਸ.ਜੀ.ਪੀ.ਸੀ. ਦੇ ਖਾਤੇ ਵਿਚੋਂ ਹੀ ਪਵਾਇਆ ਜਾਂਦਾ ਹੈ । ਅਜਿਹੇ ਦੁੱਖਦਾਇਕ ਅਮਲ ਪ੍ਰਤੱਖ ਕਰਦੇ ਹਨ ਕਿ ਐਸ.ਜੀ.ਪੀ.ਸੀ. ਦੇ ਕੌਮੀ ਅਦਾਰੇ ਵਿਚ ਇਸ ਤਰ੍ਹਾਂ ਦੇ ਲੋਕ ਸਾਧਨਾਂ ਅਤੇ ਖਜਾਨੇ ਦੀ ਨਿਰੰਤਰ ਦੁਰਵਰਤੋਂ ਕਰਦੇ ਆ ਰਹੇ ਹਨ । ਜਿਨ੍ਹਾਂ ਅਧਿਕਾਰੀਆਂ ਨੇ ਜਾਣਦੇ ਹੋਏ ਵੀ ਅਜਿਹਾ ਕਰਨ ਦੀ ਅਜਿਹੇ ਅਨਸਰਾਂ ਨੂੰ ਖੁੱਲ੍ਹ ਦਿੱਤੀ ਹੋਈ ਹੈ, ਉਹ ਸ. ਚਾਵਲਾ ਵਰਗੇ ਮੈਬਰਾਂ ਦੇ ਨਾਲ ਬਰਾਬਰ ਦੇ ਦੋਸ਼ੀ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹੋਇਆ ਇਸ ਹੋ ਰਹੇ ਗੈਰ ਕਾਨੂੰਨੀ ਅਮਲਾਂ ਨੂੰ ਤੁਰੰਤ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਤੋਂ ਮੰਗ ਕਰਦਾ ਹੈ ਕਿ ਅਜਿਹੇ ਘਪਲਿਆਂ, ਕੌਮੀ ਸਾਧਨਾਂ ਤੇ ਖਜਾਨੇ ਦੀ ਲੰਮੇ ਸਮੇਂ ਤੋਂ ਹੁੰਦੀ ਆ ਰਹੀ ਦੁਰਵਰਤੋਂ ਤੁਰੰਤ ਬੰਦ ਕੀਤੀ ਜਾਵੇ ਅਤੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਲੰਮੇ ਸਮੇਂ ਤੋਂ ਉਤਪੰਨ ਹੋ ਚੁੱਕੀਆ ਖਾਮੀਆ ਨੂੰ ਸੰਜ਼ੀਦਗੀ ਨਾਲ ਦੂਰ ਕੀਤਾ ਜਾਵੇ । ਤਾਂ ਕਿ ਐਸ.ਜੀ.ਪੀ.ਸੀ. ਵਰਗੀ ਸਿੱਖ ਕੌਮ ਦੀ ਪਾਰਲੀਮੈਟ ਦੀ ਕੁਰਬਾਨੀਆ ਉਪਰੰਤ ਹੋਂਦ ਵਿਚ ਆਈ ਸੰਸਥਾ ਆਪਣੀਆ ਧਾਰਮਿਕ ਜ਼ਿੰਮੇਵਾਰੀਆਂ ਨੂੰ ਜਿਥੇ ਬਾਖੂਬੀ ਪੂਰਨ ਕਰ ਸਕੇ, ਉਥੇ ਇਸ ਉਤੇ ਲੱਗੇ ਦਾਗਾਂ ਦਾ ਅੰਤ ਹੋ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਐਸ.ਜੀ.ਪੀ.ਸੀ. ਦੀ ਸੰਸਥਾ ਵਿਚ ਕਈ ਮੈਬਰਾਂ ਅਤੇ ਅਹੁਦੇਦਾਰਾਂ ਵੱਲੋਂ ਸਾਧਨਾਂ ਅਤੇ ਖਜਾਨੇ ਦੀ ਵੱਡੇ ਪੱਧਰ ਤੇ ਹੋ ਰਹੀ ਦੁਰਵਰਤੋਂ ਵਿਰੁੱਧ ਸਖਤ ਨੋਟਿਸ ਲੈਦੇ ਹੋਏ ਅਤੇ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਨੂੰ ਇਸ ਦਿਸ਼ਾ ਵੱਲ ਸੰਜ਼ੀਦਗੀ ਨਾਲ ਫੌਰੀ ਕਦਮ ਉਠਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਕ ਅਖ਼ਬਾਰ ਦੇ ਪ੍ਰਤੀਨਿਧ ਨੇ ਜਦੋਂ ਸ. ਅਮਰਜੀਤ ਸਿੰਘ ਚਾਵਲਾ ਨੂੰ ਇਨ੍ਹਾਂ ਕਮਰਿਆ ਤੇ ਗੱਡੀ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਸ. ਚਾਵਲਾ ਵੱਲੋਂ ਦਾਅਵੇ ਨਾਲ ਇਹ ਕਹਿਣਾ ਕਿ ਮੈਂ ਐਸ.ਜੀ.ਪੀ.ਸੀ. ਮੈਬਰ ਹਾਂ, ਬਾਹਰ ਬੈਠਕੇ ਥੋੜਾ ਕੰਮ ਕਰਾਂਗਾ ਅਤੇ ਐਸ.ਜੀ.ਪੀ.ਸੀ. ਦੀ ਗੱਡੀ ਵਰਤਣਾ ਮੇਰਾ ਹੱਕ ਹੈ । ਜੇਕਰ ਇਸ ਕੀਤੇ ਗਏ ਦਾਅਵੇ ਨੂੰ ਕੁਝ ਪਲਾ ਲਈ ਪ੍ਰਵਾਨ ਵੀ ਕਰ ਲਿਆ ਜਾਵੇ ਤਾਂ ਸ. ਚਾਵਲਾ ਤੇ ਐਸ.ਜੀ.ਪੀ.ਸੀ. ਦੇ ਪ੍ਰਬੰਧਕਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਐਸ.ਜੀ.ਪੀ.ਸੀ. ਦੇ 190 ਮੈਬਰ ਹਨ, ਜੇਕਰ ਸ. ਚਾਵਲਾ ਨੂੰ ਪੱਕੇ ਤੌਰ ਤੇ ਦੋ ਕਮਰਿਆ ਨੂੰ ਜਿੰਦਰਾ ਲਗਾਉਣ ਅਤੇ ਐਸ.ਜੀ.ਪੀ.ਸੀ. ਦੀ ਗੱਡੀ ਵਰਤਨ ਦਾ ਅਧਿਕਾਰ ਹੈ ਤਾਂ ਦੂਸਰੇ ਮੈਬਰਾਂ ਨੂੰ ਵੀ ਇਹ ਕਮਰੇ ਦੇਣ ਲਈ 380 ਕਮਰੇ ਅਤੇ 190 ਇਨੋਵਾ ਗੱਡੀਆਂ ਦਾ ਪ੍ਰਬੰਧ ਕਰਨਾ ਪਵੇਗਾ । ਅਸੀਂ ਇਨ੍ਹਾਂ ਗੈਰ ਦਲੀਲ ਤੇ ਗੈਰ ਧਾਰਮਿਕ ਢੰਗ ਨਾਲ ਕੰਮ ਕਰਨ ਵਾਲੇ ਐਸ.ਜੀ.ਪੀ.ਸੀ. ਦੇ ਉਨ੍ਹਾਂ ਮੈਬਰਾਂ ਜਿਨ੍ਹਾਂ ਦੀ ਜਿੰਮੇਵਾਰੀ ਆਪੋ-ਆਪਣੇ ਇਲਾਕਿਆ ਵਿਚ ਧਰਮ ਪ੍ਰਚਾਰ ਕਰਵਾਉਣ, ਜਿਥੇ ਵੀ ਕੋਈ ਗੁਰੂ ਸਾਹਿਬਾਨ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਰੁੱਧ ਅਪਮਾਨਜਨਕ ਪ੍ਰਚਾਰ ਹੋਵੇ ਉਥੇ ਦਲੀਲ ਅਤੇ ਕੌਮੀ ਸ਼ਕਤੀ ਰਾਹੀ ਜੁਆਬ ਦੇਣ ਅਤੇ ਆਪਣੀਆ ਕੌਮੀ ਧਰਮੀ ਅੱਛਾਈਆ ਨੂੰ ਪ੍ਰਗਟਾਉਣ ਦੀ ਜ਼ਿੰਮੇਵਾਰੀ ਹੈ ਅਤੇ ਜਿਨ੍ਹਾਂ ਵਿਚ ਸਿੱਖੀ ਅਤੇ ਮਨੁੱਖਤਾ ਦੀ ਸੇਵਾ ਵਾਲੇ ਗੁਣ ਹੋਣੇ ਚਾਹੀਦੇ ਹਨ, ਉਹ ਆਪਣੀਆ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰੀ ਕਰਨ ਦੀ ਬਜਾਇ ਇਸ ਤਰ੍ਹਾਂ ਕੌਮੀ ਸਾਧਨਾਂ ਅਤੇ ਖਜਾਨੇ ਦੀ ਦੁਰਵਰਤੋਂ ਕਰਕੇ ਸਮਾਜ ਅਤੇ ਕੌਮ ਨੂੰ ਕੀ ਅਗਵਾਈ ਦੇ ਰਹੇ ਹਨ ? ਸ. ਮਾਨ ਨੇ ਸਮੁੱਚੀ ਐਸ.ਜੀ.ਪੀ.ਸੀ. ਦੇ ਪ੍ਰਬੰਧਕਾਂ ਤੇ ਮੁਲਾਜ਼ਮਾਂ ਨੂੰ ਜੋਰਦਾਰ ਗੁਜਾਰਿਸ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੇਵਾ ਗੁਰੂ ਸਾਹਿਬ ਨੇ ਬਹੁਤ ਵੱਡੀ ਲਗਾਈ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਇਨ੍ਹਾਂ ਵਿਚੋਂ ਬਹੁਗਿਣਤੀ ਕੌਮੀ ਸਰਮਾਏ ਅਤੇ ਖਜਾਨੇ ਦੀ ਦੁਰਵਰਤੋਂ ਕਰਨ ਅਤੇ ਐਸ.ਜੀ.ਪੀ.ਸੀ. ਵਰਗੀ ਸੰਸਥਾਂ ਨੂੰ ਦਾਗੀ ਕਰਨ ਵਿਚ ਮਸਰੂਫ ਹੋਈ ਪਈ ਹੈ ਜੋ ਸਿੱਖ ਕੌਮ ਲਈ ਸਹਿਯੋਗ ਨਹੀਂ । ਜਿੰਨੀ ਜਲਦੀ ਹੋਵੇ ਇਨ੍ਹਾਂ ਖਾਮੀਆ ਨੂੰ ਦੂਰ ਕਰਕੇ ਸਹੀ ਪ੍ਰਬੰਧ ਦਿੱਤਾ ਜਾਵੇ ।