ਫ਼ਤਹਿਗੜ੍ਹ ਸਾਹਿਬ – “ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸੈਂਟਰ ਵਿਚ ਭਾਂਵੇ ਬੀਜੇਪੀ, ਕਾਂਗਰਸ ਜਾਂ ਹੋਰ ਜਮਾਤਾਂ ਵਿਚੋਂ ਕਿਸੇ ਦੀ ਵੀ ਸਰਕਾਰ ਹੋਵੇ, ਉਸ ਸਰਕਾਰ ਵਿਚ ਹਿੰਦੂ ਕੱਟੜਵਾਦੀ ਸੋਚ ਦੇ ਧਾਰਨੀ ਲੋਕਾਂ ਦਾ ਹੀ ਬੋਲਬਾਲਾ ਹੁੰਦਾ ਹੈ । ਹੁਣ ਤੱਕ ਦੀਆਂ ਸਭ ਸੈਂਟਰ ਦੀਆਂ ਸਰਕਾਰਾਂ ਨੇ ਘੱਟ ਗਿਣਤੀ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆਂ, ਆਦਿਵਾਸੀਆਂ, ਕਬੀਲਿਆਂ ਨਾਲ ਨਿਰੰਤਰ ਵੱਡੇ ਵਿਧਾਨਿਕ ਅਤੇ ਸਮਾਜਿਕ ਧੋਖੇ-ਫਰੇਬ ਹੀ ਕਰਦੇ ਆ ਰਹੇ ਹਨ । ਇਸ ਮੁਤੱਸਵੀ ਸੋਚ ਅਧੀਨ ਹੀ ਹੁਕਮਰਾਨਾਂ ਨੇ ਪਹਿਲੇ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਢਹਿ-ਢੇਰੀ ਕੀਤੇ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨਿਰਦੋਸ਼ ਸਰਧਾਲੂ ਸਿੱਖਾਂ ਦਾ ਕਤਲੇਆਮ ਕੀਤਾ । ਅਕਤੂਬਰ 1984 ਵਿਚ ਸਿੱਖ ਕੌਮ ਦੇ ਹੋਏ ਕਤਲੇਆਮ ਅਤੇ ਨਸ਼ਲਕੁਸੀ ਸਮੇਂ ਇਹ ਸਭ ਜਮਾਤਾਂ ਇਕ ਸਨ । ਫਿਰ 06 ਦਸੰਬਰ 1992 ਨੂੰ ਜਦੋਂ ਮੁਸਲਿਮ ਕੌਮ ਦੇ ਧਾਰਮਿਕ ਸਥਾਂਨ ਬਾਬਰੀ ਮਸਜਿਦ ਨੂੰ ਗਿਰਾਇਆ ਗਿਆ ਉਸ ਸਮੇਂ ਵੀ ਬੀਜੇਪੀ, ਆਰ.ਐਸ.ਐਸ, ਕਾਂਗਰਸ ਤੇ ਸਭ ਫਿਰਕੂ ਜਮਾਤਾਂ ਤੇ ਸੰਗਠਨ ਇਕ ਸਨ । ਫਿਰ 1999 ਵਿਚ ਜਦੋਂ ਉੜੀਸਾ, ਕੇਰਲਾ, ਕਰਨਾਟਕਾ ਅਤੇ ਹੋਰ ਦੱਖਣੀ ਸੂਬਿਆਂ ਵਿਚ ਇਸਾਈ ਕੌਮ ਦੇ ਚਰਚਾਂ ਅਤੇ ਨਨਜ਼ਾਂ ਉਤੇ ਹਮਲੇ ਕੀਤੇ ਗਏ ਉਸ ਸਮੇਂ ਵੀ ਇਹ ਸਭ ਫਿਰਕੂ ਜਮਾਤਾਂ ਇਕ ਸਨ । ਇਸੇ ਸੋਚ ਅਧੀਨ ਆਸਟ੍ਰੇਲੀਅਨ ਇਸਾਈ ਪ੍ਰਚਾਰਕ ਸ੍ਰੀ ਗ੍ਰਾਂਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਨਿਰਦੋਸ਼ ਬੱਚਿਆਂ ਨੂੰ ਗੱਡੀ ਵਿਚ ਅੱਗ ਲਗਾਕੇ ਸਾੜ ਦਿੱਤਾ ਗਿਆ । 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਖੇ 43 ਨਿਰਦੋਸ਼ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਫ਼ੌਜ ਵੱਲੋਂ ਖੜ੍ਹਾ ਕਰਕੇ ਸ਼ਹੀਦ ਕਰ ਦੇਣ ਦੇ ਦੁਖਾਂਤ ਸਮੇਂ ਵੀ ਇਹ ਸਭ ਇਕ ਸਨ । 2002 ਵਿਚ ਗੁਜਰਾਤ ਦੇ ਗੋਧਰਾਂ ਵਿਖੇ ਜਦੋਂ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਬੀਬੀਆਂ ਨਾਲ ਜ਼ਬਰ-ਜਿਨਾਹ ਕੀਤੇ ਗਏ ਉਸ ਸਮੇਂ ਵੀ ਸਭ ਇਕ ਸਨ । ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦੂ ਮੁਤੱਸਵੀਆਂ ਵੱਲੋਂ ਘੱਟ ਗਿਣਤੀਆ ਉਤੇ ਜ਼ਬਰ-ਜੁਲਮ ਕਰਨ ਜੋ ਅੱਜ ਵੀ ਇਸੇ ਮਨੁੱਖਤਾ ਵਿਰੋਧੀ ਸੋਚ ਤੇ ਅਮਲ ਕਰ ਰਹੇ ਹਨ ਉਨ੍ਹਾਂ ਮੁਤੱਸਵੀ ਹਿੰਦੂ ਆਗੂਆਂ ਨੂੰ ਖੁਸ਼ ਕਰਨ ਲਈ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਹਰਨਾਮ ਸਿੰਘ ਧੂੰਮਾ ਅਤੇ ਜਥੇਦਾਰ ਇਕਬਾਲ ਸਿੰਘ ਆਦਿ ਨੇ ਵਧਾਈਆ ਦਿੱਤੀਆ ਜਾਂ ਸਮੂਲੀਅਤ ਕਰਕੇ ਆਪੋ-ਆਪਣੀ ਅਣਖ ਅਤੇ ਗੈਰਤ ਨੂੰ ਖ਼ਤਮ ਹੋਣ ਦਾ ਸਬੂਤ ਖੁਦ ਹੀ ਦੇ ਦਿੱਤਾ ਹੈ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਅਜਿਹੇ ਪੰਥ ਵਿਰੋਧੀਆਂ ਵਿਰੁੱਧ ਗੁਰ ਮਰਿਯਾਦਾ ਅਨੁਸਾਰ ਕਾਰਵਾਈ ਕਰਨੀ ਬਣਦੀ ਹੈ । ਤਾਂ ਕਿ ਕੋਈ ਵੀ ਸਿੱਖ ਆਪਣੀਆ ਸਿਆਸੀ, ਪਰਿਵਾਰਿਕ ਜਾਂ ਨਿੱਜੀ ਲਾਲਸਾਵਾਂ ਅਧੀਨ ਖ਼ਾਲਸਾ ਪੰਥ ਦੇ ਸਿਧਾਤਾਂ ਅਤੇ ਸੋਚ ਨੂੰ ਪਿੱਠ ਦੇਣ ਦੀ ਗੁਸਤਾਖੀ ਨਾ ਕਰ ਸਕਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਨ੍ਹਾਂ ਸਵਾਰਥੀ ਸੋਚ ਵਾਲੇ ਸਿੱਖ ਆਗੂਆਂ ਦੇ ਸ੍ਰੀ ਰਾਮ ਮੰਦਰ ਦੇ ਉਦਘਾਟਨ ਸਮੇਂ ਵਧਾਈ ਦੇਣ ਜਾਂ ਉਸ ਸਮਾਗਮ ਵਿਚ ਸਮੂਲੀਅਤ ਕਰਨ ਵਾਲਿਆ ਦੀ ਅਣਖ਼ ਨੂੰ ਚੁਣੋਤੀ ਦਿੰਦੇ ਹੋਏ ਅਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੇ ਸਿੱਖ ਆਗੂਆਂ ਨੇ ਪਹਿਲੇ ਵੀ ਅਤੇ ਅੱਜ ਵੀ ‘ਸਿੱਖ ਕੌਮੀਅਤ’ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਅਤੇ ਕਰ ਰਹੇ ਹਨ । ਇਸ ਲਈ ਅਜਿਹੇ ਕੌਮ ਨੂੰ ਧੋਖਾ ਦੇਣ ਵਾਲਿਆ ਦੀ ਜਿਥੇ ਅੱਛੀ ਤਰ੍ਹਾਂ ਪਹਿਚਾਣ ਕਰ ਲੈਣੀ ਚਾਹੀਦੀ ਹੈ, ਉਥੇ ਕਿਸੇ ਵੀ ਸਿੱਖ, ਮੁਸਲਿਮ, ਇਸਾਈ, ਰੰਘਰੇਟਿਆ, ਆਦਿਵਾਸੀਆ, ਕਬੀਲਿਆ ਨੂੰ ਅਜਿਹੇ ਸਿਧਾਤਹੀਣ ਲੋਕਾਂ ਨੂੰ ਆਉਣ ਵਾਲੇ ਸਮੇਂ ਵਿਚ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਨਾ ਚਾਹੀਦਾ । ਤਾਂ ਕਿ ਹੁਕਮਰਾਨਾਂ ਦੀਆਂ ਸਾਜ਼ਿਸਾਂ ਵਿਚ ਸਾਮਿਲ ਹੋ ਕੇ ਘੱਟ ਗਿਣਤੀ ਕੌਮਾਂ ਜਾਂ ਉਨ੍ਹਾਂ ਦੀ ਕੌਮੀਅਤ ਦਾ ਨੁਕਸਾਨ ਨਾ ਕਰ ਸਕਣ । ਅਜਿਹੀ ਮੰਦਭਾਗੀ ਸੋਚ ਰੱਖਣ ਵਾਲੇ ਸਿੱਖਾਂ ਦੀ ਬਦੌਲਤ ਪੰਜਾਬ ਦੇ ਦਰਿਆਵਾ ਦੇ ਕੀਮਤੀ ਪਾਣੀ, ਹੈੱਡਵਰਕਸ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਹੁਕਮਰਾਨਾਂ ਨੇ ਜ਼ਬਰੀ ਕਬਜੇ ਕਰ ਲਏ ਹਨ । 25-25 ਸਾਲਾਂ ਤੋਂ ਬੰਦੀ ਬਣਾਏ ਗਏ ਸਿੱਖਾਂ ਦੀ ਰਿਹਾਈ ਨਹੀਂ ਹੋ ਰਹੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਜਮਾਨਤਾਂ ਮਿਲ ਜਾਣ ਲਈ ਵੀ ਇਹ ਦੋਸ਼ੀ ਹਨ । ਸੰਸਕ੍ਰਿਤੀ ਵਰਗੀ ਬੋਲੀ-ਭਾਸ਼ਾਂ ਨੂੰ ਜ਼ਬਰੀ ਠੋਸਣ, ਸੀ.ਏ.ਏ. ਐਨ.ਆਰ.ਸੀ. ਐਨ.ਪੀ.ਆਰ. ਯੂ.ਏ.ਪੀ.ਏ. ਅਤੇ ਅਫ਼ਸਪਾ ਵਰਗੇ ਕਾਲੇ ਕਾਨੂੰਨ ਨੂੰ ਜ਼ਬਰੀ ਲਾਗੂ ਕਰਵਾਉਣ ਲਈ ਇਹ ਭਾਈਵਾਲ ਹਨ । ਐਸ.ਜੀ.ਪੀ.ਸੀ. ਦੀਆਂ ਬੀਤੇ 4 ਸਾਲ ਤੋਂ ਜਰਨਲ ਚੋਣਾਂ ਨਾ ਹੋਣ, ਪੰਜਾਬ ਵਿਚ ਨਸ਼ੀਲੀਆਂ ਵਸਤਾਂ ਦੇ ਵੱਧਦੇ ਕਾਰੋਬਾਰ, ਸਿੱਖ ਨੌਜ਼ਵਾਨੀ ਉਤੇ ਥਾਣਿਆਂ ਵਿਚ ਹੋਣ ਵਾਲੀ ਜ਼ਲਾਲਤ ਅਤੇ ਹਿੰਦੂ ਪ੍ਰੋਗਰਾਮਾਂ ਨੂੰ ਜ਼ਬਰੀ ਲਾਗੂ ਕਰਵਾਉਣ ਲਈ ਅਜਿਹੇ ਸਿੱਖ ਆਗੂ ਜ਼ਿੰਮੇਵਾਰ ਹਨ । ਬੀਤੇ ਸਮੇਂ ਵਿਚ ਅਸੀਂ ਮੁਸਲਿਮ ਆਗੂ ਸ੍ਰੀ ਓਵੈਸੀ ਨਾਲ ਮੁਲਾਕਾਤ ਕੀਤੀ ਸੀ, ਤਾਂ ਜੋ ਹੋਣ ਵਾਲੇ ਜ਼ਬਰ-ਜੁਲਮਾਂ ਦਾ ਅੰਤ ਕੀਤਾ ਜਾ ਸਕੇ, ਪਰ ਮੁਸਲਿਮ ਆਗੂਆਂ ਤੇ ਮੁਸਲਿਮ ਕੌਮ ਨੇ ਬੀਜੇਪੀ ਤੇ ਸ੍ਰੀ ਮੋਦੀ ਨੂੰ ਵੋਟਾਂ ਪਾ ਕੇ ਬਜਰ ਗੁਸਤਾਖੀ ਕੀਤੀ ਹੈ । ਜੇਕਰ ਮੁਸਲਿਮ ਕੌਮ ਤੇ ਮੁਸਲਿਮ ਲੀਡਰਸ਼ਿਪ ਅੱਜ ਵੀ ਨਾ ਸਮਝੀ ਤਾਂ ਹੁਕਮਰਾਨ ਇਕ-ਇਕ ਕਰਕੇ ਘੱਟ ਗਿਣਤੀ ਕੌਮਾਂ ਨੂੰ ਨਿਸ਼ਾਨਾਂ ਬਣਾਉਣ ਦੇ ਅਮਲਾਂ ਤੋਂ ਕਦੀ ਵੀ ਤੋਬਾ ਨਹੀਂ ਕਰਨਗੇ । ਇਸ ਲਈ ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਸਮੇਂ ਸਮੁੱਚੀਆ ਮੁਤੱਸਵੀ ਜਮਾਤਾਂ ਅਤੇ ਹਿੰਦੂ ਆਗੂਆਂ ਦੀ ਇਨਸਾਨੀਅਤ ਵਿਰੋਧੀ ਸੋਚ ਨੂੰ ਪਹਿਚਾਣਦੇ ਹੋਏ ਹੁਣੇ ਹੀ ਜਿਥੇ ਸੁਚੇਤ ਰਹਿਣਾ ਪਵੇਗਾ ਉਥੇ ਸਭ ਮੁਸਲਿਮ, ਇਸਾਈ, ਸਿੱਖ, ਰੰਘਰੇਟਿਆ, ਆਦਿਵਾਸੀਆ, ਕਬੀਲਿਆ ਨੂੰ ਫੋਰੀ ਆਪਣੀ ਅਣਖ ਤੇ ਗੈਰਤ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਇਕ ਹੋਣਾ ਪਵੇਗਾ । ਅਜਿਹਾ ਕਰਕੇ ਹੀ ਅਸੀਂ ਸਾਤਰ ਅਤੇ ਸਾਜ਼ਿਸਕਾਰ ਹਿੰਦੂ ਮੁਤੱਸਵੀ ਹੁਕਮਰਾਨਾਂ ਤੇ ਉਨ੍ਹਾਂ ਦੇ ਘੱਟ ਗਿਣਤੀ ਵਿਰੋਧੀ ਅਮਲਾਂ ਨੂੰ ਅਸਫਲ ਬਣਾਉਣ ਵਿਚ ਕਾਮਯਾਬ ਹੋ ਸਕਦੇ ਹਾਂ ।
ਉਨ੍ਹਾਂ ਕਿਹਾ ਕਿ ਲਦਾਖ ਦੀ ਸਰਹੱਦ ਉਤੇ ਤਾਂ ਚੀਨ ਦੀ ਫ਼ੌਜ ਉਸੇ ਤਰ੍ਹਾਂ ਸਾਡੇ ਇਲਾਕੇ ਉਤੇ ਕਾਬਜ ਹੋ ਕੇ ਬੈਠੀ ਹੈ, ਟੱਸ ਅਤੇ ਮੱਸ ਨਹੀਂ ਹੋ ਰਹੀ । ਹੁਣ ਤਾਂ ਸ੍ਰੀ ਰਾਮ ਮੰਦਰ ਦਾ ਉਦਘਾਟਨ ਵੀ ਹੋ ਚੁੱਕਾ ਹੈ, ਲੇਕਿਨ ਸਿੱਖ ਕੌਮ ਦੇ ਫ਼ਤਹਿ ਕੀਤੇ ਇਲਾਕਿਆ ਨੂੰ ਵਾਪਿਸ ਲੈਣ ਲਈ ਕੋਈ ਅਮਲ ਨਹੀਂ ਹੋ ਰਿਹਾ । ਇਥੋਂ ਤੱਕ ਕਿ ਪਾਕਿਸਤਾਨ ਨੇ ਅੱਜ ਆਪਣੇ ਮੁਲਕ ਦੇ ਜਾਰੀ ਕੀਤੇ ਗਏ ਨਵੇ ਨਕਸੇ ਵਿਚ ਜੰਮੂ-ਕਸ਼ਮੀਰ, ਲਦਾਂਖ, ਸਿਆਚਨ ਅਤੇ ਗੁਜਰਾਤ ਦੇ ਜੂਨਾਗੜ੍ਹ ਨੂੰ ਵੀ ਆਪਣੇ ਨਕਸੇ ਵਿਚ ਦਿਖਾਇਆ ਹੈ । ਗੁਆਢੀ ਮੁਲਕ ਨੇਪਾਲ ਵੀ ਆਪਣੇ ਨਕਸੇ ਵਿਚ ਵਾਧੂ ਸਥਾਨਾਂ ਨੂੰ ਦਿਖਾ ਰਿਹਾ ਹੈ । ਨੇਪਾਲ, ਪਾਕਿਸਤਾਨ, ਚੀਨ ਦੀਆਂ ਸਰਹੱਦਾਂ ਉਤੇ ਤਾਂ ਹੁਕਮਰਾਨ ਆਪਣੇ ਇਲਾਕਿਆ ਦੀ ਰਾਖੀ ਕਰਨ ਵਿਚ ਅਸਫਲਲ ਸਾਬਤ ਹੋ ਚੁੱਕਿਆ ਹੈ ਅਤੇ ਇਥੋਂ ਦੇ ਨਿਵਾਸੀਆ ਨੂੰ ਫਿਰਕੂ ਧਰਮ ਦੇ ਨਾਮ ਤੇ ਭੜਕਾ ਕੇ ਆਪਣੇ ਅੰਦਰੂਨੀ ਸਿਆਸੀ ਸਵਾਰਥਾਂ ਦੀ ਪੂਰਤੀ ਵਿਚ ਲੀਨ ਹੈ । ਸਰਹੱਦੀ ਜ਼ਿੰਮੇਵਾਰੀਆਂ ਇਹ ਹੁਕਮਰਾਨ ਪੂਰਨ ਕਰਨ ਦੇ ਸਮਰੱਥ ਨਹੀਂ ਹਨ ਅਤੇ ਬਹੁਗਿਣਤੀ ਹਿੰਦੂ ਕੌਮ ਨੂੰ ਫਿਰਕੂ ਨਾਅਰਿਆ ਤੇ ਫਿਰਕੂ ਅਮਲਾਂ ਵਿਚ ਗ੍ਰਸਤ ਕਰਕੇ ਅਤਿ ਗੰਧਲੀ ਦਿਸ਼ਾਹੀਣ ਵੱਖ-ਵੱਖ ਕੌਮਾਂ ਤੇ ਫਿਰਕਿਆ ਵਿਚ ਨਫ਼ਰਤ ਪੈਦਾ ਕਰਨ ਵਾਲੀ ਨੀਤੀ ਤੇ ਅਮਲ ਕਰਕੇ ਅੰਦਰੂਨੀ ਹਾਲਾਤਾਂ ਨੂੰ ਵੀ ਵਿਸਫੋਟਕ ਬਣਾਉਣ ਵੱਲ ਵੱਧ ਰਿਹਾ ਹੈ ।