ਡਾ. ਹਰਿਭਜਨ ਸਿੰਘ ਪੰਜਾਬੀ ਦੇ ਉੱਘੇ ਵਿਦਵਾਨ, ਚਿੰਤਕ, ਆਲੋਚਕ, ਅਨੁਵਾਦਕ ਅਤੇ ਸਫਲ ਅਧਿਆਪਕ ਸਨ। ਉਹ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ। ਉਹ ਇਕ ਬਹੁਪੱਖੀ, ਬਹੁਰੰਗੀ, ਬਹੁਪਰਤੀ ਅਤੇ ਸਰਬ ਕਲਾ ਸੰਪੰਨ ਅਕਾਦਮੀਸ਼ਨ, ਦਿੱਲੀ ਪੰਜਾਬੀ ਸਮੀਖਿਆ ਸਕੂਲ ਦੇ ਬਾਨੀ ਸਨ। ਉਹ ਇਕ ਪ੍ਰਤਿਭਾਸ਼ਾਲੀ, ਰੌਸ਼ਨ ਮੀਨਾਰ ਤੇ ਧਰੂ ਤਾਰੇ ਵਾਂਗ ਕੌਮਾਂਤਰੀ ਗਗਨ ਉਪਰ ਸਦਾ ਚਮਕਦੇ ਰਹੇ। ਉਨ੍ਹਾਂ ਸਮੁੱਚਾ ਜੀਵਨ ਔਕੜਾਂ, ਮੁਸ਼ਕਲਾਂ ਤੇ ਦੁਸ਼ਵਾਰੀਆਂ ਨਾਲ ਜੂਝਦਿਆਂ ਹੰਢਾਇਆ। ਡਾਕਟਰ ਸਾਹਿਬ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਫਾਰਸੀ ਭਾਸ਼ਾਵਾਂ ਦੇ ਗਿਆਤਾ ਸਨ, ਜਿਨ੍ਹਾਂ ਨੇ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿਚ 100 ਤੋਂ ਵੱਧ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਹਨ। ਡਾ. ਹਰਿਭਜਨ ਸਿੰਘ ਹੁਰਾਂ ਨੇ ਪੰਜਾਬੀ ਸਾਹਿਤ ਸਮੀਖਿਆ ਉਪਰ ਅਜਿਹੇ ਹਸਤਾਖਰ ਦਰਜ ਕੀਤੇ ਕਿ ਆਪ ਨੂੰ ਆਧੁਨਿਕ ਪੰਜਾਬੀ ਸਾਹਿਤ ਆਲੋਚਨਾ ਦਾ ਥੰਮ ਆਖਿਆ ਜਾਣ ਲੱਗਿਆ। ਆਧੁਨਿਕ ਪੰਜਾਬੀ ਚਿੰਤਨ ਉਪਰ ਉਨ੍ਹਾਂ ਅਮਿੱਟ ਛਾਪ ਛੱਡੀ ਹੈ।
ਡਾਕਟਰ ਸਾਹਿਬ ਦੇ ਨੇੜਿਓਂ ਦਰਸ਼ਨ ਕਰਨ ਦਾ ਸੁਭਾਗ ਮੈਨੂੰ ਪਹਿਲੀ ਵਾਰ ਸੰਨ 1982-83 ਵਿਚ ਰਾਜ ਭਵਨ ਚਡੀਗੜ੍ਹ ਵਿਖੇ ਹਰਿਆਣਾ ਸਾਹਿਤ ਅਕੈਡਮੀ ਵੱਲੋਂ ਕਰਵਾਏ ਗਏ ਇਕ ਸਨਮਾਨ ਸਮਾਰੋਹ ਵਿਚ ਪ੍ਰਾਪਤ ਹੋਇਆ। ਇਸ ਸਮਾਗਮ ਵਿਚ ਉਨ੍ਹਾਂ ਦੇ ਜਿਗਰੀ ਦੋਸਤ ਕਰਤਾਰ ਸਿੰਘ ਸੁਮੇਰ ਨੂੰ ਹਰਿਆਣਾ ਸਾਹਿਤ ਅਕੈਡਮੀ ਵੱਲੋਂ ਸਨਾਮਨਿਤ ਕੀਤਾ ਜਾਣਾ ਸੀ। ਇਸ ਸਮਾਗਮ ਵਿਚ ਪ੍ਰਸਿੱਧ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਵੀ ਗੁਰਦਾਸਪੁਰ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਉਹ ਵੀ ਸੁਮੇਰ ਸਾਹਿਬ ਦੇ ਗੂੜ੍ਹੇ ਮਿੱਤਰ ਸਨ। ਇਸ ਸਮਾਰੋਹ ਦੌਰਾਨ ਹੀ ਕਰਤਾਰ ਸਿੰਘ ਸੁਮੇਰ ਹੁਰਾਂ, ਡਾ. ਹਰਿਭਜਨ ਸਿੰਘ ਨਾਲ ਮੇਰੀ ਰਸਮੀ ਮੁਲਾਕਾਤ ਕਰਵਾਈ।
ਇਸ ਤੋਂ ਪਹਿਲਾਂ ਜਦੋਂ ਸੰਨ 1976 ਵਿਚ ਜਨਵਰੀ ਦੇ ਮਹੀਨੇ ਮੈਨੂੰ ਪੰਜਾਬੀ ਸਾਹਿਤ ਦੇ ਪਿਤਾਮਾ ਡਾ. ਮੋਹਨ ਸਿੰਘ ਦੀਵਾਨਾ ਨਾਲ ਇਕ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਅਜਿਹੇ ਵਿਦਿਆਰਥੀਆਂ ਬਾਰੇ ਜਾਨਣਾ ਚਾਹਿਆ ਜਿਨ੍ਹਾਂ ਆਪੋ ਆਪਣੇ ਖੇਤਰ ਵਿਚ ਸਿਖਰਾਂ ਛੋਹੀਆਂ ਅਤੇ ਬੁਲੰਦੀਆਂ ਦਰਜ ਕੀਤੀਆਂ ਸਨ, ਤਾਂ ਉਨ੍ਹਾਂ ਸਭ ਤੋਂ ਪਹਿਲਾਂ ਨਾਟਕਕਾਰ ਡਾ. ਹਰਚਰਨ ਸਿੰਘ, ਫਿਰ ਡਾ. ਗੁਲਵੰਤ ਸਿੰਘ ਤੇ ਫਿਰ ਡਾ. ਹਰਿਭਜਨ ਸਿੰਘ ਦਾ ਜ਼ਿਕਰ ਕੀਤਾ ਅਤੇ ਇਨ੍ਹਾਂ ਦੀ ਜ਼ਿੰਦਗੀ ਦੇ ਕੁਝ ਬਹੁਤ ਹੀ ਦਿਲਚਸਪ ਰਾਜ ਮੇਰੇ ਨਾਲ ਸਾਂਝੇ ਕੀਤੇ।
ਪੰਜਾਬੀ ਆਧੁਨਿਕ ਕਵਿਤਾ ਦੇ ਮੋਢੀ ਡਾ. ਹਰਿਭਜਨ ਸਿੰਘ ਨਾਲ ਦੂਜੀ ਵਾਰੀ ਵਿਸ਼ੇਸ਼ ਮੁਲਕਾਤ “ਕੇਸ਼ਵ ਬਿਲਡਿੰਗ” ਕਰਨਾਲ ਵਿਖੇ ਕਰਤਾਰ ਸਿੰਘ ਸੁਮੇਰ ਦੇ ਗ੍ਰਹਿ ਵਿਖੇ ਹੋਈ। ਜਦੋਂ ਮੈਂ ਅਚਾਨਕ ਸੁਮੇਰ ਸਾਹਿਬ ਦੇ ਘਰ ਕਰਨਾਲ ਪੁੱਜਿਆ ਤਾਂ ਉਨ੍ਹਾਂ ਦੀ ਖੁਸ਼ੀ ਸੱਤਵੇਂ ਅਸਮਾਨ ਤੇ ਸੀ ਕਿਉਂਕਿ ਸ਼ਾਮ ਵੇਲੇ ਡਾ. ਹਰਿਭਜਨ ਸਿੰਘ ਵੀ ਦਿੱਲੀ ਤੋਂ ਪੁੱਜ ਰਹੇ ਸਨ। ਉਨ੍ਹਾਂ ਪਹਿਲਾਂ ਹੀ ਇਕ ਕਵੀ ਦਰਬਾਰ ਅਤੇ ਰੰਗਾਰੰਗ ਮਹਿਫ਼ਿਲ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਜਿਸ ਵਿਚ ਕਰਨਾਲ ਦੇ ਕੁਝ ਚੋਣਵੇਂ ਸ਼ਾਇਰਾਂ ਨੂੰ ਵੀ ਸੱਦਿਆ ਹੋਇਆ ਸੀ।
ਸ਼ਾਮ ਨੂੰ ਡਾਕਟਰ ਹਰਿਭਜਨ ਸਿੰਘ ਅਤੇ ਉਨ੍ਹਾਂ ਦੀ ਰਹਿ ਚੁੱਕੀ ਵਿਦਿਆਰਥਣ ਡਾ. ਮਹਿੰਦਰ ਕੌਰ ਗਿੱਲ (ਜੋ ਮਾਤਾ ਸੁੰਦਰੀ ਕਾਲਜ ਦੇ ਪ੍ਰਿੰਸੀਪਲ ਸਨ) ਪੁੱਜ ਗਏ। ਇਸ ਛੋਟੀ ਜਿਹੀ ਮਹਿਫ਼ਿਲ ਵਿਚ ਡਾ. ਹਰਿਭਜਨ ਸਿੰਘ ਨੇ ਆਪਣੀ ਕਵਿਤਾ ਦੇ ਵੱਖ ਵੱਖ ਰੰਗਾਂ ਨੂੰ ਬਿਖੇਰਿਆ ਜਿਸ ਦੀ ਉਹ ਮਿਸਾਲ ਸਨ। ਉਨ੍ਹਾਂ ਦੀ ਕਵਿਤਾ ਵਿਚ ਵਧੇਰੇ 1984 ਦਾ ਦਰਦ ਸੀ। ਜਿਸ ਢੰਗ ਨਾਲ ਉਹ ਆਪਣੇ ਤਰਕਸ਼ ‘ਚੋਂ ਇਕ ਤੋਂ ਬਾਦ ਇਕ ਕਵਿਤਾ ਰੂਪੀ ਤੀਰ ਸਰੋਤਿਆਂ ਦੀ ਵੱਖੀ ਵਿਚ ਮਾਰਦੇ ਅਤੇ ਉਨ੍ਹਾਂ ਦੇ ਦਿਲਾਂ ਨੂੰ ਜਿਤਦੇ, ਉਹ ਇਕ ਨਿਵੇਕਲਾ ਹੀ ਨਜ਼ਾਰਾ ਸੀ। ਉਨ੍ਹਾਂ ਦੀ ਪੇਸ਼ਕਾਰੀ ਦਾ ਅੰਦਾਜ਼ ਵਿੱਲਖਣ ਸੀ। ਦੇਰ ਰਾਤ ਤੱਕ ਚੱਲੇ ਇਸ ਕਵੀ ਦਰਬਾਰ ਨੂੰ ਸਾਰਿਆਂ ਰਲ ਕੇ ਲੁੱਟਿਆ। ਡਾ. ਹਰਿਭਜਨ ਸਿੰਘ ਹੁਰਾਂ ਦੇ ਸਾਹਮਣੇ ਬੈਠ ਕੇ ਉਨ੍ਹਾਂ ਦੀ ਕਵਿਤਾ ਦਾ ਜੋ ਅਨੰਦ ਲਿਆ, ਉਹ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ ਹੈ।
ਡਾਕਟਰ ਸਾਹਿਬ ਨਾਲ ਮੇਰੀ ਅੰਤਿਮ ਮੁਲਾਕਾਤ ਸੰਨ 1996-97 ਵਿਚ “ਆਈਫੈਕਸ ਗੈਲਰੀ” ਨਵੀਂ ਦਿੱਲੀ ਵਿਖੇ ਹੋਈ ਸੀ, ਜਿੱਥੇ ਨਾਮਵਰ ਕਲਾ ਪ੍ਰੇਮੀ, ਕਲਾ ਹਿਤੈਸ਼ੀ ਐਚ. ਐਸ. ਹਿਤਕਾਰੀ ਨੇ ਫੁਲਕਾਰੀਆਂ ਤੇ ਬਾਗ ਦੀ ਪ੍ਰਦਰਸ਼ਨੀ ਲਾਈ ਹੋਈ ਸੀ। ਉਦਘਾਟਨ ਉਸ ਸਮੇਂ ਦੇ ਕੇਂਦਰੀ ਵਜ਼ੀਰ ਬਲਵੰਤ ਸਿੰਘ ਰਾਮੂੰਵਾਲੀਆ ਨੇ ਕਰਨਾ ਸੀ। ਹਿਤਕਾਰੀ ਹੁਰਾਂ ਮੈਨੂੰ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਮੇਰੀ ਉਸ ਸਮੇਂ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਡਾ. ਹਰਿਭਜ਼ਨ ਸਿੰਘ ਹੁਰਾਂ ਦੇ ਦਰਸ਼ਨ ਦੀਦਾਰ ਹੋਏ। ਸਮਾਗਮ ਸਮਾਪਤ ਹੋਣ ਬਾਦ ਅਸੀਂ ਗੱਲਾਂ ਬਾਤਾਂ ਕਰਦੇ ਹੋਏ ਬਾਹਰ ਲਾਅਨ ਵਿਚ ਆ ਗਏ। ਮੈਂ ਉਨ੍ਹਾਂ ਦੇ ਚਾਰ ਪੰਜ ਰੰਗਦਾਰ ਪੋਰਟਰੇਟ ਖਿੱਚੇ। ਇਹ ਉਨ੍ਹਾਂ ਨਾਲ ਮੇਰੇ ਅੰਤਿਮ ਅਤੇ ਯਾਦਗਾਰੀ ਪਲ ਸਨ। ਅਸੀਂ ਪੰਜਾਬੀ ਸਾਹਿਤ ਦੇ ਹਵਾਲੇ ਨਾਲ ਕੁਛ ਗੱਲਾਂ ਕੀਤੀਆਂ।
ਡਾ. ਹਰਿਭਜਨ ਸਿੰਘ ਨੂੰ ਉਨ੍ਹਾਂ ਦੇ ਜੀਵਨ ਤੇ ਰਚਨਾ ਤੇ ਆਧਾਰਤ ਦੇਸ਼ ਵਿਦੇਸ਼ਾਂ ਵਿਚ ਅਨੇਕਾਂ ਮਹੱਤਵਪੂਰਨ ਤੇ ਵੱਕਾਰੀ ਅਵਾਰਡਾਂ ਅਤੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਪਹਿਲਾ ਪੰਜਾਬ ਸਟੇਟ ਅਵਾਰਡ 1963 ਵਿਚ “ਰਿਗਬਾਣੀ” ਤੇ ਮਿਲਿਆ। ਸੰਨ 1969 ਵਿਚ ਸਾਹਿਤ ਅਕੈਡਮੀ ਨਵੀਂ ਦਿੱਲੀ ਵੱਲੋਂ ਉਨ੍ਹਾਂ ਦੀ ਪੁਸਤਕ “ਨਾ ਧੁੱਪੇ ਨਾ ਛਾਵੇਂ” ਨੂੰ ਇਨਾਮ ਪ੍ਰਾਪਤ ਹੋਇਆ। ਇਸੇ ਤਰ੍ਹਾਂ ਪੰਜਾਬ ਸਟੇਟ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ “ਅਲਫ਼ ਦੁਪਹਿਰ” ਸੰਨ 1975 ਵਿਚ ਅਤੇ ਸੰਨ 1980 ਵਿਚ ਆਪ ਜੀ ਦੀ ਬਹੁ-ਚਰਚਿਤ ਅਨੁਵਾਦਿਤ ਪੁਸਤਕ “ਲੈਨਿਨ ਨੈਣ ਨਕਸ਼” ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਹਾਸਲ ਹੋਇਆ। ਇਸੇ ਤਰ੍ਹਾਂ 1982 ਵਿਚ ਪੰਜਾਬ ਸਟੇਟ ਪੁਰਸਕਾਰ ਪਤਰਾਂਜਲੀ, ਮੱਥਾ ਦੀਵੇ ਵਾਲਾ ਨੂੰ ਮਿਲਿਆ। ਗਿਆਨੀ ਗੁਰਮੁਖ ਸਿੰਘ ਪੁਰਸਕਾਰ “ਅਲਵਿਦਾ ਤੋਂ ਪਹਿਲਾਂ” ਨੂੰ 1984 ਵਿਚ ਮਿਲਿਆ। ਸੰਨ 1985 ਚ ਦਿੱਲੀ ਯੂਨੀਵਰਸਿਟੀ ਵੱਲੋਂ ਆਪ ਨੂੰ ਪ੍ਰੋਫੈਸਰ ਆਫ ਐਮੇਰੀਟਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਵੱਲੋਂ 1986 ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਦਿੱਤਾ ਗਿਆ। ਸੰਨ 1987 ਵਿਚ ਸ਼ਰੋਮਣੀ ਅੰਤਰ-ਰਾਸ਼ਟਰੀ ਸਾਹਿਤਕਾਰ ਪੁਰਸਕਾਰ ਮਿਲਿਆ। ਸੰਨ 1987 ਵਿਚ ਹੀ ਲਖਨਊ ਵਿਚ ਯੂ.ਪੀ. ਹਿੰਦੀ ਸੰਮੇਲਨ ਪੁਰਸਕਾਰ ਨਾਲ ਨਿਵਾਜਿਆ ਗਿਆ। ਸੰਨ 1988 ਵਿਚ ਮੱਧ ਪ੍ਰਦੇਸ਼ ਦਾ ਸਰਬਉੱਚ ਵੱਕਾਰੀ “ਕਬੀਰ ਪੁਰਸਕਾਰ” ਮਿਲਿਆ। ਇਸੇ ਤਰ੍ਹਾਂ ਸੰਨ 1984 ਵਿਚ ਬਿਰਲਾ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ “ਸਰਸਵਤੀ ਪੁਰਸਕਾਰ” ਪ੍ਰਦਾਨ ਕੀਤਾ ਗਿਆ। ਸੰਨ 1998 ਵਿਚ ਸਾਹਿਤ ਅਕੈਡਮੀ ਨਵੀਂ ਦਿੱਲੀ ਵੱਲੋਂ ਉਨ੍ਹਾਂ ਨੂੰ ਫੈਲੇਸ਼ਿਪ ਦਿੱਤੀ ਗਈ। ਡਾਕਟਰ ਸਾਹਿਬ ਪੰਜਾਬੀ ਦੇ ਉਨ੍ਹਾਂ ਗਿਣਤੀ ਦੇ ਅਦੀਬਾਂ ਵਿੱਚੋਂ ਇਕ ਸਨ ਜਿਨ੍ਹਾਂ ਦੀ ਝੋਲੀ ਵਿਚ ਦੇਸ਼ ਦੇ ਸਭ ਤੋਂ ਵੱਕਾਰੀ ਅਤੇ ਮਹੱਤਵਪੂਰਨ ਅਵਾਰਡ ਪਏ।
ਉਨ੍ਹਾਂ ਦੇ ਸਾਹਿਤਕ ਜੀਵਨ ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਡਾ. ਹਰਿਭਜਨ ਸਿੰਘ ਜਿੱਥੇ ਕਮਾਲ ਦੇ ਅਲਬੇਲੇ ਕਵੀ ਅਤੇ ਵੱਡੇ ਆਲੋਚਕ ਸਨ ਉਥੇ ਉਹ ਇਕ ਹਰਮਨ ਪਿਆਰੇ ਅਧਿਆਪਕ ਅਤੇ ਨਿਗਰਾਨ ਵੀ ਸਨ। ਉਨ੍ਹਾਂ ਦੇ ਵਰਸੋਏ ਵਿਦਿਆਰਥੀ ਵੀ ਮੂਹਰਲੀ ਕਤਾਰ ਦੇ ਵਿਦਵਾਨਾਂ ਵਿਚ ਅਤੇ ਉੱਚੀਆਂ ਪਦਵੀਆਂ ਚ ਸ਼ੁਮਾਰ ਦਿਖਾਈ ਦਿੰਦੇ ਹਨ। ਜਿਨ੍ਹਾਂ ਵਿੱਚੋਂ ਵਰਨਣਯੋਗ ਹਨ – ਡਾ. ਅਤਰ ਸਿੰਘ, ਡਾ. ਸਤਿੰਦਰ ਸਿੰਘ (ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਡਾ. ਤਰਲੋਕ ਸਿੰਘ ਕੰਵਰ, ਡਾ. ਆਤਮਜੀਤ ਸਿੰਘ, ਡਾ. ਮਹਿੰਦਰ ਕੌਰ ਗਿੱਲ (ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਨਵੀ ਦਿੱਲੀ), ਡਾ. ਮਨਜੀਤ ਸਿੰਘ, ਡਾ. ਜਗਬੀਰ ਸਿੰਘ, ਡਾ. ਏ. ਐਸ. ਪੂਨੀ, ਡਾ. ਗੁਰਚਰਨ ਸਿੰਘ, ਡਾ. ਸਤਿੰਦਰ ਸਿੰਘ ਨੂਰ, ਡਾ. ਦਵਿੰਦਰ ਕੌਰ ਯੂ.ਕੇ., ਡਾ. ਓ.ਪੀ. ਕੋਹਲੀ (ਗਵਰਨਰ ਗੁਜਰਾਤ ਸਟੇਟ), ਡਾ. ਜਸਪਾਲ ਸਿੰਘ (ਸਾਬਕਾ ਰਾਜਦੂਤ ਅਤੇ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ)। ਉਨ੍ਹਾਂ ਦੀ ਨਿਗਰਾਨੀ ਹੇਠ 30 ਤੋਂ ਵੱਧ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ, ਭਾਸ਼ਾਵਾਂ ਵਿਚ ਖੋਜ ਕਾਰਜ ਕਰਕੇ ਡਾਕਟਰੇਟ ਦੀਆਂ ਪਦਵੀਆਂ ਹਾਸਲ ਕੀਤੀਆਂ।
ਪੰਜਾਬੀ ਸਾਹਿਤ ਦੇ ਚਮਕਦੇ ਸਿਤਾਰੇ ਡਾ. ਹਰਿਭਜਨ ਸਿੰਘ ਭਾਵੇਂ ਸਰੀਰਕ ਪੱਖੋਂ 21 ਅਕਤੂਬਰ 2002 ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਹਨ ਪਰ ਉਨ੍ਹਾਂ ਪੰਜਾਬੀ ਸਾਹਿਤ ਨੂੰ ਜਿੰਨਾਂ ਮਾਲੋਮਾਲ ਕੀਤਾ ਹੈ, ਉਸ ਅਨੁਸਾਰ ਉਹ ਸਦੀਆਂ ਤੀਕ ਜਿਉਂਦੇ ਰਹਿਣਗੇ। ਉਨ੍ਹਾਂ ਦੀਆਂ ਪੁਸਤਕਾਂ, ਰਚਨਾਵਾਂ ਹਮੇਸ਼ਾ ਸਾਡਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ ਅਤੇ ਸਾਡੇ ਅੰਗ ਸੰਗ ਰਹਿ ਕੇ ਪ੍ਰੇਰਨਾ ਸਰੋਤ ਬਣਦੀਆਂ ਰਹਿਣਗੀਆਂ।
ਕਿਸੇ ਸ਼ਾਇਰ ਨੇ ਕਿਹਾ ਹੈ-
ਹਜਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।