ਫ਼ਤਹਿਗੜ੍ਹ ਸਾਹਿਬ – “ਕਿਸੇ ਵੀ ਮੁਲਕ ਦਾ ਹੁਕਮਰਾਨ ਜੇਕਰ ਕਿਸੇ ਅਤਿ ਸੰਜ਼ੀਦਾ ਮੁੱਦੇ ਜਾਂ ਆ ਚੁੱਕੀ ਜਾਂ ਆਉਣ ਵਾਲੀ ਵੱਡੀ ਮੁਸ਼ਕਿਲ ਤੋਂ ਮੁਲਕ ਨਿਵਾਸੀਆਂ ਨੂੰ ਹਨ੍ਹੇਰੇ ਵਿਚ ਰੱਖਕੇ ਆਪਣੀ ਹਊਮੈ ਨੂੰ ਪੱਠੇ ਪਾਉਦੇ ਹੋਏ ਅਮਲ ਕਰੇਗਾ, ਤਾਂ ਉਸ ਦੀ ਆਤਮਿਕ ਹਾਰ ਦੇ ਨਾਲ-ਨਾਲ ਮੁਲਕ ਨਿਵਾਸੀਆਂ ਦਾ ਮਾਲੀ, ਜਾਨੀ, ਇਖਲਾਕੀ ਕਦਰਾਂ-ਕੀਮਤਾਂ ਦਾ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਲਦਾਖ-ਚੀਨ ਦੀ ਜੂਨ ਵਿਚ ਹੋਈ ਲੜਾਈ ਦੇ ਕਾਰਨਾਂ ਅਤੇ ਇਸ ਵਿਸ਼ੇ ਉਤੇ ਸੁਰੱਖਿਆ ਕੈਬਨਿਟ ਕਮੇਟੀ ਦੀ ਕੋਈ ਵੀ ਮੀਟਿੰਗ ਨਾ ਕਰਨਾ ਅਤੇ ਮੁਲਕ ਨਿਵਾਸੀਆ ਨੂੰ ਲਦਾਂਖ ਦੀ ਅਸਲ ਸੱਚਾਈ ਤੋਂ ਜਾਣੂ ਨਾ ਕਰਵਾਉਣ ਦੇ ਦੁੱਖਦਾਇਕ ਅਮਲਾਂ ਦੀ ਬਦੌਲਤ ਹੀ ਲਦਾਂਖ ਵਿਚ ਹੁਕਮਰਾਨਾਂ ਦੀ ਕੌਮਾਂਤਰੀ ਪੱਧਰ ਤੇ ਵੱਡੀ ਹੇਠੀ ਹੋਈ ਹੈ ਅਤੇ 20 ਦੇ ਕਰੀਬ ਇੰਡੀਆ ਫ਼ੌਜ ਦੇ ਜਵਾਨਾਂ ਦੀ ਸ਼ਹਾਦਤ ਹੋਣ ਲਈ ਵੀ ਹੁਕਮਰਾਨਾਂ ਵੱਲੋਂ ਫ਼ੌਜ ਨੂੰ ਬਿਨ੍ਹਾਂ ਹਥਿਆਰਾਂ ਦੇ ਭੇਜਣ ਦਾ ਫੈਸਲਾ ਜਿਥੇ ਮੁੱਖ ਤੌਰ ਤੇ ਜ਼ਿੰਮੇਵਾਰ ਹੈ, ਉਥੇ ਫ਼ੌਜ ਦੇ ਬਣੇ ਨਿਯਮਾਂ ਅਤੇ ਅਸੂਲਾਂ ਦੀ ਵੀ ਘੋਰ ਉਲੰਘਣਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਰਕੂ ਮੋਦੀ ਹਕੂਮਤ, ਕੈਬਨਿਟ ਅਤੇ ਫ਼ੌਜੀ ਜਰਨੈਲਾਂ ਵੱਲੋਂ ਆਪਣੇ ਮੁਲਕ ਨਿਵਾਸੀਆਂ ਨੂੰ ਲਦਾਖ ਵਿਚ ਬਣੀ ਅਤਿ ਗੰਭੀਰ ਸਥਿਤੀ ਤੋਂ ਸਹੀ ਸਮੇਂ ਤੇ ਸਹੀ ਢੰਗ ਨਾਲ ਜਾਣੂ ਨਾ ਕਰਵਾਉਣ ਅਤੇ ਇਸ ਵਿਸ਼ੇ ਤੇ ਆਪਣੇ ਫਿਰਕੂ ਫੈਸਲਿਆਂ ਨੂੰ ਗੁਪਤ ਰੱਖਣ ਦੀ ਕਾਰਵਾਈ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਲਦਾਖ ਵਿਚ ਇੰਡੀਆ ਦੇ ਇਲਾਕਿਆਂ ਉਤੇ ਚੀਨ ਵੱਲੋਂ ਕਬਜਾ ਕਰਨ ਅਤੇ 20 ਦੇ ਕਰੀਬ ਫ਼ੌਜੀਆਂ ਨੂੰ ਸ਼ਹਾਦਤ ਦੇਣ ਲਈ ਮਜਬੂਰ ਕਰਨ ਦੇ ਦਿਸ਼ਾਹੀਣ ਫੈਸਲਿਆਂ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਹੋਰ ਵੀ ਦੁੱਖ ਵਾਲੇ ਅਮਲ ਹੋ ਰਹੇ ਹਨ ਕਿ ਇਕ ਪਾਸੇ ਤਾਂ ਮੋਦੀ ਦੀ ਸਮੁੱਚੀ ਕੈਬਨਿਟ ਕਹਿ ਰਹੀ ਹੈ ਕਿ ਚੀਨ ਨੇ ਸਾਡੇ ਕਿਸੇ ਵੀ ਇਕ ਇੰਚ ਇਲਾਕੇ ਤੇ ਕਬਜਾ ਨਹੀਂ ਕੀਤਾ। ਦੂਸਰੇ ਪਾਸੇ ਇੰਡੀਅਨ ਫ਼ੌਜ ਦੇ ਜਰਨੈਲ, ਸੈਂਟਰ ਦੇ ਸਕੱਤਰਾਂ ਨੂੰ ਚੀਨੀ ਜਰਨੈਲਾਂ ਤੇ ਸਰਕਾਰ ਨਾਲ ਫਿਰ ਗੱਲਬਾਤ ਕਰਨ ਲਈ ਕਿਉਂ ਭੇਜਿਆ ਜਾ ਰਿਹਾ ਹੈ ? ਜੇਕਰ ਗੱਲਬਾਤ ਹੋ ਰਹੀ ਹੈ ਤਾਂ ਇਸਦਾ ਮਤਲਬ ਹੈ ਕਿ ਚੀਨ ਨੇ ਇੰਡੀਆ ਦੇ ਇਲਾਕੇ ਉਤੇ ਗੈਰ-ਕਾਨੂੰਨੀ ਤਰੀਕੇ ਕਬਜਾ ਕੀਤਾ ਹੋਇਆ ਹੈ । ਜਿਸ ਤੋਂ ਹੁਕਮਰਾਨ ਇਥੋਂ ਦੇ ਮੁਲਕ ਨਿਵਾਸੀਆਂ ਨੂੰ ਜਾਣੂ ਕਰਵਾਉਣ ਵਿਚ ਜਿਥੇ ਅਸਫਲ ਰਹੇ ਹਨ, ਉਥੇ ਆਪਣੀਆਂ ਹਕੂਮਤੀ ਕੰਮਜੋਰੀਆਂ ਉਤੇ ਵੀ ਪਰਦਾ ਪਾਉਣ ਦੀ ਅਸਫਲ ਕੋਸ਼ਿਸ਼ ਕਰਦੇ ਆ ਰਹੇ ਹਨ ।
ਸ. ਮਾਨ ਨੇ ਕਿਹਾ ਕਿ 15 ਅਗਸਤ ਜਾਂ ਹੋਰ ਦਿਹਾੜਿਆਂ ਉਤੇ ਸਰਹੱਦਾਂ ਉਤੇ ਸ਼ਹੀਦ ਹੋਣ ਵਾਲੇ ਅਫ਼ਸਰਾਂ, ਸਿਪਾਹੀਆਂ ਨੂੰ ਅਕਸਰ ਹੀ ਵੱਡੇ ਸਨਮਾਨ ਦੇ ਕੇ ਨਿਵਾਜਿਆ ਜਾਂਦਾ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜੂਨ ਵਿਚ ਲਦਾਖ ਚੀਨ ਸਰਹੱਦ ਉਤੇ ਸ਼ਹੀਦ ਹੋਏ 20 ਜਵਾਨਾਂ ਨੂੰ ਨਾ ਤਾਂ ਸਨਮਾਨ ਕੀਤਾ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਲੀ ਤੇ ਇਖਲਾਕੀ ਤੌਰ ਤੇ ਬਣਦੀ ਵੱਡੀ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ । ਜਦੋਂਕਿ ਕਰਨਲ ਬੀ. ਸੰਤੋਸ਼ ਬਾਬੂ ਜੋ ਤਿਲੰਗਨਾਂ ਸੂਬੇ ਨਾਲ ਸਬੰਧਤ ਹਨ, ਸੂਬੇ ਦੀ ਸਰਕਾਰ ਨੇ ਉਸਦੀ ਪਤਨੀ ਨੂੰ ਬਤੌਰ ਏ.ਡੀ.ਸੀ. ਲਗਾਕੇ ਅਤੇ ਵੱਡੀ ਮਾਲੀ ਸਹਾਇੱਤਾ ਦੇ ਕੇ ਆਪਣੇ ਫਰਜਾਂ ਦੀ ਪੂਰਤੀ ਕੀਤੀ ਹੈ । ਲੇਕਿਨ ਇਕ ਹਿਮਾਚਲ, 5 ਪੰਜਾਬ ਦੇ ਜਵਾਨਾਂ ਅਤੇ ਬਾਕੀ ਦੇ ਜਵਾਨਾਂ ਨੂੰ ਸੰਬੰਧਤ ਸੂਬਿਆਂ ਦੀਆਂ ਹਕੂਮਤਾਂ ਜਾਂ ਸੈਂਟਰ ਹਕੂਮਤ ਨੇ ਬਣਦੇ ਮੁਆਵਜੇ ਅਤੇ ਉਨ੍ਹਾਂ ਨੂੰ ਪਰਿਵਾਰਿਕ ਸਹਾਇੱਤਾ ਨਾ ਦੇ ਕੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵੱਡੀ ਜਿਆਦਤੀ ਕੀਤੀ ਜਾ ਰਹੀ ਹੈ । ਇਨ੍ਹਾਂ ਨੂੰ ਇਸ ਕਰਕੇ 15 ਅਗਸਤ ਦੇ ਦਿਹਾੜੇ ਤੇ ਨਹੀਂ ਸਨਮਾਨਿਆ ਗਿਆ ਕਿਉਂਕਿ ਜਦੋਂ ਕਿਸੇ ਸ਼ਹੀਦ ਨੂੰ ਸਨਮਾਨਿਆ ਜਾਂਦਾ ਹੈ ਤਾਂ ਉਸਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਸਨੇ ਕੀ ਕੁਰਬਾਨੀ ਕੀਤੀ ਹੈ । ਜਦੋਂਕਿ ਹੁਕਮਰਾਨਾਂ ਅਤੇ ਫ਼ੌਜ ਦੇ ਵੱਡੇ ਜਰਨੈਲਾਂ ਨੇ ਇਨ੍ਹਾਂ 20 ਫ਼ੌਜੀ ਜਵਾਨਾਂ ਨੂੰ ਬਿਨ੍ਹਾਂ ਹਥਿਆਰਾਂ ਤੋਂ ਚੀਨ ਦੀ ਵੱਡੀ ਪੀ.ਐਲ.ਏ. ਫ਼ੌਜ ਨਾਲ ਲੜਨ ਲਈ ਭੇਜਕੇ ਵੱਡੀ ਹਾਸੋਹੀਣੀ ਅਤੇ ਗੈਰ ਦਲੀਲ ਅਮਲ ਕੀਤਾ ਹੈ । ਹੁਣ ਇਹ ਹੁਕਮਰਾਨ ਇਨ੍ਹਾਂ ਦੀ ਸ਼ਹਾਦਤ ਬਾਰੇ ਕੀ ਜਾਣਕਾਰੀ ਦੇ ਸਕਦੇ ਹਨ ? ਜਦੋਂਕਿ ਸਰਕਾਰ ਦੀ ਆਪਣੀ ਕੰਮਜੋਰੀ ਹੈ ।
ਸ. ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹੁਕਮਰਾਨਾਂ ਨੇ ਨੋਟਬੰਦੀ ਸਮੇਂ, ਜੀ.ਐਸ.ਟੀ. ਲਗਾਉਣ ਦਾ ਫੈਸਲਾ ਕਰਦੇ ਸਮੇਂ, ਸੀ.ਏ.ਏ. ਐਨ.ਆਰ.ਸੀ. ਐਨ.ਪੀ.ਆਰ. ਅਫਸਪਾ ਅਤੇ ਯੂ.ਏ.ਪੀ.ਏ ਵਰਗੇ ਕਾਲੇ ਕਾਨੂੰਨਾਂ ਨੂੰ ਲਾਗੂ ਕਰਦੇ ਸਮੇਂ ਨਾ ਤਾਂ ਕੈਬਨਿਟ ਵਿਚ ਇਨ੍ਹਾਂ ਸੰਜ਼ੀਦਾ ਮੁੱਦਿਆ ਨੂੰ ਵਿਚਾਰਿਆ ਅਤੇ ਨਾ ਹੀ ਅਜਿਹੇ ਲੋਕ ਮਾਰੂ ਫੈਸਲਿਆ ਦੀ ਇਥੋਂ ਦੀ ਜਨਤਾ ਨੂੰ ਭਿਣਕ ਪੈਣ ਦਿੱਤੀ ਅਤੇ ਨਾ ਹੀ ਇਨ੍ਹਾਂ ਦੇ ਚੰਗੇ-ਮਾੜੇ ਨਤੀਜਿਆ ਨੂੰ ਵਿਚਾਰਿਆ । ਬਲਕਿ ਜ਼ਬਰੀ ਫੈਸਲੇ ਲਾਗੂ ਕਰਕੇ ਸਮੁੱਚੇ ਮੁਲਕ ਵਿਚ ਦਹਿਸਤ ਅਤੇ ਬੇਵਿਸਵਾਸੀ ਪੈਦਾ ਕਰ ਦਿੱਤੀ ਹੈ । ਵਿਸ਼ੇਸ਼ ਤੌਰ ਤੇ ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਨਿਸ਼ਾਨਾਂ ਬਣਾਉਣ ਲਈ ਅਜਿਹੇ ਫੈਸਲੇ ਅਤੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ ਜਿਸਨੂੰ ਘੱਟ ਗਿਣਤੀ ਕੌਮਾਂ ਨੇ ਪੂਰਨ ਰੂਪ ਵਿਚ ਅਪ੍ਰਵਾਨ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਜਦੋਂ ਅਯੁੱਧਿਆ ਵਿਚ ਕਦੇ ਰਾਮ ਮੰਦਰ ਇਤਿਹਾਸ ਵਿਚ ਹੋਇਆ ਹੀ ਨਹੀਂ ਅਤੇ ਜਿਥੇ 600 ਸਾਲਾਂ ਤੋਂ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਸਥਿਤ ਸੀ, ਉਥੇ ਹਿੰਦੂ ਰਾਸਟਰ ਦੀ ਮੁਤੱਸਵੀ ਸੋਚ ਅਧੀਨ ਹੁਕਮਰਾਨਾਂ ਨੇ ਗੈਰ-ਵਿਧਾਨਿਕ ਤਰੀਕੇ ਪਹਿਲੇ ਉਥੇ ਬਾਬਰੀ ਮਸਜਿਦ ਨੂੰ ਗਿਰਾਇਆ ਗਿਆ, ਫਿਰ ਉਥੇ ਅਦਾਲਤਾਂ, ਜੱਜਾਂ, ਫੋਰਸਾਂ ਅਤੇ ਨਿਜਾਮੀ ਪ੍ਰਬੰਧ ਦੀ ਦੁਰਵਰਤੋਂ ਕਰਕੇ ਉਥੇ ਰਾਮ ਮੰਦਰ ਦੀ ਨੀਂਹ ਰੱਖਕੇ ਕੇਵਲ ਇੰਡੀਆ ਦੇ ਹੀ ਨਹੀਂ ਬਲਕਿ ਸਮੁੱਚੇ ਅਰਬ ਅਤੇ ਇਸਲਾਮਿਕ ਮੁਲਕਾਂ ਦੇ ਮੁਸਲਮਾਨਾਂ ਦੇ ਮਨ ਵਿਚ ਵੱਡੇ ਰੋਹ ਨੂੰ ਪੈਦਾ ਕਰ ਦਿੱਤਾ, ਜਿਸਦੀ ਬਦੌਲਤ ਅੱਜ ਉਥੋਂ ਇੰਡੀਅਨ ਕਾਮਿਆ ਨੂੰ ਇੰਡੀਆਂ ਵਾਪਿਸ ਭੇਜਣ ਦੇ ਫੈਸਲੇ ਹੋ ਰਹੇ ਹਨ ਜਿਸ ਲਈ ਇਹ ਮੋਦੀ ਫਿਰਕੂ ਹਕੂਮਤ ਜ਼ਿੰਮੇਵਾਰ ਹੈ । ਜਿਥੇ ਪਹਿਲੇ ਹੀ ਅੱਤ ਦੀ ਗਰੀਬੀ, ਬੇਰੁਜਗਾਰੀ, ਜ਼ਬਰ-ਜੁਲਮ ਹਨ ਉਸ ਇੰਡੀਆ ਵਿਚ ਅਰਬ ਮੁਲਕਾਂ ਤੋਂ ਆਏ ਸਿੱਖਿਅਤ ਅਤੇ ਗੈਰ-ਸਿੱਖਿਅਤ ਕਾਮਿਆ ਦੀ ਬਦੌਲਤ ਇਥੋਂ ਦੀ ਸਥਿਤੀ ਤਾਂ ਹੋਰ ਵੀ ਵਿਸਫੋਟਕ ਬਣ ਜਾਵੇਗੀ । ਕੀ ਇਹ ਸਾਨੂੰ ਦੱਸਣਗੇ ਕਿ ਲਦਾਂਖ ਵਿਚ ਕੀ ਵਾਪਰਿਆ ਹੈ, ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ, ਕਿਨ੍ਹਾਂ ਕਾਰਨਾਂ ਕਰਕੇ ਸਾਡੇ ਖ਼ਾਲਸਾ ਰਾਜ ਦਰਬਾਰ ਦੇ ਇਲਾਕਿਆ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ ਗਈ ਹੈ ?
ਭੱਖਦੇ ਇੰਡੀਆ ਦੇ ਮਸਲਿਆਂ ਜਿਵੇਂ ਮਾਲੀ ਹਾਲਾਤ, ਕੋਵਿਡ, ਸਿੱਖਿਆ, ਸਿਹਤ, ਖੇਤੀਬਾੜੀ, ਉਦਯੋਗ ਅਤੇ ਲਦਾਖ ਆਦਿ ਬਾਰੇ ਹੋਣ ਵਾਲੇ ਵਿਚਾਰ-ਵਟਾਂਦਰਿਆਂ ਅਤੇ ਜਨਤਕ ਚਰਚਾਵਾਂ ਉਤੇ ਰੋਕ ਕਿਹੜੇ ਕਾਨੂੰਨ ਹੇਠ ਕਿਉਂ ਲਗਾਈ ਗਈ ਹੈ ਅਤੇ ਸਮੁੱਚੇ ਮੁਲਕ ਨਿਵਾਸੀਆਂ ਨੂੰ ਸਹੀ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ ? ਅਜਿਹੇ ਅਮਲ ਕਰਕੇ ਹੁਕਮਰਾਨ ਕੇਵਲ ਉਥੋਂ ਦੀਆਂ ਘੱਟ ਗਿਣਤੀ ਕੌਮਾਂ ਨਾਲ ਹੀ ਧੋਖਾ ਫਰੇਬ ਹੀ ਨਹੀਂ ਕਰ ਰਹੀ, ਬਲਕਿ ਮਨੁੱਖਤਾ ਪੱਖੀ ਅਮਨ-ਚੈਨ ਦੀ ਸੋਚ ਰੱਖਣ ਵਾਲੇ ਵਿਦਵਤਾ ਦੇ ਮਾਲਕ ਵੱਡੀ ਗਿਣਤੀ ਵਿਚ ਹਿੰਦੂਆਂ ਨਾਲ ਵੀ ਵੱਡਾ ਧੋਖਾ ਤੇ ਫਰੇਬ ਕਰ ਰਹੀ ਹੈ ।