ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਵਿਸ਼ਵਭਰ ਦੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਉਪਲੱਭਦ ਕਰਵਾਉਣ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਵੈਕਸੀਨ ਦੇ ਮਾਮਲੇ ਵਿੱਚ ਸਿਰਫ਼ ਅਮੀਰਾਂ ਨੂੰ ਹੀ ਅਹਿਮੀਅਤ ਦੇ ਕੇ ਗਰੀਬਾਂ ਨੂੰ ਪਿੱਛੇ ਨਾ ਛੱਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਬਹੁਤ ਵੱਡੀ ਤਰਾਸਦੀ ਹੈ। ਇਸ ਮੁਸੀਬਤ ਤੋਂ ਤਦ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ ਜੇ ਬਿਨਾਂ ਕਿਸੇ ਵੀ ਭੇਦਭਾਵ ਦੇ ਸੱਭ ਲੋਕ ਮਿਲ ਕੇ ਯਤਨ ਕਰਨ।
ਈਸਾਈ ਧਰਮ ਦੇ ਸੱਭ ਤੋਂ ਵੱਡੇ ਧਰਮ ਗੁਰੂ ਪੋਪ ਫਰਾਂਸਿਸ ਨੇ ਕੋਰੋਨਾ ਵੈਕਸੀਨ ਮੁਹਈਆ ਕਰਵਾਉਣ ਦੇ ਮਾਮਲੇ ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਇਹ ਕਿੰਨਾ ਦੁੱਖਦਾਈ ਹੋਵੇਗਾ ਕਿ ਜੇ ਇਸ ਵਾਇਰਸ ਦੀ ਵੈਕਸੀਨ ਅਮੀਰਾਂ ਨੂੰ ਪਹਿਲ ਦੇ ਆਧਾਰ ਤੇ ਦਿੱਤੀ ਗਈ। ਉਨ੍ਹਾਂ ਅਨੁਸਾਰ ਇਹ ਬਹੁਤ ਵੱਡਾ ਘਪਲਾ ਹੋਵੇਗਾ ਜੇ ਸਰਕਾਰੀ ਮੱਦਦ ਕੇਵਲ ਉਦਯੋਗਾਂ ਨੂੰ ਹੀ ਦਿੱਤੀ ਜਾਵੇ ਅਤੇ ਗਰੀਬਾਂ ਦੀ ਅਣਦੇਖੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਦੁਨੀਆਂਭਰ ਵਿੱਚ ਸੰਕਟ ਪੈਦਾ ਕਰ ਦਿੱਤਾ ਹੈ।
ਇਸ ਮਹਾਂਮਾਰੀ ਨੇ ਸਾਰੀ ਦੁਨੀਆਂ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਵਿਸ਼ਵ ਦੇ ਜਿਆਦਾਤਰ ਹਿੱਸਿਆਂ ਵਿੱਚ ਗਰੀਬਾਂ ਨੂੰ ਵਾਜਿਬ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ। ਇਸ ਦੇ ਚੱਲਦੇ ਇੱਕ ਵੱਡਾ ਤੱਬਕਾ ਆਪਣੀਆਂ ਜਾਬਾਂ ਗਵਾ ਚੁੱਕਾ ਹੈ।ਸੱਭ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਵੈਕਸੀਨ ਆਉਣ ਦੇ ਬਾਅਦ ਇਹ ਹਰ ਵਰਗ ਦੇ ਲੋਕਾਂ ਤੱਕ ਬਿਨਾਂ ਕਿਸੇ ਵੀ ਭੇਦਭਾਵ ਦੇ ਮੁਹਈਆ ਕਰਵਾਈ ਜਾਵੇ।