ਸ੍ਰੀਨਗਰ – ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜ਼ਾ ਸਮਾਪਤ ਕੀਤੇ ਜਾਣ ਤੋਂ ਬਾਅਦ ਰਾਜ ਦੇ ਸਾਰੇ ਮੁੱਖ ਰਾਜਨੀਤਕ ਦਲਾਂ ਨੇ ਇੱਕਠੇ ਹੋ ਕੇ ਧਾਰਾ-370 ਨੂੰ ਫਿਰ ਤੋਂ ਬਹਾਲ ਕਰਨ ਸਬੰਧੀ ਬਿਆਨ ਜਾਰੀ ਕੀਤਾ ਹੈ। ਇਨ੍ਹਾਂ ਪਾਰਟੀਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਕਰਾਂਗੇ। ਭਾਜਪਾ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਹੀ ਪ੍ਰਮੁੱਖ ਦਲਾਂ ਨੇ ਸਾਂਝੇ ਤੌਰ ਤੇ ਇਹ ਬਿਆਨ ਦਿੱਤਾ ਹੈ ਕਿ 4 ਅਗੱਸਤ 2019 ਦੇ ‘ਗੁਪਕਰ ਘੋਸ਼ਣਾਪੱਤਰ’ ਦਾ ਸਮੱਰਥਨ ਕਰਾਂਗੇ।
ਨੈਸ਼ਨਲ ਕਾਨਫਰੰਸ ਪਾਰਟੀ (ਐਨਸੀ), ਪੀਪਲਜ਼ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ), ਕਾਂਗਰਸ, ਅਵਾਮੀ ਨੈਸ਼ਨਲ ਕਾਨਫਰੰਸ ਅਤੇ ਸੀਪੀਆਈਐਮ ਉਹ ਦਲ ਹਨ, ਜਿੰਨ੍ਹਾਂ ਨੇ ‘ਗੁਪਕਰ ਘੋਸ਼ਣਾਪੱਤਰ’ ਤੇ ਦਸਤਖਤ ਕੀਤੇ ਹਨ। ਇਸ ਘੋਸ਼ਣਾਪੱਤਰ ਵਿੱਚ ਕਿਹਾ ਗਿਆ ਹੈ ਕਿ 5 ਅਗੱਸਤ 2019 ਨੂੰ ਕੇਂਦਰ ਸਰਕਾਰ ਦੇ ਕਦਮ ਨੇ ਜੰਮੂ-ਕਸ਼ਮੀਰ ਅਤੇ ਦਿੱਲੀ ਦੇ ਦਰਮਿਆਨ ਰਿਸ਼ਤਿਆਂ ਨੂੰ ਬਦਲ ਦਿੱਤਾ ਹੈ। ਖੇਤਰੀ ਦਲਾਂ ਨੇ ਸੰਵਿਧਾਨ ਦੇ ਤਹਿਤ ਦਿੱਤੇ ਗਏ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜ਼ੇ ਨੂੰ ਬਰਕਰਾਰ ਰੱਖਣ ਦੇ ਲਈ ਲੜ੍ਹਾਈ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ।
ਵਰਨਣਯੋਗ ਹੈ ਕਿ ਪਿੱਛਲੇ ਸਾਲ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜ਼ੇ ਨੂੰ ਸਮਾਪਤ ਕਰਦੇ ਹੋਏ ਇਸ ਨੂੰ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਧਾਰਾ-370 ਹਟਾਉਣ ਦੇ ਬਾਅਦ ਬਹੁਤ ਸਾਰੇ ਰਾਜ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਅਤੇ ਕਈਆਂ ਨੂੰ ਸਖਤ ਪਬਲਿਕ ਸੇਫਟੀ ਐਕਟ (ਪੀਐਸਏ) ਵਰਗੇ ਕਾਨੂੰਨ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ।