ਅੰਮ੍ਰਿਤਸਰ – ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਮੁੜ ਅੰਮ੍ਰਿਤਪਾਨ ਕਰਨ ਉਪਰੰਤ ਪੰਥ ’ਚ ਵਾਪਸੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਇਕ ਵਾਰ ਫਿਰ ਫ਼ਰਿਆਦ ਕੀਤੀ ਹੈ।
ਤਿੰਨ ਸਾਲ ਪਹਿਲਾਂ ਪੰਥ ‘ਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਦਾ ਖਿਮਾ ਯਾਚਨਾ ਪੱਤਰ ਅੱਜ ਉਨ੍ਹਾਂ ਦੇ ਪੁੱਤਰ ਅਤੇ ਯੂਥ ਅਕਾਲੀ ਦਲ ਦੇ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜ਼ਿੰਮੇਵਾਰ ਅਧਿਕਾਰੀ ਨੂੰ ਸੌਂਪਿਆ ਗਿਆ। ਪੰਥ ’ਚ ਵਾਪਸੀ ਲਈ ਲੰਗਾਹ ਵੱਲੋਂ ਇਹ ਚੌਥੀ ਲਿਖਤੀ ਫ਼ਰਿਆਦ ਹੈ। ਇਸ ਤੋਂ ਪਹਿਲਾਂ ਪੰਥ ਵਿਚ ਵਾਪਸੀ ਲਈ ਪਹਿਲਾਂ 18 ਅਗਸਤ 2018ਨੂੰ, ਦੂਜੀ ਵਾਰ ਮਿਤੀ 17 ਅਕਤੂਬਰ 2019 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਲਿਖਤੀ ਬੇਨਤੀ ਕਰ ਚੁਕਾ ਹੈ ਅਤੇ ਤੀਜੀ ਵਾਰ ਮਿਤੀ 13 ਮਾਰਚ 2020 ਨੂੰ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਫ਼ਰਿਆਦੀ ਬਣ ਕੇ ਹਾਜ਼ਰ ਹੋ ਚੁੱਕਿਆ ਹੈ। ਪਰ ਜਥੇਦਾਰ ਵੱਲੋਂ ਉਸ ਦੀਆਂ ਇਨ੍ਹਾਂ ਬੇਨਤੀਆਂ ’ਤੇ ਵਿਚਾਰ ਕਰਨ ਸਬੰਧੀ ਲੰਮਾ ਸਮਾਂ ਪਾ ਦਿੱਤਾ ਗਿਆ। ਸੁੱਚਾ ਸਿੰਘ ਲੰਗਾਹ ਵੱਲੋਂ ਇਹ ਸੇਵਾ ਕਲ ਪੂਰੀ ਕਰਦਿਆਂ ਅਰਦਾਸ ਕਰਾਈ ਗਈ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਉਹ ਇੱਕ ਭੁੱਲਣਹਾਰ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਸਾਹਿਬਾਨ ਦਾ ਬਖ਼ਸ਼ਿੰਦ ਦਰ ਹੈ। ਜਿੱਥੇ ਚੱਲ ਕੇ ਸ਼ਰਨ ਆਇਆਂ ਨੂੰ ਅਵੱਸ਼ ਮੁਆਫ਼ੀ ਮਿਲਦੀ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਆਦੇਸ਼ ਦਾ ਪਾਲਣਾ ਕਰਨ ਪ੍ਰਤੀ ਪਾਬੰਦ ਰਹਿੰਦਿਆਂ ਜੀਵਨ ‘ਚ ਜਾਣੇ ਅਨਜਾਣੇ ਹੋਈ ਭੁੱਲ ਲਈ ਮੁੜ ਖਿਮਾ ਯਾਚਨਾ ਕਰਦਾ ਹੈ ਅਤੇ ਸਿੱਖ ਪੰਥ ‘ਚ ਮੁੜ ਸ਼ਾਮਿਲ ਕਰਨ ਦੀ ਨਿਮਰਤਾ ਸਹਿਤ ਫ਼ਰਿਆਦ ਕਰਦਾ ਹੈ। ਸੁੱਚਾ ਸਿੰਘ ਲੰਗਾਹ ਨੇ ਹੋਈ ਧਾਰਮਿਕ ਅਵੱਗਿਆ ਲਈ ਬੀਤੇ 3 ਅਗਸਤ ਨੂੰ ਗੁਰਦਾਸ ਨੰਗਲ, ਗੁਰਦਾਸਪੁਰ ਵਿਖੇ ਇਕ ਅੰਮ੍ਰਿਤ ਸੰਚਾਰ ਦੌਰਾਨ ਸਿੱਖ ਰਹਿਤ ਮਰਯਾਦਾ ਅਨੁਸਾਰ ਮਾਣਯੋਗ ਪੰਜ ਪਿਆਰੇ ਸਾਹਿਬਾਨ ਕੋਲ ਪੇਸ਼ ਹੋਕੇ ਖਿਮਾ ਯਾਚਨਾ ਕੀਤੀ ਗਈ ਸੀ। ਜਿੱਥੇ ਪੰਜ ਪਿਆਰਿਆਂ ਵੱਲੋਂ ਉਸ ਨੂੰ ਅੰਮ੍ਰਿਤਪਾਨ ਕਰਾਇਆ ਗਿਆ ਅਤੇ ਗੁਰਮਤਾ ਕਰਦਿਆਂ ਅਵੱਗਿਆ ਬਦਲੇ 21 ਦਿਨ ਦੀ ਗੁਰੂ ਦਰਬਾਰ ’ਚ ਝਾੜੂ ਮਾਰਨ ਦੀ ਸੇਵਾ ( ਤਨਖ਼ਾਹ) ਲਾਈ ਗਈ ਸੀ।
ਸੁੱਚਾ ਸਿੰਘ ਲੰਗਾਹ ਦਾ ਖਿਮਾ ਯਾਚਨਾ ਪੱਤਰ ਉਨ੍ਹਾਂ ਦੇ ਪੁੱਤਰ ਸੁਖਜਿੰਦਰ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਿੰਮੇਵਾਰ ਅਧਿਕਾਰੀ ਨੂੰ ਸੌਂਪੇ ਜਾਣ ਮੌਕੇ।