ਵਾਸ਼ਿੰਗਟਨ – ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਦੀ ਯਾਤਰਾ ਤੇ ਨਾ ਜਾਣ। ਅਮਰੀਕੀਆਂ ਦੇ ਭਾਰਤ ਨਾ ਜਾਣ ਦੀ ਵਜ੍ਹਾ ਅੱਤਵਾਦ, ਅਪਰਾਧ ਅਤੇ ਕੋਰੋਨਾ ਮਹਾਂਮਾਰੀ ਨੂੰ ਦੱਸਿਆ ਹੈ। ਭਾਰਤ ਨੂੰ ਅਮਰੀਕਾ ਵੱਲੋਂ ਰੇਟਿੰਗ 4 ਦਿੱਤੀ ਗਈ ਹੈ, ਜਿਸ ਨੂੰ ਸੱਭ ਤੋਂ ਖਰਾਬ ਮੰਨਿਆ ਜਾਂਦਾ ਹੈ। ਭਾਰਤ ਨੂੰ ਵੀ ਈਰਾਨ, ਸੀਰੀਆ, ਪਾਕਿਸਤਾਨ, ਇਰਾਕ ਅਤੇ ਯਮਨ ਆਦਿ ਦੇਸ਼ਾਂ ਦੀ ਸ਼ਰੇਣੀ ਵਿੱਚ ਰੱਖਿਆ ਗਿਆ ਹੈ।
ਯੂਐਸ ਦਾ ਕਹਿਣਾ ਹੈ ਕਿ ਭਾਰਤ ਵਿੱਚ ਅਪਰਾਧ ਅਤੇ ਅੱਤਵਾਦ ਦੀਆਂ ਘਟਨਾਵਾਂ ਵਿੱਚ ਤੇਜ਼ੀ ਆਈ ਹੈ ਅਤੇ ਕੋਰੋਨਾ ਸੰਕਟ ਵੀ ਫੈਲ ਰਿਹਾ ਹੈ। ਇਸ ਲਈ ਅਮੈਰਿਕਨ ਲੋਕ ਇੰਡੀਆ ਦੀ ਯਾਤਰਾ ਤੇ ਨਾ ਜਾਣ। ਮਹਿਲਾਵਾਂ ਦੇ ਖਿਲਾਫ਼ ਅਪਰਾਧ ਅਤੇ ਉਗਰਵਾਦ ਨੂੰ ਵੀ ਇਸ ਦਾ ਕਾਰਣ ਦੱਸਿਆ ਹੈ। ਇੰਡੀਅਨ ਟੂਰਿਜ਼ਮ ਐਂਡ ਹਾਸਪਟਿਲਟੀ ਸੰਘ (Faith) ਨੇ ਦੇਸ਼ ਦੀ ਸਰਕਾਰ ਕੋਲ ਗੁਹਾਰ ਲਗਾਈ ਹੈ ਕਿ ਉਹ ਅਮਰੀਕਾ ਸਰਕਾਰ ਤੋਂ ਟਰੈਵਲ ਅਡਵਾਇਜ਼ਰੀ ਨੂੰ ਬਦਲਣ ਦੇ ਲਈ ਦਬਾਅ ਪਾਵੇ।
Faith ਨੇ ਕਿਹਾ ਹੈ ਕਿ ਸਰਕਾਰ ਇਸ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਉਠਾਵੇ ਤਾਂ ਜੋ ਦੇਸ਼ ਦੇ ਬਣ ਰਹੇ ਨਾਕਾਰਤਮਕ ਅਕਸ ਨੂੰ ਹੋਰ ਖਰਾਬ ਹੋਣ ਤੋਂ ਰੋਕਿਆ ਜਾ ਸਕੇ। ਸੰਗਠਨ ਦਾ ਕਹਿਣਾ ਹੈ ਕਿ ਪ੍ਰਯਟਨ ਉਦਯੋਗ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਕਰਕੇ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਜਲਦੀ ਹੀ ਇਸ ਉਦਯੋਗ ਨੂੰ ਦੁਬਾਰਾ ਖੋਲ੍ਹਣ ਬਾਰੇ ਸੋਚਿਆ ਜਾ ਰਿਹਾ ਹੈ। ਅਮਰੀਕਾ ਵੱਲੋ ਉਠਾਏ ਗਏ ਇਸ ਕਦਮ ਨਾਲ ਭਾਰਤ ਦੇ ਇਸ ਉਦਯੋਗ ਨੂੰ ਭਾਰੀ ਝੱਟਕਾ ਲਗ ਸਕਦਾ ਹੈ।