ਫ਼ਤਹਿਗੜ੍ਹ ਸਾਹਿਬ – “1947 ਵਿਚ ਸਰਹੱਦ ਤੇ ਬਣੀ ਰੈਡਕਲਿਫ ਲਾਈਨ ਦੀ ਬਦੌਲਤ ਹੀ ਸਿੱਖ ਕੌਮ ਨੂੰ ਆਪਣੇ ਮੁਲਕ ਦੇ ਵੰਡ ਦੀ ਵੱਡੀ ਤਕਲੀਫ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਇਸ ਨਾਲ ਜਾਨੀ, ਮਾਲੀ, ਭੂਗੋਲਿਕ ਨੁਕਸਾਨ ਹੋਣ ਦੇ ਨਾਲ-ਨਾਲ ਸਾਡੇ ਜਾਨ ਤੋਂ ਪਿਆਰੇ ਸ੍ਰੀ ਕਰਤਾਰਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਂਨ ਅਤੇ ਸਾਡੀਆਂ ਕੀਮਤੀ ਜ਼ਾਇਦਾਦਾਂ ਅਤੇ ਧਨ-ਦੌਲਤ ਵੀ ਪਾਕਿਸਤਾਨ ਵਿਚ ਰਹਿ ਗਏ । ਇਸ ਨੁਕਸਾਨ ਬਾਰੇ ਹਿੰਦੂ ਲੀਡਰਸ਼ਿਪ ਗਾਂਧੀ, ਨਹਿਰੂ ਤੇ ਪਟੇਲ, ਦੂਸਰੇ ਪਾਸੇ ਮੁਸਲਿਮ ਆਗੂ ਜਨਾਬ ਜਿਨਾਹ ਨੂੰ ਵੀ ਜਾਣਕਾਰੀ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ-ਨਾਲ ਆਪ ਖੁਦ ਵੀ ਸਿੱਖ ਕੌਮ ਨਾਲ ਵੱਡਾ ਧੋਖਾ ਕੀਤਾ ਅਤੇ ਪਿੱਠ ਵਿਚ ਖੰਜਰ ਖੁਭੋਇਆ । ਲੇਕਿਨ ਇਸਦੇ ਬਾਵਜੂਦ ਵੀ ਅਸੀਂ ਇਸਲਾਮਿਕ ਪਾਕਿਸਤਾਨ ਸ੍ਰੀ ਇਮਰਾਨ ਖਾਨ ਹਕੂਮਤ ਦੇ ਸੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਪਾਕਿਸਤਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਣਾਈ ਅਤੇ ਸਾਡੇ ਗੁਰਧਾਮਾਂ ਦੇ ਦਰਸ਼ਨਾਂ ਲਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੁੱਲ੍ਹਦਿਲੀ ਨਾਲ ਖੋਲਿਆ । ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੇ ਦਿਹਾੜੇ ਤੇ ਹੋਰ ਇਤਿਹਾਸਿਕ ਦਿਹਾੜਿਆ ਉਤੇ ਉਪਰੋਕਤ ਦੋਵਾਂ ਮੁਲਕਾਂ ਨੂੰ ਵਿਸਾਲਤਾ ਦਾ ਪ੍ਰਗਟਾਵਾਂ ਕਰਦੇ ਹੋਏ ਸਿੱਖ ਕੌਮ ਨੂੰ ਇਨ੍ਹਾਂ ਮੌਕਿਆਂ ਤੇ ਬਿਨ੍ਹਾਂ ਕਿਸੇ ਤਰ੍ਹਾਂ ਦੀ ਮੰਦਭਾਵਨਾ ਰੱਖਿਆ ਦਰਸ਼ਨ ਕਰਨ ਦੀ ਖੁੱਲ੍ਹ ਪ੍ਰਦਾਨ ਕਰਨੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸਲਾਮਿਕ ਪਾਕਿਸਤਾਨ ਅਤੇ ਹਿੰਦੂ-ਇੰਡੀਆਂ ਦੇ ਹੁਕਮਰਾਨਾਂ ਨੂੰ ਪਾਕਿਸਤਾਨ ਵਿਚ ਰਹਿ ਚੁੱਕੇ ਗੁਰਧਾਮਾਂ ਅਤੇ ਗੁਰਪੁਰਬਾਂ ਉਤੇ ਸਿੱਖ ਕੌਮ ਨੂੰ ਵਿਸਾਲਤਾ ਨਾਲ ਖੁੱਲ੍ਹਦਿਲੀ ਪ੍ਰਦਾਨ ਕਰਨ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇਂ ਪਾਕਿਸਤਾਨ ਹਕੂਮਤ ਨੇ ਸਾਡੇ ਧਾਰਮਿਕ ਸਥਾਂਨ ਦੇ ਦਰਸ਼ਨਾਂ ਨੂੰ ਅਤੇ ਸੁਰੱਖਿਆ ਨੂੰ ਬਹਾਲ ਕਰ ਦਿੱਤਾ ਹੈ, ਉਸੇ ਤਰ੍ਹਾਂ ਹਿੰਦੂ ਇੰਡੀਅਨ ਰਾਜ ਨੂੰ ਰਾਵੀ ਨਦੀ ਦੇ ਖੱਬੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌਮ ਨੂੰ ਦਰਸ਼ਨ ਕਰਨ ਆਏ ਯਾਤਰੂਆਂ ਦੀ ਸਹੂਲਤ ਲਈ ਇਕ ਵੱਡੀ ਇਮਾਰਤ ਉਸਾਰਨ ਦੀ ਆਗਿਆ ਦੇਣ ਦਾ ਤੁਰੰਤ ਐਲਾਨ ਕਰਨਾ ਚਾਹੀਦਾ ਹੈ, ਜਿਥੇ ਪੰਜਾਬ ਦੇ ਮਾਝੇ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਨਿਵਾਸੀਆਂ ਨੂੰ ਜਿਸ ਸਥਾਂਨ ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆ ਗਈਆ ਸਨ ਉਥੇ ਸਿੱਖਾਂ ਨੂੰ ਅਜਿਹੀ ਪ੍ਰਵਾਨਗੀ ਹੋਣੀ ਚਾਹੀਦੀ ਹੈ । ਇਸਦੇ ਨਾਲ ਹੀ ਇਨ੍ਹਾਂ ਧਾਰਮਿਕ ਸਥਾਨਾਂ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਦਾ ਮੁਫਤ ਪ੍ਰਬੰਧ ਹੋਣਾ ਜ਼ਰੂਰੀ ਹੈ ਜਿਸ ਨਾਲ ਪਾਸਪੋਰਟਾਂ ਤੇ ਵੀਜੇ ਪ੍ਰਾਪਤ ਕਰਨ ਲਈ ਆਉਣ ਵਾਲੀਆ ਗੁੰਝਲਦਾਰ ਰੁਕਾਵਟਾਂ ਤੋਂ ਵੀ ਸਿੱਖ ਕੌਮ ਨੂੰ ਵੱਡੀ ਰਾਹਤ ਮਿਲ ਸਕੇਗੀ ।
ਇਹ ਗੱਲ ਕਰਦਿਆ ਇਹ ਵੀ ਵਰਨਣ ਕਰਨਾ ਜ਼ਰੂਰੀ ਹੈ ਕਿ 1947 ਵਿਚ ਅੰਗਰੇਜ਼ ਹਕੂਮਤ ਨੇ ਮੁਸਲਮਾਨਾਂ ਤੇ ਹਿੰਦੂਆਂ ਨੂੰ ਤਾਂ ਵੱਖਰੇ-ਵੱਖਰੇ ਸੰਪੂਰਨ ਪ੍ਰਭੂਸਤਾ ਵਾਲੇ ਰਾਜ ਭਾਗ ਸੌਪ ਦਿੱਤੇ । ਪਰ ਤੀਜੀ ਮੁੱਖ ਧਿਰ ਜਿਸਨੇ ਲੰਮਾਂ ਸਮਾਂ ਖ਼ਾਲਸਾ ਰਾਜ ਦਰਬਾਰ ਦੇ ਪ੍ਰਬੰਧ ਅਧੀਨ ਆਪਣੀ ਕੌਮੀਅਤ ਦੀ ਆਜ਼ਾਦੀ, ਨਿੱਡਰਤਾ ਅਤੇ ਸਰਬੱਤ ਦੇ ਭਲੇ ਦੀ ਸੋਚ ਅਧੀਨ ਵਿਚਰਦੇ ਹੋਏ ਸਮੁੱਚੇ ਸੰਸਾਰ ਵਿਚ ਖ਼ਾਲਸਾ ਰਾਜ ਦੇ ਮਨੁੱਖਤਾ ਪੱਖੀ ਗੁਣਾਂ ਦੀ ਧਾਂਕ ਜਮਾਈ, ਉਸ ਨੂੰ ਦੂਜੀਆਂ ਦੋਵੇ ਕੌਮਾਂ ਦੀ ਤਰ੍ਹਾਂ ਵੱਖਰਾ ਰਾਜ ਭਾਗ ਨਾ ਦੇਣਾ ਵੀ ਬਹੁਤ ਵੱਡੀ ਗੁਸਤਾਖੀ ਸੀ । ਜਿਨ੍ਹਾਂ ਨੂੰ ਅੱਜ ਇੰਡੀਆਂ ਵਿਚ ਰਹਿੰਦੇ ਹੋਏ ਗੁਲਾਮੀਅਤ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਜਦੋਂਕਿ ਸਿੱਖ ਕੌਮ ਨਾ ਪਹਿਲੇ, ਨਾ ਅੱਜ ਅਤੇ ਨਾ ਹੀ ਆਉਣ ਵਾਲੇ ਸਮੇਂ ਵਿਚ ਗੁਲਾਮੀਅਤ ਨੂੰ ਪ੍ਰਵਾਨ ਕਰੇਗੀ । ਸਿੱਖ ਕੌਮ ਅੱਜ ਵੀ ਆਪਣੀ ਆਜ਼ਾਦ ਬਾਦਸ਼ਾਹੀ ਕਾਇਮ ਕਰਨ ਦੀ ਸੋਚ ਨੂੰ ਲੈਕੇ ਤੜਫ ਵੀ ਰਹੀ ਹੈ ਅਤੇ ਸੰਘਰਸ਼ ਵੀ ਕਰ ਰਹੀ ਹੈ । ਜਿਹੜੀ ਆਜਾਦ ਬਾਦਸ਼ਾਹੀ ਸਿੱਖ ਰਾਜ, ਇਸਲਾਮਿਕ ਪਾਕਿਸਤਾਨ, ਕਾਉਮਨਿਸਟ ਚੀਨ ਅਤੇ ਹਿੰਦੂ ਇੰਡੀਆਂ ਦੇ ਵਿਚਕਾਰ ਬਤੌਰ ਬਫਰ ਸਟੇਟ ਦੇ ਹੋਂਦ ਵਿਚ ਆਵੇਗਾ ਅਤੇ ਇਸਦੀ ਹੋਂਦ ਨਾਲ ਹੀ ਦੱਖਣੀ ਏਸੀਆ ਦੇ ਸਮੁੱਚੇ ਇਲਾਕੇ ਵਿਚ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਕਾਇਮ ਰਹਿ ਸਕੇਗੀ ।