ਨਵੀਂ ਦਿੱਲੀ – ‘ਜਾਗੋ’ ਪਾਰਟੀ ਨੇ ਸਿੱਖ ਮਾਮਲਿਆਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਉਣਤਾਈਆ ਦਾ ਹਵਾਲਾ ਦਿੰਦੇ ਹੋਏ ਮੌਜੂਦਾ ਪ੍ਰਬੰਧਕੀ ਢਾਂਚੇ ਦੇ ਥੱਲੇ ਡਿੱਗਣ ਦਾ ਦਾਅਵਾ ਕੀਤਾ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਪਾਰਟੀ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਈ 2016 ਵਿੱਚ ਗੁਰਦੁਆਰਾ ਰਾਮਸਰ ਸਾਹਿਬ, ਅੰਮ੍ਰਿਤਸਰ ਵਿਖੇ ਸੁੱਖ ਆਸਣ ਸਥਾਨ ਉੱਤੇ ਲੱਗੀ ਅੱਗ ਦੇ ਕਾਰਨ ਨੁਕਸਾਨ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਗਿਣਤੀ ਉੱਤੇ ਸ਼੍ਰੋਮਣੀ ਕਮੇਟੀ ਦੀ ਦੁਬਿਧਾ ਦਾ ਖ਼ੁਲਾਸਾ ਕੀਤਾ ਹੈ। ਨਾਲ ਹੀ ਅੱਜ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਵਿਖੇ ਦਸਮ ਗ੍ਰੰਥ ਦੀ ਕਥਾ ਉੱਤੇ ਹੋਏ ਵਿਵਾਦ ਦੇ ਕਾਰਨ ਸੰਗਤ ਵਿੱਚ ਹੋਏ ਆਪਸੀ ਟਕਰਾਓ ਨੂੰ ਦਿੱਲੀ ਕਮੇਟੀ ਦੇ ਪ੍ਰਬੰਧ ਦੇ ਲੱਚਰ ਹੋਣ ਦੇ ਤੌਰ ਉੱਤੇ ਪਰਿਭਾਸ਼ਿਤ ਕੀਤਾ ਹੈਂ। ਜੀਕੇ ਨੇ ਦਾਅਵਾ ਕੀਤਾ ਕਿ ਮਈ 2016 ਵਿੱਚ ਲੱਗੀ ਅੱਗ ਦੇ ਕਾਰਨ ਹੋਏ ਨੁਕਸਾਨ ਦਾ ਲੇਖਾ ਹੁਣ ਫਰਵਰੀ 2020 ਵਿੱਚ ਕਮੇਟੀ ਦੇ ਖਾਤਿਆਂ ਵਿੱਚ ਪੁਰਾ ਕੀਤਾ ਜਾ ਰਿਹਾ ਹੈ। ਜੀਕੇ ਨੇ ਸ਼੍ਰੋਮਣੀ ਕਮੇਟੀ ਦਾ ਇੱਕ ਦਫ਼ਤਰੀ ਨੋਟ ਦਿਖਾਉਂਦੇ ਹੋਏ ਦੱਸਿਆ ਕਿ ਫਰਵਰੀ 2020 ਵਿੱਚ ਬਣੇ ਇਸ ਨੋਟ ਵਿੱਚ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦੇ ਹਸਤਾਖ਼ਰ ਹਨ ਅਤੇ 80 ਪਾਵਨ ਸਰੂਪ ਅੱਗ ਵਿੱਚ ਨੁਕਸਾਨ ਹੋਣ ਦੇ ਬਾਅਦ ਗੋਇੰਦਵਾਲ ਸਾਹਿਬ ਅੰਤਿਮ ਸੰਸਕਾਰ ਲਈ ਭੇਜੇ ਜਾਣ ਦਾ ਹਵਾਲਾ ਹੈ। ਪਰ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਅਤੇ ਰੂਪ ਸਿੰਘ ਮਾਰਚ 2020 ਵਿੱਚ ਕੀਤੀ ਗਈ ਪ੍ਰੇਸ ਕਾਨਫ਼ਰੰਸ ਵਿੱਚ ਨੁਕਸਾਨ ਹੋਏ ਸਰੂਪਾਂ ਦੀ ਗਿਣਤੀ 14 ਦੱਸਦੇ ਹਨ। ਜਦੋਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਾਂਚ ਕਮੇਟੀ ਨੂੰ ਇਸ ਦੀ ਗਿਣਤੀ 5 ਦੱਸੀ ਜਾਂਦੀ ਹੈ। ਜੀਕੇ ਨੇ ਕਿਹਾ ਕਿ ਜਦੋਂ 2016 ਵਿੱਚ ਅੱਗ ਲਗਦੀ ਹੈ ਤਾਂ ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਭਾਵਿਤ ਸਥਾਨ ਉੱਤੇ ਅੰਦਰ ਨਹੀਂ ਜਾਣ ਦਿੰਦੀ। ਜੀਕੇ ਨੇ ਇਲਜ਼ਾਮ ਲਗਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਬਾਅ ਵਿੱਚ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ 4 ਸਾਲ ਬਾਅਦ ਗਡ਼ਬਡ਼ੀ ਕਰ ਕੇ ਡੇਰਿਆਂ ਨੂੰ ਦਿੱਤੇ ਗਏ ਸਰੂਪਾਂ ਨੂੰ ਅੱਗ ਵਿੱਚ ਸੜਿਆ ਹੋਇਆ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਪਿਛਲੇ ਦਿਨਾਂ ਸੁਖਬੀਰ ਦੀ ਜ਼ਮੀਰ ਜਾਗਣ ਦੀ ਅਰਦਾਸ ਇਸੇ ਲਈ ਕੀਤੀ ਸੀ, ਤਾਂਕਿ ਸੱਚ ਸਾਹਮਣੇ ਆਏ। ਪਰ ਸਾਹਮਣੇ ਆਇਆ ਕਿ 4 ਸਾਲ ਪੁਰਾਣੇ ਰਿਕਾਰਡ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਜੀਕੇ ਨੇ ਦਾਅਵਾ ਕੀਤਾ ਕਿ ਦਫ਼ਤਰੀ ਨੋਟ ਦੇ ਅਨੁਸਾਰ 80 ਸਰੂਪ ਗੋਇੰਦਵਾਲ ਸਾਹਿਬ ਗਏ ਹਨ ਪਰ ਗੋਇੰਦਵਾਲ ਸਾਹਿਬ ਵਿੱਚ ਇਸ ਸਬੰਧੀ ਕੋਈ ਰਿਕਾਰਡ ਨਹੀਂ ਹੈ।
ਕਲ ਅਫ਼ਗ਼ਾਨਿਸਤਾਨ ਤੋਂ ਆਏ 8 ਪਾਵਨ ਸਰੂਪਾਂ ਨੂੰ ਦਿੱਲੀ ਹਵਾਈ ਅੱਡੇ ਉੱਤੇ ਲੈਣ ਗਏ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਮਰਿਆਦਾ ਦਾ ਧਿਆਨ ਨਾ ਕਰਨ ਦਾ ਵੀ ਜੀਕੇ ਨੇ ਇਲਜ਼ਾਮ ਲਗਾਇਆ। ਜੀਕੇ ਨੇ ਕਿਹਾ ਕਿ ਹਰ ਇੱਕ ਸਰੂਪ ਦੇ ਉੱਤੇ 1 ਚਵਰ ਸਾਹਿਬ ਝੁਲਾਉਣ ਲਈ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਹੈ, ਪਰ 1 ਚਵਰ ਸਾਹਿਬ ਦੇ ਨਾਲ 8 ਸਰੂਪਾਂ ਨੂੰ ਲਿਆ ਕੇ ਸਿਰਸਾ ਨੇ ਆਪਣੀ ਧਾਰਮਿਕ ਅਗਿਆਨਤਾ ਦੀ ਇੱਕ ਵਾਰ ਫਿਰ ਪੋਲ ਖੋਲੀ ਹੈ। ਆਪਣੀ ਫ਼ੋਟੋ ਖਿਚਵਾਉਣ ਦੀ ਹੋੜ ਵਿੱਚ ਸਿਰਸਾ ਨੇ ਸਿਰ ਉੱਤੇ ਸਰੂਪ ਲੈ ਕੇ ਜਹਾਜ਼ ਤੋਂ ਬਾਹਰ ਆਏ ਸਿੰਘਾਂ ਨੂੰ ਕਾਫ਼ੀ ਸਮਾਂ ਰੋਕੇ ਰੱਖਿਆ। ਇਹ ਗੁਰੂ ਸਾਹਿਬ ਦੀ ਬੇਇੱਜ਼ਤੀ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਪ੍ਰਸ਼ਾਦੀ ਹਾਥੀ ਵੱਲੋਂ ਗੁਰੂ ਸਾਹਿਬ ਉੱਤੇ ਚਵਰ ਕਰਨ ਦਾ ਇਤਿਹਾਸ ਵਿੱਚ ਹਵਾਲਾ ਹੈ, ਪਰ ਸਿਰਸਾ ਨੂੰ ਕੁੱਝ ਨਹੀਂ ਪਤਾ। ਜੀਕੇ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਸਮ ਗ੍ਰੰਥ ਦੀ ਬਾਣੀ ਦੀ ਕਥਾ ਨੂੰ ਲੈ ਕੇ ਅੱਜ ਹੋਏ ਟਕਰਾਓ ਦਾ ਜ਼ਿੰਮੇਵਾਰ ਦਿੱਲੀ ਕਮੇਟੀ ਨੂੰ ਦੱਸਿਆ। ਜੀਕੇ ਨੇ ਕਿਹਾ ਕਿ ਮੇਰੇ ਪ੍ਰਧਾਨ ਰਹਿੰਦੇ ਵੀ ਦਸਮ ਗ੍ਰੰਥ ਦੀ ਕਥਾ ਹੋਈ ਹੈ, ਪਰ ਇਸ ਤਰਾਂ ਦੀ ਹੁੱਲੜਬਾਜ਼ੀ ਕਦੇ ਨਹੀਂ ਹੋਈ ਸੀ। ਜੇਕਰ ਕੁੱਝ ਲੋਕ ਕਥਾ ਦਾ ਵਿਰੋਧ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਸਮਝਾਉਣਾ ਕਮੇਟੀ ਦਾ ਕੰਮ ਸੀ। ਜੀਕੇ ਨੇ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਕੇਂਦਰ ਸਰਕਾਰ ਵੱਲੋਂ ਦੱਸੀ ਗਈ ਅਧਿਕਾਰਤ ਭਾਸ਼ਾਵਾਂ ਤੋਂ ਬਾਹਰ ਰੱਖਣ ਨੂੰ ਲੈ ਕੇ ਦਿੱਤੇ ਗਏ ਆਦੇਸ਼ ਨੂੰ ਗ਼ਲਤ ਦੱਸਦੇ ਹੋਏ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਭੇਜਣ ਦਾ ਐਲਾਨ ਕੀਤਾ।