ਮਹਿਤਾ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਭਾਸ਼ਾ ਬਿੱਲ ਵਿੱਚੋਂ ਪੰਜਾਬੀ ਨੂੰ ਬਾਹਰ ਰੱਖਣ ਪ੍ਰਤੀ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਸਬੰਧੀ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਬਿਲ ਵਿਚ ਪੰਜਾਬੀ ਨੂੰ ਦਰਕਿਨਾਰ ਕਰਨਾ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੱਕਾ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਪੰਜਾਬੀ ਭਾਸ਼ਾ ਨੂੰ ਰਾਜ ਵਿੱਚ ਪਹਿਲਾਂ ਦੀ ਤਰਾਂ ਢੁਕਵੀਂ ਸਥਾਨ ਯਕੀਨੀ ਬਣਾਉਣ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨਾਲ ਸਿੱਖਾਂ ਅਤੇ ਪੰਜਾਬੀਆਂ ਦੀ ਡੂੰਘੀ ਸਾਂਝ ਰਹੀ। ਇਤਿਹਾਸ ਗਵਾਹ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਜੰਮੂ-ਕਸ਼ਮੀਰ ਨੂੰ ਅਫ਼ਗ਼ਾਨਿਸਤਾਨ ਨਾਲੋਂ ਤੋੜ ਕੇ ਖ਼ਾਲਸਾ ਰਾਜ ਦਾ ਹਿੱਸਾ ਬਣਾਇਆ ਗਿਆ। ਮੌਜੂਦਾ ਭਾਸ਼ਾ ਬਿਲ ਵਿਚੋਂ ਪੰਜਾਬੀ ਨੂੰ ਮਨਫ਼ੀ ਕਰਨਾ ਰਾਜਨੀਤੀ ਤੋਂ ਪ੍ਰੇਰਿਤ ਲਗ ਰਿਹਾ ਹੈ। ਜੰਮੂ ਕਸ਼ਮੀਰ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਕਮੀ ਨਹੀਂ ਹੈ, ਅੱਜ ਵੀ ਲੱਖਾਂ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ ਅਤੇ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੇ ਸੰਵਿਧਾਨ ਵਿਚ ਵੀ ਮਾਨਤਾ ਮਿਲੀ ਹੋਈ ਸੀ ਅਤੇ ਪੰਜਾਬੀ ਭਾਸ਼ਾ ਨੂੰ ਢੁਕਵਾਂ ਸਥਾਨ ਪ੍ਰਾਪਤ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਇੱਕ ਮੁਕੰਮਲ ਅਮੀਰ ਭਾਸ਼ਾ ਹੈ, ਜਿਸ ਦੀ ਆਪਣੀ ਵੱਖਰੀ ਲਿਪੀ, ਆਪਣੀ ਮੁਹਾਰਨੀ ਅਤੇ ਉਚਾਰਨ ਸ਼ੈਲੀ ਹੈ, ਜੋ ਹੋਰਨਾਂ ਭਾਸ਼ਾਵਾਂ ਨਾਲੋਂ ਆਪਣੀ ਵਿਲੱਖਣਤਾ ਨੂੰ ਦਰਸਾਉਂਦੀ ਹੈ। ਗੁਰੂ ਸਾਹਿਬਾਨ ਨੇ ਇਸ ਸਦੀਆਂ ਪੁਰਾਣੀ ਬੋਲੀ ਨੂੰ ਪ੍ਰਫੁਲਿਤ ਕਰਦਿਆਂ ਆਪਣੀ ਇਸੇ ਮਾਂ ਬੋਲੀ ਵਿੱਚ ਗੁਰਬਾਣੀ ਉਚਾਰਨ ਕੀਤਾ ਅਤੇ ਲੋਕਾਂ ਨੂੰ ਉਪਦੇਸ਼ ਦਿੱਤਾ। ਗੁਰੂ ਸਾਹਿਬਾਨ ਨੇ ਦੇਸ਼ ਵਿਦੇਸ਼ ਵਿੱਚ ਰਤਨ ਕਰਦੇ ਵਕਤ ਲੋੜ ਅਨੁਸਾਰ ਸਥਾਨਿਕ ਬੋਲੀਆਂ ਨੂੰ ਵੀ ਸਥਾਨ ਦਿੱਤਾ ਪਰ ਆਪਣੀ ਮਾਂ ਬੋਲੀ ਪੰਜਾਬੀ ਦਾ ਪੱਲਾ ਕਦੀ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਹੋਰ ਭਾਸ਼ਾਵਾਂ ਦਾ ਗਿਆਨ ਚੰਗੀ ਗੱਲ ਹੈ ਪਰ ਪੰਜਾਬੀ ਬੋਲੀ ਨੂੰ ਉਚਿੱਤ ਸਨਮਾਨ ਨਾ ਦੇਣਾ, ਅਨਿਆਂ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਤਾਂ ਪੰਜਾਬੀ ਭਾਸ਼ਾ ਨੂੰ ਬਣਦਾ ਸਥਾਨ ਮਿਲ ਰਿਹਾ ਹੈ ਪਰ ਜੰਮੂ ਕਸ਼ਮੀਰ ਦੀ ਧਰਤੀ ਜਿੱਥੇ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਸੰਖਿਆ ਮੌਜੂਦ ਹੈ ਵਿਖੇ ਪੰਜਾਬੀ ਭਾਸ਼ਾ ਨੂੰ ਦੁਰਕਾਰਨਾ ਪੰਜਾਬੀ ਭਾਸ਼ਾ ਨਾਲ ਵੱਡਾ ਵਿਤਕਰਾ ਅਤੇ ਪੰਜਾਬੀ ਹਿਤੈਸ਼ੀ ਮਨਾਂ ਅਤੇ ਜਜ਼ਬਾਤਾਂ ਨੂੰ ਭਾਰੀ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਵਿਚ ਘੱਟ ਗਿਣਤੀਆਂ ਵਾਲੀਆਂ ਸਹੂਲਤਾਂ ਹਾਸਲ ਕਰਨ ਲਈ ਸਿੱਖ ਪਹਿਲਾਂ ਹੀ ਜੂਝ ਰਹੇ ਹਨ। ਅਜਿਹੇ ਵਿਚ ਪੰਜਾਬੀ ਨੂੰ ਮਨਫ਼ੀ ਕਰਕੇ ਇਕ ਵਾਰ ਫਿਰ ਕਸ਼ਮੀਰੀ ਸਿੱਖਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ ਭਾਰਤ ਅਤੇ ਜੰਮੂ ਕਸ਼ਮੀਰ ਰਿਆਸਤ ਲਈ ਕੀਤੀਆਂ ਗਈਆਂ ਕੁਰਬਾਨੀਆਂ ਦੇ ਮੱਦੇਨਜ਼ਰ ਸਰਕਾਰ ਨੂੰ ਜੰਮੂ ਕਸ਼ਮੀਰ ਦੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ।