ਫ਼ਤਹਿਗੜ੍ਹ ਸਾਹਿਬ – “ਬੀਜੇਪੀ ਦੀ ਮੁਤੱਸਵੀ ਮੋਦੀ ਹਕੂਮਤ ਜਾਂ ਆਰ.ਐਸ.ਐਸ. ਵਰਗੀਆਂ ਫਿਰਕੂ ਜਮਾਤਾਂ ਵੱਲੋਂ ਖੁੱਲ੍ਹੇਆਮ ਇੰਡੀਅਨ ਵਿਧਾਨ ਦੇ ਨਿਰਪੱਖਤਾ ਵਾਲੇ ਨਿਯਮਾਂ ਦਾ ਉਲੰਘਣ ਕਰਕੇ ‘ਹਿੰਦੂ ਰਾਸ਼ਟਰ’ ਦੀ ਗੱਲ ਕਰਦੇ ਹੋਏ ਆਪਣੀ ਸਿਆਸੀ ਤਾਕਤ, ਅਗਜੈਕਟਿਵ, ਪਾਰਲੀਮੈਟ ਅਤੇ ਜੁਡੀਸੀਅਰੀ ਦੀ ਦੁਰਵਰਤੋਂ ਕਰਕੇ ਮੁਸਲਿਮ ਕੌਮ ਦੇ ਸਦੀਆਂ ਤੋਂ ਅਯੁੱਧਿਆ ਵਿਖੇ ਸਥਿਤ ਬਾਬਰੀ ਮਸਜਿਦ ਨੂੰ ਜ਼ਬਰੀ ਗਿਰਾਕੇ ਉਥੇ ਰਾਮ ਮੰਦਰ ਦੀ ਉਸਾਰੀ ਸੁਰੂ ਕੀਤੀ ਜਾ ਸਕਦੀ ਹੈ, ਤਾਂ ਇਹ ਕਾਨੂੰਨ ਪੈਟਰਨ ਪਾਰਲੀਮੈਟ ਜਾਂ ਇਥੋਂ ਦੀ ਜੁਡੀਸੀਅਰੀ ਵੱਲੋਂ ਸਾਨੂੰ ‘ਖ਼ਾਲਿਸਤਾਨ’ ਦੀ ਜਮਹੂਰੀਅਤ ਅਤੇ ਅਮਨਮਈ ਤਰੀਕੇ ਗੱਲ ਕਰਨ, ਪ੍ਰਚਾਰ ਕਰਨ ਤੇ ਇਸ ਸੰਬੰਧੀ ਬਾਦਲੀਲ ਢੰਗ ਨਾਲ ਲਿਟਰੇਚਰ ਪ੍ਰਕਾਸ਼ਿਤ ਕਰਕੇ ਜਨਤਾ ਵਿਚ ਵੰਡਣ ਤੋਂ ਪੰਜਾਬੀਆਂ ਜਾਂ ਸਿੱਖ ਕੌਮ ਨੂੰ ਖ਼ਾਲਿਸਤਾਨ ਲਈ ਲਾਮਬੰਦ ਕਰਨ ਤੋਂ ਕੋਈ ਤਾਕਤ ਕਿਵੇਂ ਰੋਕ ਸਕਦੀ ਹੈ ? ਦੂਸਰਾ ਭਾਵੇ ਅਸੀਂ ਸ. ਗੁਰਪਤਵੰਤ ਸਿੰਘ ਪੰਨੂੰ ਦੀ ਕਾਰਗੁਜਾਰੀ ਨਾਲ ਸਹਿਮਤ ਨਹੀਂ ਹਾਂ । ਪਰ ਉਹ ਉਸ ਅਮਰੀਕਾ ਜਮਹੂਰੀਅਤ ਪਸ਼ੰਦ ਦੇਸ਼ ਦੇ ਨਿਵਾਸੀ ਅਤੇ ਨਾਗਰਿਕ ਹਨ । ਜਿਥੋਂ ਦਾ ਕਾਨੂੰਨ ਸਭਨਾਂ ਨੂੰ ਆਪਣੀ ਆਜ਼ਾਦੀ ਨਾਲ ਹਰ ਗੱਲ ਕਰਨ, ਵਿਚਾਰ ਪੇਸ਼ ਕਰਨ ਦੇ ਹੱਕ ਪ੍ਰਦਾਨ ਕਰਦਾ ਹੈ । ਉਸ ਦੇਸ਼ ਦੇ ਨਾਗਰਿਕਾਂ, ਨਿਵਾਸੀਆਂ ਨੂੰ ਜੋ ਉਥੋਂ ਦੇ ਕਾਨੂੰਨ ਅਨੁਸਾਰ ਹੱਕ-ਹਕੂਕ ਪ੍ਰਾਪਤ ਹਨ, ਉਨ੍ਹਾਂ ਉਤੇ ਮੋਦੀ ਹਕੂਮਤ ਵਰਗੀ ਫਿਰਕੂ ਸਰਕਾਰ ਜਾਂ ਸਿਆਸਤਦਾਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਕਰਨਾ ਕੌਮਾਂਤਰੀ ਪੱਧਰ ਤੇ ਕੋਈ ਮਾਇਨਾ ਨਹੀਂ ਰੱਖਦੀ ਅਤੇ ਨਾ ਹੀ ਉਨ੍ਹਾਂ ਜਾਂ ਸਾਡੇ ਵਰਗੇ ਖ਼ਾਲਿਸਤਾਨੀਆਂ ਉਤੇ ਖ਼ਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾਕੇ ਗੈਰ ਕਾਨੂੰਨੀ ਕੋਈ ਅਮਲ ਕਰ ਸਕਦੀ ਹੈ । ਜੇਕਰ ਖ਼ਾਲਿਸਤਾਨ ਵਿਚ ਵਿਸਵਾਸ ਰੱਖਣ ਵਾਲੀ ਪੰਜਾਬੀ ਅਤੇ ਸਿੱਖ ਨੌਜ਼ਵਾਨੀ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਉਤੇ ਦਹਿਸਤ ਪਾਉਣ, ਡਰਾਉਣ-ਧਮਕਾਉਣ ਦੀ ਮੰਦਭਾਵਨਾ ਅਧੀਨ ਹੁਕਮਰਾਨ ਝੂਠੇ ਕੇਸ ਪਾ ਕੇ ਕੋਈ ਕਾਰਵਾਈ ਕਰਦੇ ਹਨ, ਤਾਂ ਇਹ ਇੰਡੀਅਨ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਖ਼ਾਲਿਸਤਾਨ ਦੇ ਪੱਖ ਵਿਚ ਕੀਤੇ ਗਏ ਫੈਸਲਿਆ ਦਾ ਉਲੰਘਣ ਕਰਕੇ ਹੁਕਮਰਾਨ ਇਥੋਂ ਦੀਆਂ ਅਦਾਲਤਾਂ ਅਤੇ ਆਪਣੇ ਹੀ ਜੱਜਾਂ ਦੀ ਤੋਹੀਨ ਕਰ ਰਹੀ ਹੈ । ਜਿਨ੍ਹਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਹੋਣੀ ਬਣਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਰਕੂ ਮੋਦੀ ਹਕੂਮਤ ਅਤੇ ਸਿਆਸਤਦਾਨਾਂ ਵੱਲੋਂ ਸ. ਗੁਰਪਤਵੰਤ ਸਿੰਘ ਪੰਨੂੰ ਜਾਂ ਪੰਜਾਬ ਵਿਚ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਕੰਮ ਕਰ ਰਹੀ ਪੰਜਾਬੀ ਅਤੇ ਸਿੱਖ ਨੌਜ਼ਵਾਨੀ ਉਤੇ ਹਿੰਦੂ ਹਕੂਮਤ ਅਤੇ ਪੰਜਾਬ ਦੀ ਸਰਕਾਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਨਿਸ਼ਾਨਾਂ ਬਣਾਉਣ ਦੇ ਇਥੇ ਅਰਾਜਕਤਾ ਫੈਲਾਉਣ ਵਾਲੇ ਮਨੁੱਖਤਾ ਵਿਰੋਧੀ ਅਮਲਾਂ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਅਜਿਹੀਆ ਕਾਰਵਾਈਆ ਦੀ ਬਦੌਲਤ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਖ਼ਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬਹੁਤ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹੋ ਰਹੇ ਹਨ ਕਿ ਜਿਸ ਸਥਾਨ ਤੇ ਕਦੀ ਰਾਮ ਮੰਦਰ ਇਤਿਹਾਸ ਵਿਚ ਹੋਇਆ ਹੀ ਨਹੀਂ ਅਤੇ ਜਿਥੇ ਸਦੀਆਂ ਤੋਂ ਮੁਸਲਿਮ ਕੌਮ ਦੀ ਬਾਬਰੀ ਮਸਜਿਦ ਸਥਿਤ ਸੀ, ਉਥੇ ਹੁਕਮਰਾਨਾਂ ਵੱਲੋਂ ਪਾਰਲੀਮੈਟ, ਜੁਡੀਸੀਅਰੀ, ਜੱਜਾਂ ਦੀ ਦੁਰਵਰਤੋ ਕਰਕੇ ਰਾਮ ਮੰਦਰ ਦਾ ਨੀਹ ਰੱਖਣ ਦਾ ਫੈਸਲਾ ਕਰਵਾਇਆ । ਜਿਸ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਗੰਗੋਈ ਨੇ ਅਯੁੱਧਿਆ ਵਿਖੇ ਰਾਮ ਮੰਦਰ ਬਣਾਉਣ ਦੇ ਹੱਕ ਵਿਚ ਫੈਸਲਾ ਕੀਤਾ, ਉਸ ਨੂੰ ਪਹਿਲੇ ਇਕ ਸੁਪਰੀਮ ਕੋਰਟ ਦੀ ਮਹਿਲਾ ਅਫ਼ਸਰ ਨਾਲ ਗੈਰ ਇਖਲਾਕੀ ਕਾਰਵਾਈ ਕਰਨ ਤੋਂ ਹੁਕਮਰਾਨਾਂ ਨੇ ਪੂਰੀ ਤਾਕਤ ਲਗਾਕੇ ਬਚਾਇਆ । ਫਿਰ ਉਸ ਨੂੰ ਬਲੈਕਮੇਲ ਕਰਕੇ ਉਨ੍ਹਾਂ ਤੋਂ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਕਰਵਾਇਆ । ਉਸ ਸ੍ਰੀ ਗੰਗੋਈ ਨਾਮ ਦੇ ਜੱਜ ਦੇ ਰਿਟਾਇਰ ਹੋਣ ਤੋਂ ਬਾਅਦ ਉਸ ਨੂੰ ਇਵਜਾਨੇ ਦੇ ਰੂਪ ਵਿਚ ਰਾਜ ਸਭਾ ਦਾ ਮੈਬਰ ਬਣਾਇਆ । ਇਹ ਸਾਰਾ ਬਿਰਤਾਤ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲਾਂ ਨੂੰ ਪ੍ਰਤੱਖ ਕਰਦਾ ਹੈ । ਅਸੀ ਇਥੇ ਜਸਟਿਸ ਗੰਗੋਈ ਅਤੇ ਜਿਸ ਬੀਬੀ ਨਾਲ ਉਸਨੇ ਦੁਰਵਿਹਾਰ ਕੀਤਾ, ਉਨ੍ਹਾਂ ਦੀ ਜਾਣਕਾਰੀ ਹਿੱਤ ਫੋਟੋ ਦੇਣਾ ਮੁਨਾਸਿਬ ਸਮਝਦੇ ਹਾਂ ।
ਜਦੋਂ ਆਉਣ ਵਾਲੇ ਸਮੇਂ ਵਿਚ ਸਾਡੀ ਖ਼ਾਲਿਸਤਾਨ ਦੀ ਹਕੂਮਤ ਕਾਇਮ ਹੋਵੇਗੀ, ਤਾਂ ਅਜਿਹੇ ਹੁਕਮਰਾਨ ਤੇ ਸਿਆਸਤਦਾਨ ਤਾਂ ਸਾਡੇ ਖ਼ਾਲਿਸਤਾਨ ਕਾਨੂੰਨ ਦੇ ਸਿੱਧੇ ਤੌਰ ਤੇ ਦੋਸ਼ੀ ਹੋਣਗੇ । ਫਿਰ ਇਨ੍ਹਾਂ ਦੀ ਹਾਲਤ ਕੀ ਹੋਵੇਗੀ ? ਉਨ੍ਹਾਂ ਕਿਹਾ ਕਿ ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਸੀ ਤਾਂ ਉਸਨੇ ਕਿਹਾ ਸੀ ਕਿ ਮੇਰੀ ਕਿਲ੍ਹਾ ਸ. ਹਰਨਾਮ ਸਿੰਘ (ਫ਼ਤਹਿਗੜ੍ਹ ਸਾਹਿਬ) ਦੀ ਜ਼ਮੀਨ ਨੂੰ ਸਰਕਾਰੀ ਕਬਜੇ ਵਿਚ ਲੈਕੇ ਇਥੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਵੱਡੀ ਜੇਲ੍ਹ ਬਣਾਈ ਜਾਵੇਗੀ । ਜਦੋਂਕਿ ਅਜਿਹੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਵਿਚਾਰਾਂ ਨੂੰ ਅਮਲੀ ਰੂਪ ਦੇਣ ਤੋਂ ਪਹਿਲੇ ਹੀ ਮਰਹੂਮ ਬੇਅੰਤ ਸਿੰਘ ਨੂੰ ਉਨ੍ਹਾਂ ਦੇ ਕੀਤੇ ਅਣਮਨੁੱਖੀ ਤੇ ਗੈਰ ਕਾਨੂੰਨੀ ਕਾਰਵਾਈਆ ਦੀ ਸਜ਼ਾ ਉਸ ਅਕਾਲ ਪੁਰਖ ਨੇ ਦੇ ਦਿੱਤੀ ਅਤੇ ਉਹ ਅਗਲੇ ਜਹਾ ਵਿਚ ਪਹੁੰਚ ਗਿਆ । ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੇ ਕੌਮੀ ਮਿਸ਼ਨ ਲਈ ਤਾਂ ਸਿੱਖਾਂ ਨੇ ਤਾਂ ਆਪਣੀਆ ਜਾਨਾਂ ਨਿਸਾਵਰ ਕਰ ਦਿੱਤੀਆ ਹਨ । ਜੇਕਰ ਮਰਹੂਮ ਬੇਅੰਤ ਸਿੰਘ ਮੇਰੀ ਜਮੀਨ ਤੇ ਜੇਲ੍ਹ ਬਣਾ ਵੀ ਦਿੰਦੇ ਕੀ ਅਜਿਹਾ ਕਰਨ ਨਾਲ ਖ਼ਾਲਿਸਤਾਨ ਦੀ ਲਹਿਰ ਰੁਕ ਜਾਣੀ ਸੀ ਜਾਂ ਮੈ ਖ਼ਾਲਿਸਤਾਨ ਦੀ ਗੱਲ ਕਰਨਾ ਛੱਡ ਜਾਣਾ ਸੀ ? ਉਹ ਤਾਂ ਅੱਜ ਵੀ ਜਾਰੀ ਹੈ ਅਤੇ ਖ਼ਾਲਿਸਤਾਨ ਬਣਨ ਤੱਕ ਇਸੇ ਤਰ੍ਹਾਂ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ ਅਤੇ ਦੂਰਅੰਦੇਸ਼ੀ ਨਾਲ ਜਾਰੀ ਰਹੇਗੀ । ਨਾ ਕਾਂਗਰਸ, ਨਾ ਬੀਜੇਪੀ, ਨਾ ਆਰ.ਐਸ.ਐਸ. ਅਤੇ ਨਾ ਹੀ ਹੋਰ ਫਿਰਕੂ ਜਮਾਤਾਂ ਜਾਂ ਕੋਈ ਹੋਰ ਤਾਕਤ ਖ਼ਾਲਿਸਤਾਨੀਆਂ ਜਾਂ ਸਿੱਖਾਂ ਉਤੇ ਗੈਰ ਕਾਨੂੰਨੀ ਕਾਰਵਾਈਆਂ ਜਾਂ ਜ਼ਬਰ ਕਰਕੇ ਸਾਨੂੰ ਆਪਣੇ ਕੌਮੀ ਮਿਸ਼ਨ ਦੀ ਪ੍ਰਾਪਤੀ ਵੱਲ ਵੱਧਣ ਅਤੇ ਮੰਜਿਲ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਣਗੇ । ਬਲਕਿ ਅਜਿਹੇ ਅਣਮਨੁੱਖੀ ਅਤੇ ਗੈਰ ਕਾਨੂੰਨੀ ਕਾਰਵਾਈਆ ਕਰਨ ਵਾਲੇ ਸਿਆਸਤਦਾਨ ਜਾਂ ਫਿਰਕੂ ਆਗੂਆਂ ਦਾ ਇਤਿਹਾਸ ਵਿਚ ਕੋਈ ਨਾਮੋ ਨਿਸਾਨ ਨਹੀਂ ਰਹੇਗਾ । ਸਿੱਖ ਕੌਮ ਦਾ ਜਦੋਂ ਤੋਂ ਜਨਮ ਹੋਇਆ ਹੈ, ਆਪਣੀਆ ਮਨੁੱਖਤਾ ਪੱਖੀ, ਅਮਨ-ਚੈਨ, ਜਮਹੂਰੀਅਤ ਵਾਲੀਆ ਉਦਮਾਂ ਦੀ ਬਦੌਲਤ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਦਾ ਕੌਮਾਂਤਰੀ ਸਤਿਕਾਰ ਵੀ ਕਾਇਮ ਰਹੇਗਾ ਅਤੇ ਖ਼ਾਲਿਸਤਾਨ ਦਾ ਮੁਲਕ ਦੁਨੀਆਂ ਦੇ ਨਕਸੇ ਤੇ ਹਰ ਕੀਮਤ ਤੇ ਉਕਰਕੇ ਰਹੇਗਾ ।