ਬੀਜਿੰਗ – ਐਫਏਟੀਐਫ ਨੇ ਪਾਕਿਸਤਾਨ ਨੂੰ ਅੱਤਵਾਦ ਦੇ ਖਿਲਾਫ਼ ਯੋਗ ਕਾਰਵਾਈ ਨਾ ਕਰਨ ਕਰਕੇ ਉਸ ਨੂੰ ਗਰੇ ਸੂਚੀ ਵਿੱਚ ਰੱਖਿਆ ਹੋਇਆ ਹੈ। ਵਿਸ਼ਵ ਸੰਸਥਾ ਨੇ ਉਸ ਨੂੰ ਅੱਤਵਾਦੀਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਲਈ ਕਿਹਾ ਸੀ। ਇਸ ਦੇ ਵਿਪਰੀਤ ਚੀਨ ਨੇ ਪਾਕਿਸਤਾਨ ਵੱਲੋਂ ਅੱਤਵਾਦ ਦੇ ਵਿਰੁੱਧ ਉਠਾਏ ਜਾ ਰਹੇ ਕਦਮਾਂ ਦਾ ਸਮੱਰਥਨ ਕਰਦੇ ਹੋਏ ਉਸ ਦੀ ਤਾਰੀਫ਼ ਕੀਤੀ ਹੈ। ਚੀਨ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਚੀਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਝਾਓ ਲਿਜਾਨ ਨੇ ਕਿਹਾ, ‘ ਅੱਤਵਾਦ ਸਾਰੇ ਦੇਸ਼ਾਂ ਲਈ ਇੱਕ ਆਮ ਚੁਣੌਤੀ ਹੈ। ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ਼ ਲੜਾਈ ਵਿੱਚ ਵੱਡੇ ਪੱਧਰ ਤੇ ਯਤਨ ਕੀਤੇ ਹਨ ਅਤੇ ਬਹੁਤ ਵੱਡਾ ਬਲੀਦਾਨ ਦਿੱਤਾ ਹੈ। ਇਸ ਦੇ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਉਸ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ। ਚੀਨ ਸੱਭ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ।’ ਵਰਨਣਯੋਗ ਹੈ ਕਿ ਅਗਲੇ ਮਹੀਨੇ ਐਫਏਟੀਐਫ ਦੀ ਮੀਟਿੰਗ ਹੋਣੀ ਹੈ। ਇਸ ਬੈਠਕ ਵਿੱਚ ਪਾਕਿਸਤਾਨ ਦੇ ਬਲੈਕ ਲਿਸਟ ਹੋਣ ਸਬੰਧੀ ਫੈਂਸਲਾ ਹੋਣਾ ਹੈ।