ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੂੰ ਲਿਖੇ ਪੱਤਰ ਨੂੰ ਲੈ ਕੇ ‘ਜਾਗੋ’ ਪਾਰਟੀ ਨੇ ਸਿਰਸਾ ਦੀ ਤਾਰੀਫ ਕਰਦੇ ਹੋਏ ਨਸੀਹਤ ਵੀ ਦਿੱਤੀ ਹੈ। ਸਿਰਸਾ ਨੇ ਐਨਸੀਬੀ ਨੂੰ ਲਿਖੇ ਪੱਤਰ ਵਿੱਚ ਹਿੰਦੀ ਫ਼ਿਲਮ ਇੰਡਸਟਰੀ ਦੇ ਕੁੱਝ ਕਲਾਕਾਰਾਂ ਦੇ ਨਸ਼ਾ ਕਰਨ ਦਾ ਹਵਾਲਾ ਦਿੰਦੇ ਹੋਏ ਫ਼ਿਲਮ ਇੰਡਸਟਰੀ ਨੂੰ ‘ਉੱਡਦਾ ਬਾਲੀਵੁੱਡ’ ਦੱਸਿਆ ਸੀ। ਇਸ ਮਸਲੇ ਉੱਤੇ ਪ੍ਰਤੀਕਰਮ ਦਿੰਦੇ ਹੋਏ ‘ਜਾਗੋ’ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਨੇ ਸਿਰਸਾ ਨੂੰ ਆਪਣੇ ਸਮੇਤ ਸਾਰੇ ਕਮੇਟੀ ਮੈਂਬਰਾਂ ਦਾ ਡੋਪ ਟੇਸਟ ਕਰਵਾਉਣ ਦੀ ਚੁਨੌਤੀ ਦਿੱਤੀ ਹੈ। ਚਮਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਾਰੇ 12000 ਪਿੰਡਾਂ ਤੱਕ ਨਸ਼ਾ ਪਹੁੰਚਣ ਦੀ ਜ਼ਿੰਮੇਵਾਰ ਮੰਨੀ ਜਾਂਦੀ ਅਕਾਲੀ ਸਰਕਾਰ ਦੇ ਸਮੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਰਹੇ ਸਿਰਸਾ ਨੂੰ ਨੈਤਿਕਤਾ ਦੇ ਆਧਾਰ ਉੱਤੇ ਨਸ਼ੇ ਦੇ ਮਾਮਲੇ ਉੱਤੇ ਬੋਲਣ ਦਾ ਹੱਕ ਨਹੀਂ ਬਣਦਾ। ਜੇਕਰ ਬਾਲੀਵੁੱਡ ਦੇ ਅਦਾਕਾਰਾਂ ਉੱਤੇ ਨਸ਼ਾ ਕਰਨ ਦਾ ਇਲਜ਼ਾਮ ਹੈ ਤਾਂ ਵੱਡੇ ਅਕਾਲੀ ਨੇਤਾਵਾਂ ਉੱਤੇ ਨਸ਼ਾ ਵੇਚਣ ਅਤੇ ਵੰਡਣ ਦੇ ਗੰਭੀਰ ਇਲਜ਼ਾਮ ਹਨ। ਜਿਸ ਦੀ ਜਾਂਚ ਪਰਿਵਰਤਨ ਨਿਦੇਸ਼ਾਲਾ ਕਰ ਰਿਹਾ ਹੈ।
ਆਪਣੀ ਸਰਕਾਰ ਦੇ ਸਮੇਂ ਪੰਜਾਬ ਵਿੱਚ ਚਲ਼ਦੇ ਰਹੇ ਡਰੱਗ ਮਾਫ਼ੀਆ ਉੱਤੇ ਬੋਲਣ ਦੀ ਸਿਰਸਾ ਨੂੰ ਨਸੀਹਤ ਦਿੰਦੇ ਹੋਏ ਦਿੱਲੀ ਕਮੇਟੀ ਚੋਣਾਂ ਤੋਂ ਠੀਕ ਪਹਿਲਾਂ ਚਮਨ ਸਿੰਘ ਨੇ ਚੋਣ ਦੰਗਲ ਵਿੱਚ ਨਸ਼ਾ ਨੂੰ ਮੁੱਦਾ ਬਣਾਉਣ ਦਾ ਸੰਕੇਤ ਦਿੱਤਾ ਹੈ। ਚਮਨ ਸਿੰਘ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਨੇ 1980-90 ਵਿੱਚ ਪੰਜਾਬ ਵਿੱਚ ਬੰਦੂਕ ਦੀਆਂ ਗੋਲੀਆਂ ਨਾਲ ਜਵਾਨੀ ਖ਼ਤਮ ਕੀਤੀ ਸੀ ਪਰ ਅਕਾਲੀਆਂ ਦੀ ਸਰਕਾਰ ਨੇ 2007-17 ਵਿੱਚ ਨਸ਼ੇ ਦੀਆਂ ਗੋਲੀਆਂ ਨਾਲ ਜਵਾਨੀ ਤਬਾਹ ਕਰਨ ਦਾ ਕੰਮ ਕੀਤਾ ਸੀ। ਇਸ ਲਈ ਮੈਂ ਸਿਰਸਾ ਨੂੰ ਨਸ਼ੇ ਦੇ ਮਾਮਲੇ ਵਿੱਚ ਪੂਰਾ ਸੱਚ ਬੋਲਣ ਦੀ ਅਪੀਲ ਕਰਦਾ ਹਾਂ। ਚਮਨ ਸਿੰਘ ਨੇ ਸਿਰਸਾ ਨੂੰ ਪੁੱਛਿਆ ਦੀ ਬੱਦੀ, ਹਿਮਾਚਲ ਵਿੱਚ ਸਥਿਤ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਦੱਸੀ ਜਾਂਦੀ ਦਵਾਈ ਕੰਪਨੀਆਂ ਵਿੱਚ ਕਿਹੜੀ ਦਵਾਈਆਂ ਬਣਦੀ ਹਨ ? ਇਹ ਵੀ ਲੋਕਾਂ ਨੂੰ ਜ਼ਰੂਰ ਦੱਸਣ। ਜੇਕਰ ਉਹ ਸੱਚ ਬੋਲਣਗੇ, ਤਾਂ ਮੈਂ ਫਿਰ ਸਿਰਸਾ ਦੀ ਤਾਰੀਫ ਕਰਾਂਗਾ।