ਦੀਨ ਦੁਖੀਆਂ, ਸਮਾਜ ਦੇ ਗਰੀਬ ਅਤੇ ਪਛੜੇ ਵਰਗਾਂ ਦੀ ਸਹਾਇਤਾ ਕਰਨ ਦੀ ਗੁੜ੍ਹਤੀ ਦਵਿੰਦਰ ਕੌਰ ਨੂੰ ਆਪਣੇ ਪਰਿਵਾਰ ਦੀ ਵਿਰਾਸਤ ਵਿਚੋਂ ਹੀ ਮਿਲੀ ਸੀ। ਵਿਆਹ ਤੋਂ ਬਾਅਦ ਉਸਦੇ ਸਹੁਰਿਆਂ ਦਾ ਪਰਿਵਾਰ ਵੀ ਸਿਆਸੀ ਅਤੇ ਸਮਾਜ ਸੇਵਾ ਕਰਨ ਵਾਲਾ ਸੀ, ਜਿਸ ਕਰਕੇ ਉਸਦੀ ਸਮਾਜ ਸੇਵਾ ਦੀ ਪ੍ਰਵਿਰਤੀ ਲਗਾਤਾਰ ਜ਼ਾਰੀ ਰਹੀ। ਉਨ੍ਹਾਂ ਦਾ ਪੇਕਾ ਪਰਿਵਾਰ ਦੇਸ ਭਗਤ ਅਤੇ ਸੁਤੰਤਰਤਾ ਸੰਗਰਾਮੀ ਸੀ। ਜਿਸ ਕਰਕੇ ਦੇਸ ਭਗਤੀ ਅਤੇ ਸਮਾਜ ਸੇਵਾ ਦੀ ਚਿਣਗ ਉਨ੍ਹਾਂ ਨੂੰ ਬਚਪਨ ਵਿਚ ਹੀ ਲੱਗ ਗਈ ਸੀ। ਜਦੋਂ ਉਹ ਗਰਲਜ਼ ਕਾਲਜ ਸਿਧਵਾਂ ਕਲਾਂ ਵਿਚ ਪੜ੍ਹ ਰਹੇ ਸਨ ਤਾਂ ਐਨ ਐਸ ਐਸ ਨਾਲ ਜੁੜ ਗਏ, ਜਿਥੋਂ ਉਨ੍ਹਾਂ ਵਿਚ ਸਮਾਜ ਸੇਵਾ ਕਰਨ ਦੀ ਰੁਚੀ ਨੂੰ ਹੋਰ ਬਲ ਮਿਲਿਆ। ਪੜਿ੍ਹਆ ਲਿਖਿਆ ਪਰਿਵਾਰ ਹੋਣ ਕਰਕੇ ਉਨ੍ਹਾਂ ਨੂੰ ਸਮਾਜ ਸੇਵਾ ਅਤੇ ਸਮਾਜਿਕ ਸਰਗਰਮੀਆਂ ਵਿਚ ਵਿਚਰਣ ਦੀ ਪੂਰੀ ਖੁਲ੍ਹ ਸੀ। ਉਨ੍ਹਾਂ ਦੇ ਪਰਿਵਾਰ ਦਾ ਟਰਾਂਸਪੋਰਟ ਦਾ ਕੰਮ ਸੀ, ਜਿਸ ਕਰਕੇ ਗਰੀਬਾਂ ਦੀ ਮਦਦ ਕਰਨ ਲਈ ਕਦੀ ਆਰਥਕ ਸਮੱਸਿਆ ਨਹੀਂ ਆਈ। ਦਾਖਾ ਪਿੰਡ ਤੋਂ ਜਦੋਂ ਉਨ੍ਹਾਂ ਸਿਧਾਰ ਕਾਲਜ ਵਿਚ ਦਾਖ਼ਲ ਲਿਆ ਤਾਂ ਉਥੇ ਜਾਣ ਲਈ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ। ਪਿੰਡ ਅਤੇ ਇਲਾਕੇ ਦੀਆਂ ਲੜਕੀਆਂ ਲਈ ਸਮੱਸਿਆ ਪੈਦਾ ਹੋ ਗਈ ਤਾਂ ਦਵਿੰਦਰ ਕੌਰ ਨੇ ਆਪਣੇ ਪਿਤਾ ਨੂੰ ਕਹਿਕੇ ਲੜਕੀਆਂ ਨੂੰ ਕਾਲਜ ਲੈ ਕੇ ਅਤੇ ਵਾਪਸ ਲਿਆਉਣ ਲਈ ਪਰਿਵਾਰ ਦੀ ਬਸ ਦਾ ਇੰਤਜ਼ਾਮ ਕਰਵਾਇਆ ਅਤੇ ਲੜਕੀਆਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਸੀ। ਉਨ੍ਹਾਂ ਗ੍ਰੈਜੂਏਸ਼ਨ ਗਰਲਜ਼ ਕਾਲਜ ਸਿਧਵਾਂ ਕਲਾਂ ਤੋਂ ਪਾਸ ਕੀਤੀ। ਕਾਲਜ ਵਿਚ ਪੜ੍ਹਦਿਆਂ ਹੀ ਉਨ੍ਹਾਂ ਗਰੀਬ ਲੜਕੀਆਂ ਦੀ ਪੜ੍ਹਾਈ ਵਿਚ ਮਦਦ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦਾ ਵਿਆਹ ਲੁਧਿਆਣਾ ਜਿਲ੍ਹੇ ਦੇ ਬਿਲਾਸਪੁਰ ਪਿੰਡ ਦੇ ਸਮਾਜ ਸੇਵਕ ਅਤੇ ਸਿਆਸਤਦਾਨ ਪਰਿਵਾਰ ਵਿਚ ਸ੍ਰ ਤੇਜ ਪ੍ਰਕਾਸ਼ ਸਿੰਘ ਸਪੁਤਰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਲ 1969 ਵਿਚ ਹੋਇਆ। ਸਹੁਰੇ ਪਰਿਵਾਰ ਵਿਚ ਆ ਕੇ ਵੀ ਉਨ੍ਹਾਂ ਆਪਣਾ ਸਮਾਜ ਸੇਵਾ ਦਾ ਕੰਮ ਪਰਿਵਾਰ ਦੀ ਵੇਖ ਭਾਲ ਦੇ ਨਾਲ ਹੀ ਕਰਨਾ ਜ਼ਾਰੀ ਰੱਖਿਆ। ਜਦੋਂ ਸ੍ਰ ਤੇਜ ਪ੍ਰਕਾਸ਼ ਸਿੰਘ ਮੰਤਰੀ ਸਨ ਤਾਂ ਆਪ ਗ਼ਰੀਬ ਲੋਕਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ। ਉਨ੍ਹਾਂ ਦੀ ਇਕ ਖ਼ੂਬੀ ਇਹ ਵੀ ਸੀ ਕਿ ਉਹ ਸਮਾਜ ਸੇਵਾ ਚੁੁੱਪ ਚੁਪੀਤੇ ਕਰਦੇ ਰਹਿੰਦੇ ਸਨ। ਉਨ੍ਹਾ ਦਾ ਵੱਡਾ ਲੜਕਾ ਗੁਰਕੀਰਤ ਸਿੰਘ ਕੋਟਲੀ ਖੰਨਾ ਤੋਂ ਵਿਧਾਨਕਾਰ ਹੈ ਅਤੇ ਸਰਬ ਭਾਰਤੀ ਕਾਂਗਰਸ ਦਾ ਸੰਯੁਕਤ ਸਕੱਤਰ ਹੈ। ਛੋਟਾ ਲੜਕਾ ਹਰਕੀਰਤ ਸਿੰਘ ਜੋ ਕੋਟਲਾ ਅਫਗਾਨਾ ਪਿੰਡ ਦਾ ਸਰਪੰਚ ਸੀ ਸਵਰਗ ਸਿਧਾਰ ਗਿਆ ਸੀ।
ਦਵਿੰਦਰ ਕੌਰ ਦਾ ਜਨਮ 1 ਫਰਵਰੀ 1950 ਨੂੰ ਲੁਧਿਆਣਾ ਜਿਲ੍ਹੇ ਦੇ ਪਿੰਡ ਦਾਖਾ ਵਿਖੇ ਮਾਤਾ ਸ਼੍ਰੀਮਤੀ ਕੁਲਵੰਤ ਕੌਰ ਅਤੇ ਪਿਤਾ ਸਰਦਾਰ ਲਛਮਣ ਸਿੰਘ ਸੇਖੋਂ ਦੇ ਘਰ ਹੋਇਆ। ਮੁਲਾਂਪੁਰ ਅੱਡਾ ਵੀ ਲਛਮਣ ਸਿੰਘ ਸੇਖੋਂ ਦਾ ਹੀ ਵਸਾਇਆ ਹੋਇਆ ਹੈ। ਲਛਮਣ ਸਿੰਘ ਸੇਖੋਂ ਸੁਤੰਤਰਤਾ ਸੰਗਰਾਮੀਏ ਸਨ, ਜਿਨ੍ਹਾਂ ਫੌਜ ਵਿਚ ਨੌਕਰੀ ਕੀਤੀ। ਫੌਜ ਦੀ ਨੌਕਰੀ ਦੌਰਾਨ ਹੀ ਉਨ੍ਹਾਂ ਦੇ ਮਨ ਨੂੰ ਅੰਗਰੇਜਾਂ ਦੇ ਵਿਵਹਾਰ ਤੋਂ ਠੇਸ ਲੱਗੀ ਅਤੇ ਉਨ੍ਹਾਂ ਫੌਜ ਵਿਚ ਹੀ ਬਗਾਬਤ ਕਰ ਦਿੱਤੀ। ਉਨ੍ਹਾਂ ਨੇ ਦੂਜੀ ਸੰਸਾਰ ਜੰਗ ਵਿਚ ਜਾਣ ਤੋਂ ਵੀ ਇਨਕਾਰ ਕਰ ਦਿੱਤਾ, ਜਿਸ ਕਰਕੇ ਪਹਿਲਾਂ ਆਪ ਦਾ ਕੋਰਟ ਮਾਰਸ਼ਲ ਕੀਤਾ ਅਤੇ ਫਿਰ ਫਾਂਸੀ ਦੀ ਸਜ਼ਾ ਸੁਣਾਈ ਗਈ ਪ੍ਰੰਤੂ ਕੁਝ ਸਮੇਂ ਬਾਅਦ ਇਹ ਸਜ਼ਾ 15 ਸਾਲ ਦੀ ਕੈਦ ਵਿਚ ਬਦਲ ਗਈ। ਅੰਡੇਮਾਨ ਵਿਖੇ ਉਨ੍ਹਾਂ ਨੂੰ ਰੱਖਿਆ ਗਿਆ ਜਿਥੇ ਅਨੇਕਾਂ ਤਸੀਹੇ ਦਿੱਤੇ ਗਏ। ਦਵਿੰਦਰ ਕੌਰ ਕੋਟਲੀ 70 ਸਾਲ ਦੀ ਉਮਰ ਭੋਗ ਕੇ ਲੰਬੀ ਬਿਮਾਰੀ ਤੋਂ ਬਾਅਦ 16 ਸਤੰਬਰ ਨੂੰ ਪੀ ਜੀ ਆਈ ਵਿਚ ਸਵਰਗ ਸਿਧਾਰ ਗਏ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਖੰਡਪਾਠ ਦਾ ਭੋਗ ਅਤੇ ਅੰਤਮ ਅਰਦਾਸ 20 ਸਤੰਬਰ ਨੂੰ ਹੋਵੇਗੀ। ਦੋਸਤਾਂ ਮਿਤਰਾਂ ਅਤੇ ਪਰਿਵਾਰ ਦੇ ਨਜ਼ਦੀਕੀਆਂ ਨੂੰ ਬੇਨਤੀ ਹੈ ਕਿ ਉਹ ਕੋਵਿਡ-19 ਸੰਬੰਧੀ ਸਰਕਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਆਪੋ ਆਪਣੇ ਘਰਾਂ ਵਿਚ ਹੀ ਅਰਦਾਸ ਕਰਨ। ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕੋਈ ਪਹੁੰਚਣ ਦੀ ਖੇਚਲ ਨਾ ਕਰਨ।