ਚੰਡੀਗੜ੍ਹ – ਹਰਸਿਮਰਤ ਕੌਰ ਵੱਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਦੇ ਬਾਅਦ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਨਾਲ ਗਠਜੋੜ ਹੋਣ ਕਰ ਕੇ ਉਸ ਉਪਰ ਤਿੱਖੇ ਵਾਰ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੇ ਮੁੱਖਮੰਤਰੀ ਨੇ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਹੱਕ ਦੀ ਗੱਲ ਕਰ ਕੇ ਆਪਣਾ ਚਿਹਰਾ ਛੁਪਾਉਣ ਦਾ ਯਤਨ ਕਰ ਰਿਹਾ ਹੈ। ਬਿੱਲ ਪਾਸ ਹੋਣ ਤੋਂ ਪਹਿਲਾਂ ਉਹ ਇਸ ਦਾ ਸਮੱਰਥਨ ਕਰਦੇ ਰਹੇ ਹਨ ਅਤੇ ਹੁਣ ਕਿਸਾਨਾਂ ਦਾ ਵੋਟ ਬੈਂਕ ਖੁਸ ਜਾਣ ਦੇ ਡਰ ਕਾਰਨ ਸਿਆਸਤ ਖੇਡ ਰਹੇ ਹਨ। ਪੰਜਾਬ ਵਾਸੀ ਇਸ ਲਈ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ!
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਕੋਲ ਸ਼੍ਰੋਮਣੀ ਅਕਾਲੀ ਦਲ ਲਈ 10 ਸਵਾਲ ਹਨ ਅਤੇ ਮੈਨੂੰ ਯਕੀਨ ਹੈ ਕਿ ਉਨ੍ਹਾਂ ਕੋਲ ਇਨ੍ਹਾਂ ਦਾ ਕੋਈ ਜਵਾਬ ਨਹੀਂ ਹੈ। ਉਹ ਸਿਰਫ਼ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ। ਫਿਰ ਵੀ ਸੁਖਬੀਰ ਅਤੇ ਹਰਸਿਮਰਤ ਦੋਵਾਂ ਨੂੰ ਮੈਂ ਕੁੱਝ ਸਵਾਲ ਪੁੱਛਦਾ ਹਾਂ:
1. ਲੋਕ ਸਭਾ ਵਿੱਚ ਖੇਤੀ ਬਿੱਲ ਪਾਸ ਹੋਣ ਤੱਕ ਕੀ ਤੁਹਾਡੇ ਦੋਵਾਂ ‘ਚੋਂ ਕਿਸੇ ਨੇ ਵੀ ਹੁਣ ਤੱਕ ਇਸਨੂੰ ਕਿਸਾਨ-ਵਿਰੋਧੀ ਬਿੱਲ ਕਿਹਾ?
2. ਕੀ ਹਰਸਿਮਰਤ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਸਨ ਜਦੋਂ ਕਿਸੇ ਦੀ ਵੀ ਸਲਾਹ ਲਏ ਬਗੈਰ ਆਰਡੀਨੈਂਸ ਲਾਗੂ ਕੀਤੇ ਗਏ ਸਨ?
3. ਆਪਣੇ ਅਸਤੀਫੇ ਤੱਕ ਕੀ ਹਰਸਿਮਰਤ ਬਾਦਲ ਨੇ ਇੱਕ ਵਾਰ ਵੀ ਕਿਸਾਨਾਂ ਨੂੰ ਇਹ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਬਿੱਲ ‘ਤੇ ਮੁੜ ਵਿਚਾਰ ਕੀਤਾ ਜਾਵੇ, ਜਿਸਦਾ ਹੁਣ ਉਹ ਦਾਅਵਾ ਕਰ ਰਹੀ ਹੈ?
4. ਹੁਣ ਤੱਕ ਹਰਸਿਮਰਤ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਂਸ ਸਬੰਧੀ ਚਿੰਤਾਵਾਂ ਨਾ ਸਿਰਫ਼ ਕਿਸਾਨਾਂ ਦੀਆਂ ਸਗੋਂ ਉਸਦੀਆਂ ਵੀ ਹਨ? ਪਰ ਨਹੀਂ ਉਸਨੇ ਸਿਰਫ਼ ਇਹਨਾਂ ਚਿੰਤਾਵਾਂ ਨੂੰ ਕਿਸਾਨਾਂ ਦਾ ਹੀ ਦੱਸਿਆ ਹੈ।
5. ਕਿਉਂ ਸ਼੍ਰੋਮਣੀ ਅਕਾਲੀ ਦਲ ਹਾਲੇ ਤੱਕ ਭਾਜਪਾ ਦਾ ਹਿੱਸਾ ਹੈ?
6. ਕੀ ਤੁਸੀਂ ਇਕ ਵੀ ਕਿਸਾਨ ਪੱਖੀ ਪਹਿਲ ਦਾ ਹਵਾਲਾ ਦੇ ਸਕਦੇ ਹੋ ਜੋ ਤੁਸੀਂ ਪਿਛਲੇ 6 ਸਾਲਾਂ ਤੋਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਮੰਨਣ ਲਈ ਕਿਹਾ ਹੋਵੇ?
7. ਕੀ ਸੁਖਬੀਰ ਨੇ ਮੇਰੇ ਵੱਲੋਂ ਇਸ ਮੁੱਦੇ ‘ਤੇ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿਚ ਸਪਸ਼ਟ ਅਤੇ ਨਿਰਪੱਖਤਾ ਨਾਲ ਇਹ ਨਹੀਂ ਕਿਹਾ ਕਿ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਕਿਸਾਨੀ ਨੂੰ ਲਾਭ ਪਹੁੰਚਾਉਣਗੇ?
8. ਕੀ ਤੁਹਾਡੇ ਵਿਚੋਂ ਕੋਈ ਵੀ ਉੱਚ ਪੱਧਰੀ ਕਮੇਟੀ ਦੀ ਕਿਸੇ ਵੀ ਮੀਟਿੰਗ ਵਿਚ ਮੌਜੂਦ ਸੀ, ਜਿਸ ‘ਤੇ ਤੁਸੀਂ ਮੇਰੀ ਸਰਕਾਰ ਦੇ ਸਟੈਂਡ ਅਤੇ ਜਵਾਬਾਂ ਪ੍ਰਤੀ ਬੇਬੁਨਿਆਦ ਦਾਅਵੇ ਕਰ ਰਹੇ ਹੋ?
9. ਤੁਸੀਂ ਅਤੇ ਤੁਹਾਡੀ ਪਾਰਟੀ ਨੇ ਕਾਂਗਰਸ ਪਾਰਟੀ ਦੇ ਸਾਲ 2019 ਦੇ ਲੋਕ ਸਭਾ ਚੋਣਾਂ ਮੈਨੀਫੈਸਟੋ ਅਤੇ ਸਾਲ 2017 ਦੇ ਚੋਣ ਮੈਨੀਫੈਸਟੋ ਵਿੱਚ ਖੇਤੀਬਾੜੀ ਨਾਲ ਜੁੜੇ ਪ੍ਰਮੁੱਖ ਹਿੱਸਿਆਂ ਨੂੰ ਜਾਣ ਬੁੱਝ ਕੇ ਕਿਉਂ ਨਜ਼ਰਅੰਦਾਜ਼ ਕੀਤਾ ਹੈ?
10. ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸੇ ਤਰ੍ਹਾਂ ਬਾਰ ਬਾਰ ਝੂਠ ਬੋਲ ਕੇ ਉਸਨੂੰ ਸੱਚ ਬਣਾ ਕੇ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾ ਸਕੋਗੇ? ਤੁਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਵਰਗੀਆਂ ਖੋਖਲੀਆਂ ਗੱਲਾਂ ਕਰਦੇ ਰਹੇ ਤੇ ਕਿਸਾਨ ਵਿਰੋਧੀ ਕੇਂਦਰ ਦੀ ਭਾਜਪਾ ਸਰਕਾਰ ਦਾ ਹਿੱਸਾ ਬਣੇ ਰਹੇ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਕਿਸਾਨ ਵਿਰੋਧੀ ਕਾਨੂੰਨਾਂ ‘ਤੇ ਮੁੜ ਵਿਚਾਰ ਕਰਨਾ ਹੋਵੇਗਾ ਜੋ ਸਾਡੇ ਕਿਸਾਨਾਂ ਦੀ ਸਖ਼ਤ ਮਿਹਨਤ, ਬਲਿਦਾਨ ਤੇ ਹਿੰਮਤ ਨੂੰ ਤੋੜ ਦੇਵੇਗਾ ਜਿਨ੍ਹਾਂ ਨੇ ਪਿਛਲੇ 65 ਸਾਲਾਂ ਤੋਂ ਆਪਣੀ ਹੱਡ ਚੀਰਵੀਂ ਮਿਹਨਤ ਨਾਲ ਅਨਾਜ ਉਗਾਇਆ ਤੇ ਪੂਰੇ ਦੇਸ਼ਵਾਸੀਆਂ ਦਾ ਢਿੱਡ ਭਰਿਆ ਤੇ ਦੇਸ਼ ਅੰਦਰ ਅਨਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।