ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੋਦੀ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਹਮਾਇਤ ‘ਚ ਉੱਤਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਸਫਲ ਬਣਾਉਣ ਦੀ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਪੰਜਾਬ ਅਤੇ ਕਿਸਾਨਾਂ ਦੇ ਹੱਕ ‘ਚ ਚਟਾਨ ਵਾਂਗ ਖੜੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਆਤਮਨਿਰਭਰ ਕਰਨ ਵਾਲੀ ਕਿਸਾਨੀ ਬਿਹਤਰ ਵਰਤਾਓ ਦੇ ਹੱਕਦਾਰ ਹਨ, ਪਰ ਅਫ਼ਸੋਸ ਕਿ ਅੱਜ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅਜ ਵੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਖੇਤੀ ਬਿੱਲਾਂ ਸੰਬੰਧੀ ਪਹਿਲਾਂ ਤੋਂ ਹੀ ਕਰਜ਼ੇ ਦੇ ਬੋਝ ਹੇਠ ਸਹਿਕ ਰਹੀ ਕਿਸਾਨੀ ਦੇ ਤੌਖਲੇ ਦੂਰ ਕਰਨ ‘ਚ ਮੋਦੀ ਸਰਕਾਰ ਦਾ ਪੂਰੀ ਤਰਾਂ ਨਾਕਾਮ ਰਹਿਣਾ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕਾਹਲੀ ਨਾਲ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕਾਂ ਤਕ ‘ਚ ਉੱਠ ਰਹੇ ਰੋਹ ਅਤੇ ਰੋਸਮਈ ਬੁਲੰਦ ਆਵਾਜ਼ ਕਾਰਨ ਬਣ ਰਹੇ ਬੇਹੱਦ ਚਿੰਤਾਜਨਕ ਤੇ ਵਿਸਫੋਟਕ ਮਾਹੌਲ ਨੂੰ ਅਖੋ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਸੰਸਦ ‘ਚ ਪਾਸ ਕੀਤੇ ਗਏ ਉਕਤ ਖੇਤੀ ਬਿੱਲਾਂ ਪ੍ਰਤੀ ਮੁੜ ਵਿਚਾਰ ਕਰਦਿਆਂ ਵਾਪਸ ਲੈਣ ਅਤੇ ਇਸ ਦਾ ਸੰਤੁਸ਼ਟੀਜਨਕ ਹੱਲ ਕੱਢਣ ਦੀ ਲੋੜ ਹੈ। ਉਨ੍ਹਾਂ ਰਾਜਸੀ ਪਾਰਟੀਆਂ ਨੂੰ ਵੀ ਕਿਸਾਨੀ ਦੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਰਾਜਨੀਤੀ ਕਰਨ ਦੀ ਥਾਂ ਇਸ ਔਖੀ ਘੜੀ ‘ਚ ਕਿਸਾਨਾਂ, ਆੜ੍ਹਤੀਆਂ, ਖੇਤ ਤੇ ਮੰਡੀ ਮਜ਼ਦੂਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰਨ ਸਗੋਂ ਉਨ੍ਹਾਂ ਦਾ ਪੂਰਨ ਸਾਥ ਦੇਣ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਸੰਬੰਧੀ ਬਿੱਲਾਂ ਦੇ ਖਿਲਾਫ਼ ਸਟੈਂਡ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅੱਜ ਕੋਰੋਨਾ ਦੀ ਮਹਾਂਮਾਰੀ ਅਤੇ ਚੀਨ ਨਾਲ ਵਧ ਰਹੇ ਟਕਰਾਅ ਦੇ ਸਮੇਂ ਦੇਸ਼ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੀ ਥਾਂ ਮੋਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਚੱਲ ਰਿਹਾ ਦੇਸ਼ ਵਿਆਪੀ ਟਕਰਾਅ ਦੇਸ਼ ਦੇ ਹਿਤ ਵਿਚ ਨਹੀਂ ਹੈ। ਕਿਉਂਕਿ ਇਸ ਸਮੇਂ ਅਜਿਹਾ ਅੰਦਰੂਨੀ ਟਕਰਾਅ ਦੇਸ਼ ਨੂੰ ਹੋਰ ਵੀ ਕਮਜ਼ੋਰ ਕਰਨ ਵਿਚ ਸਹਾਈ ਹੋਵੇਗਾ। ਉਕਤ ਬਿੱਲਾਂ ਨਾਲ ਦੇਸ਼ ਦੇ ਹਿੱਤਾਂ ਨੂੰ ਪੁੱਜਣ ਵਾਲੇ ਨੁਕਸਾਨ ਤੇ ਖ਼ਤਰੇ ਦੀ ਸਮੀਖਿਆ ਵੀ ਕੀਤੀ ਜਾਣੀ ਚਾਹੀਦੀ ਹੈ।
ਖੇਤੀ ਬਿੱਲਾਂ ਖਿਲਾਫ਼ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਪੰਜਾਬ ਵਾਸੀ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
This entry was posted in ਪੰਜਾਬ.