ਹਰਸਿਮਰਤ ਕੌਰ ਬਾਦਲ ਨੇ ਭਾਵੇਂ ਕੇਂਦਰੀ ਮੰਤਰੀ ਮੰਡਲ ਚੋਂ ਖੇਤੀਬਾੜੀ ਬਿਲਾਂ ਦੇ ਵਿਰੋਧ ਵਜੋਂ ਅਸਤੀਫਾ ਦੇ ਦਿੱਤਾ ਹੈ ਪ੍ਰੰਤੂ ਕਿਸਾਨਾ ਵਿਚ ਉਨ੍ਹਾਂ ਪ੍ਰਤੀ ਅਜੇ ਵੀ ਵਿਦਰੋਹ ਜਿਉਂ ਦੀ ਤਿਉਂ ਬਰਕਰਾਰ ਹੈ। ਕਿਸਾਨ ਇਸ ਅਸਤੀਫੇ ਨੂੰ ਡਰਾਮੇਬਾਜ਼ੀ ਕਹਿ ਰਹੇ ਹਨ। ਸਿਆਸਤ ਵਿਚ ਸਾਰੀਆਂ ਰਾਜਨੀਤਕ ਪਾਰਟੀਆਂ ਲੋਕ ਹਿਤਾਂ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੰਦੀਆਂ ਹਨ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ ਤਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਗੁਮਰਾਹ ਕਰਕੇ ਦੂਜੀ ਵਾਰ ਸਰਕਾਰ ਬਣਾ ਲਈ ਹੈ। ਉਸ ਸਰਕਾਰ ਵਿਚ ਪੰਜਾਬ ਦੀ ਧਾਰਮਿਕ ਪਾਰਟੀ ਸ਼ਰੋਮਣੀ ਅਕਾਲੀ ਦਲ ਵੀ ਹਿੱਸੇਦਾਰ ਹੈ। ਦੋਵੇਂ ਧਾਰਮਿਕ ਪਾਰਟੀਆਂ ਹੋਣ ਕਰਕੇ ਕੁਦਰਤੀ ਹੈ ਕਿ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵਖਰੇਵਾਂ ਅਤੇ ਟਕਰਾਓ ਹੋਵੇਗਾ ਪ੍ਰੰਤੂ ਰਾਜਨੀਤੀ ਅਜਿਹਾ ਕਾਰੋਬਾਰ ਹੈ, ਇਸ ਵਿਚ ਨਿੱਜੀ ਹਿਤਾਂ ਦੀ ਪੂਰਤੀ ਲਈ ਰਾਜ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਕੇਂਦਰ ਸਰਕਾਰ ਅਜਿਹੇ ਫੈਸਲੇ ਕਰ ਰਹੀ ਸੀ, ਜਿਹੜੇ ਅਕਾਲੀ ਦਲ ਦੇ ਫੈਡਰਲ ਢਾਂਚੇ ਦੀ ਨੀਤੀ ਅਤੇ ਘੱਟ ਗਿਣਤੀਆਂ ਦੇ ਉਲਟ ਸਨ। ਪ੍ਰੰਤੂ ਅਕਾਲੀ ਦਲ ਬਾਦਲ ਪਰਿਵਾਰ ਦੀ ਨੂੰਹ ਦੀ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਚੁੱਪ ਕਰਕੇ ਸਹਿੰਦਾ ਰਿਹਾ।
ਪਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ 10 ਸਾਲ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਦੀ ਲਗਾਤਾਰ ਅਗਵਾਈ ਕਰਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਸਿਆਸਤ ਦੇ ਬਾਬਾ ਬੋਹੜ ਪਰਕਾਸ਼ ਸਿੰਘ ਬਾਦਲ ਨੂੰ ਮਿਲਦੇ ਸਨ ਤਾਂ ਹਮੇਸ਼ਾ ਉਨ੍ਹਾਂ ਦੇ ਪੈਰਾਂ ਨੂੰ ਛੂੰਹਦੇ ਸਨ। ਬਾਦਲ ਸਾਹਿਬ ਨੂੰ ਪਤਾ ਨਹੀਂ ਕਿਉਂ ਲਾਲ ਕ੍ਰਿਸ਼ਨ ਅਡਵਾਨੀ ਦਾ ਧਿਆਨ ਨਹੀਂ ਆਇਆ ਕਿ ਉਹਦੇ ਵੀ ਮੋਦੀ ਸਾਹਿਬ ਪੈਰੀਂ ਹੱਥ ਲਾਉਂਦੇ ਸਨ। ਵਿਚਾਰਾ ਪੈਰੀਂ ਹੱਥ ਲਵਾਕੇ ਪਛਤਾ ਰਿਹਾ। ਜਦੋਂ ਮੋਦੀ ਸਾਹਿਬ ਕੋਈ ਸਿਆਸੀ ਫੈਸਲਾ ਕਰਦੇ ਹਨ ਤਾਂ ਉਹ ਅਕਾਲੀ ਦਲ ਦੀ ਸੁਣ ਤਾਂ ਲੈਂਦੇ ਸਨ ਪ੍ਰੰਤੂ ਕਰਦੇ ਆਪਣੀ ਮਨ ਮਰਜ਼ੀ ਹਨ। ਕਹਿਣ ਤੋਂ ਭਾਵ ਪੰਚਾਇਤ ਦਾ ਕਹਿਣਾ ਸਿਰ ਮੱਥੇ ਪ੍ਰੰਤੂ ਪਰਨਾਲਾ ਉਥੇ ਦਾ ਉਥੇ ਹੁੰਦਾ ਸੀ। ਇਕ ਗੱਲ ਪ੍ਰਧਾਨ ਮੰਤਰੀ ਨੇ ਬਾਦਲ ਸਾਹਿਬ ਦੀ ਜ਼ਰੂਰ ਮੰਨੀ ਸੀ ਕਿ ਉਨ੍ਹਾਂ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਤਜਰਬੇਕਾਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੂੰ ਅਣਡਿਠ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਸੀ। ਪਰਕਾਸ਼ ਸਿੰਘ ਬਾਦਲ ਹਮੇਸ਼ਾ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਸੰਬੰਧਾਂ ਨੂੰ ਨਹੁੰ ਮਾਸ ਦੇ ਰਿਸ਼ਤੇ ਦਾ ਦਾਅਵਾ ਕਰਦੇ ਸਨ ਪ੍ਰੰਤੂ ਇਸ ਰਿਸ਼ਤੇ ਵਿਚ ਵੀ ਦਰਾੜ ਪੈ ਗਈ ਹੈ। ਨਹੁੰ ਮਾਸ ਨਾਲੋਂ ਵੱਖਰਾ ਹੋ ਗਿਆ ਹੈ। ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣਾ ਇਕ ਕਿਸਮ ਨਾਲ ਮਜ਼ਬੂਰੀ ਬਣ ਗਿਆ ਸੀ। ਉਨ੍ਹਾਂ ਨੂੰ ਬੇਬਸੀ ਵਿਚ ਕੁਰਸੀ ਛੱਡਣੀ ਪਈ ਹੈ। ਪੰਜਾਬੀ ਦੀ ਇਕ ਕਹਾਵਤ ਹੈ ‘ਮਰਦੀ ਕੀ ਨਹੀਂ ਕਰਦੀ’ ਬਿਲਕੁਲ ਉਸੇ ਤਰ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਰਦੀ ਨੇ ਅੱਕ ਚੱਬਿਆ ਹੈ। ਜਦੋਂ ਗੱਦੀ ਬਚਾਉਣ ਦੇ ਸਾਰੇ ਹੀਲੇ ਖ਼ਤਮ ਹੋ ਗਏ ਫਿਰ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ।
ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸੰਬੰਧਤ ਤਿੰਨ ਬਿਲਾਂ ਦਾ ਸੰਸਦ ਵਿਚ ਪੇਸ਼ ਕਰਨਾ ਅਕਾਲੀ ਦਲ ਦੇ ਗਲੇ ਦੀ ਹੱਡੀ ਬਣ ਗਿਆ ਸੀ। ਇਥੋਂ ਤੱਕ ਕਿ ਬਾਦਲ ਅਕਾਲੀ ਦਲ ਦੇ ਅਸਤਿਤਵ ਲਈ ਖ਼ਤਰਾ ਖੜ੍ਹਾ ਹੋ ਗਿਆ ਸੀ। ਅਕਾਲੀ ਦਲ ਪਹਿਲਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿਰਸਾ ਡੇਰੇ ਦੇ ਮੁੱਖੀ ਰਾਮ ਰਹੀਮ ਨੂੰ ਅਕਾਲ ਤਖ਼ਤ ਤੋਂ ਮਾਫੀ ਦਿਵਾਉਣ ਕਰਕੇ ਆਪਣਾ ਜਨ ਆਧਾਰ ਗੁਆ ਚੁੱਕਾ ਸੀ। ਇਕ ਕਿਸਮ ਨਾਲ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲਹਿ ਗਿਆ ਸੀ। ਜਿਸ ਕਰਕੇ 2017 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਹਿਲੀ ਵਾਰ ਅਕਾਲੀ ਦਲ ਵਿਰੋਧੀ ਧਿਰ ਦਾ ਲੀਡਰ ਬਣਾਉਣ ਵਿਚ ਵੀ ਅਸਫਲ ਰਿਹਾ ਹੈ। ਸਿਰਫ ਵਿਧਾਨ ਸਭਾ ਦੀਆਂ 14 ਸੀਟਾਂ ਜਿੱਤ ਸਕਿਆ ਸੀ। ਲੋਕ ਸਭਾ ਦੀਆਂ ਮਈ 2019 ਦੀਆਂ ਚੋਣਾਂ ਵਿਚ ਸਿਰਫ ਦੋ ਸੀਟਾਂ ਉਹ ਵੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਹੀ ਜਿੱਤ ਸਕੇ ਸਨ। ਭਾਵੇਂ ਕੇਂਦਰ ਸਰਕਾਰ ਦੇ ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ, ਨਾਗਰਿਕ ਸੋਧ ਐਕਟ ਬਣਾਉਣ, ਬਿਜਲੀ ਸੋਧ ਕਾਨੂੰਨ ਬਣਾਉਣ, ਘੱਟ ਗਿਣਤੀਆਂ ਦੇ ਵਿਰੁਧ ਫੈਸਲੇ ਕਰਨ ਅਤੇ ਹੋਰ ਬਹੁਤ ਸਾਰੇ ਵਾਦਵਿਵਾਦ ਵਾਲੇ ਫੈਸਲਿਆਂ ਕਰਕੇ ਅਕਾਲੀ ਦਲ ਦਾ ਯੋਗਦਾਨ ਪੰਜਾਬੀਆਂ ਅਤੇ ਖਾਸ ਤੌਰ ਤੇ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਤੇ ਸੀ। ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰਾਂ ਨੂੰ ਸੀਮਤ ਕਰ ਰਿਹਾ ਸੀ। ਅਕਾਲੀ ਦਲ ਅੰਦਰੋ ਅੰਦਰੀ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਸਮੁਦਾਏ ਵਿਚੋਂ ਰਾਸ਼ਟਰੀ ਸਿੱਖ ਸੰਗਤ ਬਣਾਕੇ ਸੰਨ੍ਹ ਲਗਾਉਣ ਉਪਰ ਵੀ ਨਰਾਜ ਸੀ। ਛੋਟੇ ਮੋਟੇ ਅਕਾਲੀ ਨੇਤਾ ਵੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਜਾ ਰਹੇ ਸਨ, ਵੱਡੇ ਨੇਤਾਵਾਂ ਤੇ ਵੀ ਭਾਰਤੀ ਜਨਤਾ ਪਾਰਟੀ ਡੋਰੇ ਪਾ ਰਹੀ ਸੀ, ਕੁਝ ਸੀਨੀਅਰ ਨੇਤਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਲਈ ਤਿਆਰ ਬੈਠੇ ਸਨ। ਅਕਾਲੀ ਦਲ ਫੈਡਰਲ ਢਾਂਚੇ ਦਾ ਮੁਦਈ ਕਹਾਉਂਦਾ ਹੈ ਅਤੇ ਹੁਣ ਤੱਕ ਰਾਜਾਂ ਨੂੰ ਵੱਧ ਅਧਿਕਾਰਾਂ ਲਈ ਅੰਦੋਲਨ ਕਰਦਾ ਰਿਹਾ ਹੈ। ਪ੍ਰੰਤੂ ਭਾਰਤੀ ਜਨਤਾ ਪਾਰਟੀ ਦੇ ਫੈਸਲੇ ਫੈਡਰਲ ਢਾਂਚੇ ਨੂੰ ਖ਼ਤਮ ਕਰਨ ਵਿਚ ਯੋਗਦਾਨ ਪਾ ਰਹੇ ਹਨ। ਜਿਸ ਕਰਕੇ ਅਕਾਲੀ ਦਲ ਦੀ ਹਾਲਤ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਬਣੀ ਹੋਈ ਸੀ। ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਸਿੱਖਾਂ ਅਤੇ ਕਿਸਾਨਾ ਦੀ ਨੁਮਾਇੰਦਾ ਪਾਰਟੀ ਕਹਾਉਂਦਾ ਸੀ। ਉਹ ਦੋਹਾਂ ਸਮੁਦਾਏ ਵਿਚ ਆਪਣਾ ਆਧਾਰ ਗੁਆ ਚੁੱਕਾ ਸੀ। ਸਿੱਖਾਂ ਵਿਚ ਅਕਾਲੀ ਦਲ ਵਿਰੁਧ ਰੋਹ ਇਸ ਗੱਲ ਕਰਕੇ ਵੀ ਹੈ ਕਿ ਅਕਾਲੀ ਦਲ ਗਲਤੀ ਤੇ ਗਲਤੀ ਕਰੀ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੇਸ ਸੀ ਬੀ ਆਈ ਤੋਂ ਬੰਦ ਕਰਵਾਉਣਾ ਆਪਣੇ ਪੈਰੀਂ ਕੁਹਾੜੀ ਮਾਰਨ ਦੇ ਬਰਾਬਰ ਸੀ। ਇਥੇ ਹੀ ਬਸ ਨਹੀਂ ਨਸ਼ਿਆਂ ਦੀ ਪੜਤਾਲ ਕਰ ਰਹੇ ਈ ਡੀ ਦੇ ਅਧਿਕਾਰੀ ਨਰਿੰਜਣ ਸਿੰਘ ਦੀ ਬਦਲੀ ਕਰਵਾਉਣਾ ਵੀ ਅਕਾਲੀ ਦਲ ਨੂੰ ਪੁੱਠਾ ਪਿਆ ਸੀ।
ਹੈਰਾਨੀ ਇਸ ਗੱਲ ਦੀ ਵੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਜਿਹੜਾ ਪੰਜ ਵਾਰ ਪੰਜਾਬ ਦਾ ਮੁਖ ਮੰਤਰੀ ਰਿਹਾ ਹੋਵੇ ਤੇ ਸਿਆਸਤ ਦਾ ਬਾਬਾ ਬੋਹੜ ਕਰਕੇ ਜਾਣਿਆਂ ਜਾਂਦਾ ਹੋਵੇ, ਉਹ ਆਰਡੀਨੈਂਸਾਂ ਨੂੰ ਜਾਇਜ ਠਹਿਰਾਉਣ ਲਈ ਪਿਛਲੇ ਤਿੰਨ ਮਹੀਨੇ ਲਗਾਤਾਰ ਦਲੀਲਾਂ ਦਿੰਦਾ ਰਿਹਾ। ਜਾਣੀ ਕਿ ਇਨ੍ਹਾਂ ਆਰਡੀਨੈਂਸਾਂ ਨੂੰ ਜ਼ਾਇਜ ਠਹਿਰਾਉਣ ਲਈ ਬਾਦਲ ਪਰਿਵਾਰ ਨੇ ਆਪਣੀ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਵੱਲੋਂ ਇਨ੍ਹਾਂ ਬਿਲਾਂ ਦੀ ਸਪੋਰਟ ਨਾ ਕਰਨ ਬਾਰੇ ਦਿੱਤੀ ਸਲਾਹ ਨੂੰ ਵੀ ਨਹੀਂ ਮੰਨਿਆਂ। ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਦੀ ਚਿੱਠੀ ਲਿਆਕੇ ਇਨ੍ਹਾਂ ਬਿਲਾਂ ਨੂੰ ਸਹੀ ਕਹਿ ਰਿਹਾ ਸੀ। ਜਦੋਂ ਕਿ ਪੰਜਾਬ ਦਾ ਹਰ ਬੱਚਾ ਬੱਚਾ, ਜਿਹੜਾ ਮਾੜੀ ਮੋਟੀ ਸਿਆਸੀ ਸੂਝ ਬੂਝ ਰੱਖਦਾ ਸੀ, ਉਹ ਮਹਿਸੂਸ ਕਰ ਰਿਹਾ ਸੀ ਇਹ ਆਰਡੀਨੈਂਸ ਪੰਜਾਬ ਦੀ ਇਕੱਲੀ ਕਿਸਾਨੀ ਨੂੰ ਹੀ ਨਹੀਂ ਸਗੋਂ ਕਿਸਾਨੀ ਉਪਰ ਨਿਰਭਰ ਮਜ਼ਦੂਰਾਂ, ਛੋਟੇ ਤੇ ਦਰਮਿਆਨੇ ਵਿਓਪਾਰੀਆਂ ਜਿਹੜੇ ਖੇਤੀ ਨਾਲ ਸੰਬੰਧਤ ਹਨ ਦਾ ਵੀ ਸਤਿਆਨਾਸ ਕਰ ਦੇਣਗੇ। ਪੰਜਾਬ ਦੀ ਆਰਥਿਕਤਾ ਕਿਸਾਨੀ ਉਪਰ ਨਿਰਭਰ ਕਰਦੀ ਹੈ , ਉਹ ਤਬਾਹ ਹੋ ਜਾਵੇਗੀ। ਇਸਦਾ ਅਸਰ ਸਾਰੇ ਪੰਜਾਬੀਆਂ ਤੇ ਵੀ ਪਵੇਗਾ। ਪ੍ਰੰਤੂ ਬਾਦਲ ਪਰਿਵਾਰ ਨੇ ਮੈਂ ਨਾ ਮਾਨੂੰ ਦੀ ਰਟ ਲਗਾਈ ਰੱਖੀ। ਬਾਦਲ ਪਰਿਵਾਰ ਨੂੰ ਉਦੋਂ ਵੀ ਹੈਰਾਨੀ ਹੋਈ ਸੀ, ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਦਾ ਖਿਤਾਬ ਦਿੱਤਾ ਸੀ। ਹਰਿਆਣਾ ਤੇ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਨੇ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਸਮਝੌਤਾ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਸੀ ਕਿ ਅਕਾਲੀ ਦਲ ਨੂੰ ਅਣਡਿਠ ਕੀਤਾ ਜਾ ਰਿਹਾ ਹੈ। ਫਿਰ ਵੀ ਉਹ ਭਾਰਤੀ ਜਨਤਾ ਪਾਰਟੀ ਨਾਲ ਚਿੰਬੜੇ ਰਹੇ। ਬਾਦਲ ਪਰਿਵਾਰ ਸੁਖਦੇਵ ਸਿੰਘ ਢੀਂਡਸਾ ਦੀ ਵਧਦੀ ਲੋਕਪ੍ਰਿਅਤਾ ਤੋਂ ਵੀ ਘਬਰਾਇਆ ਹੋਇਆ ਸੀ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਸੀ। ਢੀਂਡਸਾ ਅਕਾਲੀ ਦਲ ਦਾ ਭੂਤ ਬਾਦਲ ਪਰਿਵਾਰ ਨੂੰ ਸੁਪਨੇ ਵਿਚ ਵੀ ਡਰਾ ਰਿਹਾ ਸੀ ਕਿਉਂਕਿ ਅਕਾਲੀ ਦਲ ਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਈ ਜਾ ਰਹੇ ਸਨ। ਇਸ ਸਿਆਸੀ ਘਬਰਾਹਟ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਅਸਤੀਫਾ ਦੇਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਖੇਤੀਬਾੜੀ ਨਾਲ ਸੰਬੰਧਤ ਤਿੰਨੋ ਬਿਲਾਂ ਨੇ ਬਲਦੀ ਅੱਗ ਤੇ ਤੇਲ ਪਾਉਣ ਦਾ ਕੰਮ ਕੀਤਾ। ਪੰਜਾਬ ਵਿਚ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਇਨ੍ਹਾਂ ਬਿਲਾਂ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੀ ਇਸ ਅੰਦੋਲਨ ਦਾ ਸਾਥ ਦੇ ਰਹੀਆਂ ਹਨ। ਅਕਾਲੀ ਦਲ ਬਾਦਲ ਅਲੱਗ ਥਲੱਗ ਹੋ ਗਿਆ ਸੀ। ਅਕਾਲੀ ਦਲ ਨੂੰ ਮਹਿਸੂਸ ਹੋ ਗਿਆ ਕਿ ਜੇਕਰ ਅਜਿਹੇ ਨਾਜ਼ਕ ਸਮੇਂ ਵੀ ਆਪਣੇ ਨੁਮਾਇੰਦੇ ਤੋਂ ਅਸਤੀਫਾ ਨਾ ਦਵਾਇਆ ਤਾਂ ਉਹ ਪੰਜਾਬ ਵਿਚ ਸਿਆਸੀ ਤੌਰ ਤੇ ਖ਼ਤਮ ਹੋ ਜਾਵੇਗਾ। ਇਸ ਸਮੇਂ ਇਨ੍ਹਾਂ ਖੇਤੀਬਾੜੀ ਨਾਲ ਸੰਬੰਧਤ ਬਿਲਾਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਸਿਆਸੀ ਲਾਭ ਲੈਣ ਲਈ ਵਰਤ ਰਹੀਆਂ ਹਨ। ਜੇਕਰ ਹਰਸਿਮਰਤ ਕੌਰ ਬਾਦਲ ਤੋਂ ਅਕਾਲੀ ਦਲ ਅਸਤੀਫਾ ਨਾ ਦਵਾਉਂਦਾ ਤਾਂ ਉਸਦਾ ਹਸ਼ਰ ਮਾੜਾ ਹੋਣਾ ਸੀ। ਹੁਣ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਨੇ ਆਪਣੇ ਖ਼ਤਮ ਹੋਏ ਅਕਸ ਨੂੰ ਵਿਰਾਮ ਦੇਣ ਦੀ ਕੋਸਿਸ਼ ਕੀਤੀ ਹੈ।
ਭਾਰਤੀ ਜਨਤਾ ਪਾਰਟੀ ਦਾ ਖੇਤੀ ਕਾਨੂੰਨ ਬਣਾਉਣਾ ਸੋਚ ਸਮਝਕੇ ਪੰਜਾਬ ਨੂੰ ਕਮਜ਼ੋਰ ਕਰਨ ਲਈ ਕੀਤਾ ਗਿਆ ਫੈਸਲਾ ਹੈ। ਕਿਉਂਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਾ ਪਹਿਲਾਂ ਹੀ ਬਹੁਤਾ ਆਧਾਰ ਨਹੀਂ। ਦੇਸ ਦੇ ਬਾਕੀ ਰਾਜਾਂ ਵਿਚ ਖੇਤੀਬਾੜੀ ਦਾ ਕੰਮ ਬਹੁਤਾ ਨਹੀਂ ਹੈ ਪ੍ਰੰਤੂ ਵੋਟਾਂ ਜ਼ਿਆਦਾ ਹਨ। ਬਾਕੀ ਰਾਜਾਂ ਤੋਂ ਵੋਟਾਂ ਦੇ ਲਾਭ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਐਮ ਐਸ ਪੀ ਸਿਰਫ ਪੰਜਾਬ ਤੇ ਹਰਿਆਣਾ ਨੂੰ ਹੀ ਮਿਲਦੀ ਹੈ। ਬਾਕੀ ਰਾਜਾਂ ਨੂੰ ਕੋਈ ਫਰਕ ਨਹੀਂ ਪੈਣਾ। ਜੇਕਰ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਆਪਣਾ ਗਠਜੋੜ ਨਾ ਤੋੜਿਆ ਤਾਂ ਵੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਵਜਦੀ ਰਹੇਗੀ ਕਿਉਂਕਿ ਖੇਤੀਬਾੜੀ ਨਾਲ ਸੰਬੰਧਤ ਬਿਲਾਂ ਨੇ ਪੰਜਾਬ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਨਿਰਾਸ਼ਤਾ ਪੈਦਾ ਕਰ ਦਿੱਤੀ ਹੈ। ਭਾਵੇਂ ਦੋਹਾਂ ਪਾਰਟੀਆਂ ਨੂੰ ਪਤਾ ਹੈ ਕਿ ਉਹ ਪੰਜਾਬ ਵਿਚ ਇਕੱਲਿਆਂ ਸਰਕਾਰ ਨਹੀਂ ਬਣਾ ਸਕਦੀਆਂ। ਇਸ ਘਟਨਾ ਕਰਮ ਤੋਂ ਸਿਆਸੀ ਪੜਚੋਲਕਾਰ ਮਹਿਸੂਸ ਕਰਦੇ ਹਨ ਕਿ ਹੁਣ ਅਕਾਲੀ ਦਲ ਲੋਕਾਂ ਵਿਚ ਜਾਣ ਜੋਗਾ ਹੋ ਗਿਆ ਹੈ ਪ੍ਰੰਤੂ ਉਹ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੋਵੇਗਾ। ਭਾਵੇਂ ਅਜੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਕ ਸਾਲ ਤੋਂ ਵੱਧ ਦਾ ਸਮਾ ਹੈ ਪ੍ਰੰਤੂ ਅਜ ਦਿਨ ਕਿਸੇ ਪਾਰਟੀ ਨੂੰ ਵੀ ਬਹੁਮਤ ਆਉਣ ਦੀ ਉਮੀਦ ਨਹੀਂ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਕਿ ਊਂਟ ਕਿਸ ਕਰਵਟ ਬੈਠਦਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ