ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਖੇਤੀ ਆਰਡੀਨੈਂਸਾਂ ‘ਤੇ ਕੇਂਦਰ ਵੱਲੋਂ ਅੜਬ ਰੁਖ਼ ਅਖ਼ਤਿਆਰ ਕਰੀ ਰੱਖਣ, ਅਤੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਵਜੋਂ ਦਰਜਾ ਨਾ ਦਿੱਤੇ ਜਾਣ ਵਰਗੇ ਪੰਜਾਬੀਆਂ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਅਹਿਮ ਮੁੱਦਿਆਂ ਪ੍ਰਤੀ ਨਿਰੰਤਰ ਅਸੰਵੇਦਨਸ਼ੀਲਤਾ ਪ੍ਰਗਟਾਉਣ ਕਾਰਨ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਨਾਲੋਂ ਗੱਠਜੋੜ ਤੋੜਨ ਦਾ ਫ਼ੈਸਲਾ ਕੀਤਾ ਹੈ।
ਅਕਾਲੀ ਦਲ ਨੇ ਕਿਸਾਨ ਮਾਰੂ ਕਾਲ਼ੇ ਕਾਨੂੰਨਾਂ ਵਿਰੁੱਧ ਚੱਕਾ ਜਾਮ ਤੇ ਰੋਸ ਧਰਨਿਆਂ ਤੋਂ ਬਾਅਦ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਆੜ੍ਹਤੀਆਂ ਦੇ ਹੱਕ ‘ਚ ਚੱਲ ਰਹੇ ਸੰਘਰਸ਼ ਸਬੰਧੀ ਸੂਬੇ ਭਰ ਦੇ ਪਾਰਟੀ ਵਰਕਰਾਂ ਨਾਲ ਬੈਠਕਾਂ ਸ਼ੁਰੂ ਕੀਤੀਆਂ ਹਨ। ਇਸ ਲੜੀ ਤਹਿਤ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਲੁਧਿਆਣਾ ਦੇ ਲੀਡਰ ਸਾਹਿਬਾਨ ਅਤੇ ਵਰਕਰਾਂ ਨਾਲ ਅੱਜ ਪਟਿਆਲਾ ਵਿਖੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਕਿਸਾਨ ਮਾਰੂ ਖੇਤੀ ਬਿਲਾਂ ਵਿਰੁੱਧ 1 ਅਕਤੂਬਰ ਨੂੰ ਨਿਕਲਣ ਵਾਲੇ ਵਿਸ਼ਾਲ ਸੂਬਾ ਪੱਧਰੀ ਕਿਸਾਨ ਮਾਰਚ ਲਈ ਪਾਰਟੀ ਵਰਕਰਾਂ ‘ਚ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ।
ਪੰਜਾਬ ਸਰਕਾਰ ਨੂੰ ਤੁਰੰਤ ਇੱਕ ਆਰਡੀਨੈਂਸ ਜਾਰੀ ਕਰਕੇ ਪੂਰੇ ਸੂਬੇ ਨੂੰ ਖੇਤੀਬਾੜੀ ਮੰਡੀ (ਪ੍ਰਿੰਸੀਪਲ ਮਾਰਕੀਟਿੰਗ ਯਾਰਡ) ਐਲਾਨ ਦੇਣਾ ਚਾਹੀਦਾ ਹੈ। ਇਸ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਕੇਂਦਰ ਦੇ ਨਵੇਂ ਕਿਸਾਨ ਵਿਰੋਧੀ ਕਾਨੂੰਨ ਇੱਥੇ ਲਾਗੂ ਨਹੀਂ ਹੋਣਗੇ ਅਤੇ ਬੁਰੇ ਇਰਾਦਿਆਂ ਨਾਲ ਵੱਡੇ ਵਪਾਰਕ ਅਦਾਰੇ ਸੂਬੇ ਵਿੱਚ ਦਾਖਲ ਨਹੀਂ ਹੋ ਸਕਣਗੇ। ਸਮੂਹ ਜੱਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਕਿਰਸਾਨੀ ਖੇਤਰ ਦੇ ਸੂਬੇ ਦੇ ਇਸ ਹਿਤਕਾਰੀ ਬਿਲ ਲਈ ਸਿਆਸਤ ਤੋਂ ਉੱਪਰ ਉੱਠ ਕੇ ਸਰਬ-ਸੰਮਤੀ ਬਣਾਉਣ।