ਜੇ ਸੱਚ ਨੂੰ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਸਚਾਈ ਇਹੀ ਹੈ ਕਿ ਅੱਜ ਸਿੱਖ ਕੌਮ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਮਹਤਵਹੀਨ ਹੋ ਚੁਕੀ ਹੈ, ਜੋ ਕੋਈ ਵੀ ਆਪਣੇ ਆਪ ਦੇ ਸਿੱਖਾਂ ਦਾ ਲੀਡਰ ਜਾਂ ਨੇਤਾ ਹੋਣ ਦਾ ਦਾਅਵਾ ਕਰਦਾ ਹੈ, ਉਹ ਜਾਂ ਤਾਂ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੌਸ਼ਿਸ਼ ਕਰ ਰਿਹਾ ਹੈ, ਜਾਂ ਫਿਰ ਉਹ ਨਿਜ ਸੁਆਰਥ ਅਧੀਨ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਰਾਹ ਤੁਰ ਪਿਆ ਹੈ। ਵੇਖਿਆ ਜਾਏ ਤਾਂ ਅੱਜ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਤੇ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੇ ਰਾਖੇ ਹੋਣ ਦੇ ਦਾਅਵੇਦਾਰ ਕਈ ਅਖੌਤੀ ਅਕਾਲੀ ਦਲ ਮੈਦਾਨ ਵਿੱਚ ਹਨ। ਪ੍ਰੰਤੂ ਉਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਹੋਵੇ, ਜਿਸਦੀ ਲਡਿਰਸ਼ਿਪ ਸਿੱਖ ਹਿਤਾਂ ਤੇ ਅਧਿਕਾਰਾਂ ਦੀ ਰਾਖੀ ਪ੍ਰਤੀ ਈਮਾਨਦਾਰ ਹੋਵੇ। ਜੇ ਇਹ ਕਿਹਾ ਜਾਏ ਕਿ ਸਾਰੇ ਹੀ ਸਿੱਖ ਲੀਡਰ ਨਿਜ ਸੁਆਰਥ ਅਧੀਨ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਿੱਚ ਇਕ-ਦੂਜੇ ਨੂੰ ਪਛਾੜਨ ਦੀ ਦੌੜ ਵਿੱਚ ਜੁਟੇ ਹੋਏ ਹਨ, ਤਾਂ ਕੋਈ ਗਲਤ ਨਹੀਂ ਹੋਵੇਗਾ। ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਦੇ ਸ਼ਬਦਾਂ ਵਿੱਚ ਕਿਹਾ ਜਾਏ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਕੋ-ਇੱਕ ਅਜਿਹਾ ਅਕਾਲੀ ਦਲ ਸੀ, ਜਿਸਨੂੰ ਸਿੱਖ ਅਜੇ ਤਕ ਆਪਣੇ ਪ੍ਰਤੀਨਿਧ ਵਜੋਂ ਸਵੀਕਾਰ ਕਰਦੇ ਚਲੇ ਆ ਰਹੇ ਸਨ। ਪਰ ਉਹ ਵੀ ਪਰਿਵਾਰ-ਵਾਦ ਦਾ ਸ਼ਿਕਾਰ ਹੋ, ਆਪਣਾ ਇਹ ਅਧਿਕਾਰ ਗੁਆ ਚੁਕਾ ਹੈ, ਕਿਉਂਕਿ ਇਸਦੇ ਇਕਲੋਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਾਰਸ ਵਜੋਂ ਸ਼੍ਰੋਮਣੀ ਅਕਾਲੀ ਦਲ (ਬਦਾਲ) ਦੀ ਵਾਗਡੋਰ ਸੰਬਾਲਦਿਆਂ ਹੀ ਐਲਾਨ ਕਰ ਦਿੱਤਾ ਕਿ ਹੁਣ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੇਵਲ ਸਿੱਖਾਂ ਦਾ ਪ੍ਰਤੀਨਿਧੀ ਨਹੀਂ ਰਹਿ ਗਿਆ, ਹੁਣ ਉਹ ਸਮੁਚੇ ਪੰਜਾਬੀਆਂ ਦੇ ਪ੍ਰਤੀਨਿਧੀ ਵਜੋਂ ਕੌਮੀ ਪਾਰਟੀ ਦੇ ਰੂਪ ਵਿੱਚ ਆਪਣਾ ਅਗਲਾ ਸਫਰ ਤੈਅ ਕਰੇਗਾ। ਇਸਦੇ ਨਾਲ ਹੀ ਉਨ੍ਹਾਂ ਦਲ ਦੇ ਕਈ ਜ਼ਿਮੇਂਦਾਰ ਅਹੁਦਿਆਂ ਪੁਰ ਗੈਰ-ਸਿੱਖਾਂ ਦੀਆਂ ਨਿਯੁਕਤੀਆਂ ਕਰ, ਆਪਣੇ ਇਸ ਐਲਾਨ ਦੀ ਪੁਸ਼ਟੀ ਵੀ ਕਰ ਦਿੱਤੀ। ਜਿਸਦਾ ਹੀ ਨਤੀਜਾ ਇਹ ਹੋਇਆ ਕਿ ਇੱਕ ਪਾਸੇ ਤਾਂ ਆਮ ਸਿੱਖਾਂ ਨੇ ਉਸ ਨਾਲੋਂ ਕਿਨਾਰਾ ਕਰ ਲਿਆ ਅਤੇ ਦੂਜੇ ਪਾਸੇ ਉਹ ਗੈਰ-ਸਿੱਖਾਂ ਦਾ ਵਿਸ਼ਵਾਸ ਜਿਤਣ ਵਿੱਚ ਵੀ ਸਫਲ ਨਾ ਹੋ ਸਕਿਆ। ਫਲਸਰੂਪ ਪਿਛਲੀਆਂ ਪੰਜਾਬ ਵਿਧਾਨਸਭਾ ਚੋਣਾਂ ਅਤੇ ਉਸਤੋਂ ਬਾਅਦ ਹੋਈਆਂ ਲੋਕਸਭਾ ਦੀਆਂ ਆਮ ਚੋਣਾਂ ਵਿੱਚ ਉਸਨੂੰ ਜਿਸ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ, ਉਸਨੇ ਉਸਦੇ ਸਮੁਚੇ ਭਵਿਖ ਪੁਰ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ।
ਇਨ੍ਹਾਂ ਹਾਲਾਤ ਵਿੱਚ ਕਿਸੇ ਵੀ ਪਧੱਰ ਤੇ ਇਹ ਆਸ ਰਖਣੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਮੁੜ ਅਕਾਲੀ ਦਲ ਦਾ ਮੂਲ ਗੌਰਵ ਹਾਸਲ ਕਰਨ ਵਿੱਚ ਸਫਲ ਹੋ ਸਕੇਗਾ, ਖੁਸਰਿਆਂ ਤੋਂ ਮੁਰਾਦਾਂ ਦੀ ਆਸ ਰਖਣ ਦੇ ਤੁਲ ਹੋਵੇਗਾ। ਇਹੀ ਕਾਰਣ ਹੈ ਕਿ ਅੱਜ ਸਿੱਖ ਰਾਜਨੀਤੀ ਵਿੱਚ ਅਜਿਹੇ ਹਾਲਾਤ ਬਣ ਗਏ ਹੋਏ ਹਨ, ਜਿਨ੍ਹਾਂ ਦੀ ਰੋਸ਼ਨੀ ਵਿੱਚ ਸਿੱਖ ਲੀਡਰਸ਼ਿਪ, ਜੋ ਪੂਰੀ ਤਰ੍ਹਾਂ ਮਹਤੱਵਹੀਨ ਹੋ ਚੁਕੀ ਹੈ, ਬਿਨਾਂ ਓਵਰਹਾਲਿੰਗ ਦੇ ਪਟੜੀ ਪੁਰ ਨਹੀਂ ਆ ਸਕੇਗੀ।
ਕੀ ਦਬੰਗ ਲਡਿਰਸ਼ਿਪ ਮੂਲ ਗੌਰਵ ਬਹਾਲ ਕਰ ਸਕੇਗੀ? : ਸਿੱਖ ਜਗਤ ਦੇ ਕਈ ਚਿੰਤਕਾਂ ਦੀ ਮਾਨਤਾ ਹੈ ਕਿ ਅੱਜ ਸਿੱਖ ਜਗਤ ਜਿਨ੍ਹਾਂ ਗੰਭੀਰ ਅਤੇ ਦੁਬਿਧਾਪੂਰਣ ਹਾਲਾਤ ਵਿਚੋਂ ਨਿਕਲ ਰਿਹਾ ਹੈ, ਉਨ੍ਹਾਂ ਵਿਚੋਂ ਉਭਰਨ ਲਈ ਉਸਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਨਾ ਕੇਵਲ ਦਬੰਗ ਹੀ ਹੋਵੇ, ਸਗੋਂ ਸਿੱਖ ਮਾਨਤਾਵਾਂ ਅਤੇ ਪਰੰਪਰਾਵਾਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਵੀ ਹੋਵੇ। ਇਨ੍ਹਾਂ ਸਿੱਖ ਚਿੰਤਕਾਂ, ਜਿਨ੍ਹਾਂ ਵਿੱਚ ਜਸਟਿਸ ਆਰ ਐਸ ਸੋਢੀ ਵੀ ਸ਼ਾਮਲ ਹਨ, ਅਨੁਸਾਰ ਸਿੱਖ ਪੰਥ ਨੂੰ ਇਸ ਸਮੇਂ, ਜਦਕਿ ਉਸਨੂੰ ਦੁਬਿਧਾਪੂਰਣ ਹਾਲਾਤ ਵਿਚੋਂ ਉਪਜੀ ਨਿਰਾਸ਼ਾਜਨਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਜਿਹੀ ਦਬੰਗ ਲੀਡਰਸ਼ਿਪ ਹੀ ਉਭਾਰ ਸਕਦੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਪ੍ਰਾਪਤ ਉਪਦੇਸ਼ਾਂ ਪੁਰ ਅਧਾਰਿਤ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੇ ਪਾਲਣ ਪ੍ਰਤੀ ਸਮਰਪਿਤ ਹੋਣ ਦੇ ਨਾਲ ਹੀ ਉਸਦੇ ਰਾਜਸੀ ਹਿੱਤਾਂ ਦੀ ਰਖਿਆ ਕਰਨ ਦੀ ਸਮਰਥਾ ਰਖਦੀ ਹੋਵੇ। ਇਨ੍ਹਾਂ ਚਿੰਤਕਾਂ ਦਾ ਕਹਿਣਾ ਹੈ ਕਿ ਅੱਜ ਆਮ ਸਿੱਖ ਇਹ ਮਹਿਸੂਸ ਕਰਨ ਤੇ ਮਜਬੂਰ ਹੋ ਰਿਹਾ ਹੈ ਕਿ ਉਸਦੀ ਵਰਤਮਾਨ ਲੀਡਰਸ਼ਿਪ, ਜੋ ਕਈ ਦਹਾਕਿਆਂ ਤੋਂ ਇਹ ਦਾਅਵਾ ਕਰਦਿਆਂ, ਕਿ ‘ਉਹ ਸਿੱਖ-ਪੰਥ ਦੇ ਰਾਜਸੀ ਅਤੇ ਧਾਰਮਕ ਹਿੱਤਾਂ-ਅਧਿਕਾਰਾਂ ਦੇ ਨਾਲ ਹੀ ਉਸਦੀਆਂ ਧਾਰਮਕ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬੱਧ ਰਹੇਗੀ’, ਉਸਦੀ ਅਗਵਾਈ ਕਰਦੀ ਚਲੀ ਆ ਰਹੀ ਹੈ, ਰਾਜਸੀ ਸੱਤਾ ਦੀ ਲਾਲਸਾ ਦੀ ਸ਼ਿਕਾਰ ਹੋ ਕੇ, ਆਪਣੀ ਸਵਾਰਥ-ਸਿੱਧੀ ਲਈ, ਸਿੱਖ ਜਗਤ ਦਾ ਧਾਰਮਕ ‘ਘਾਣ’ ਕਰਨ ਦੇ ਨਾਲ, ਉਸਦੀ (ਸਿੱਖ) ਸ਼ਕਤੀ ਨੂੰ ਵੀ ਕਮਜ਼ੋਰੀ ਦਾ ਸ਼ਿਕਾਰ ਬਣਾਉਣ ਵਿੱਚ ਜੁਟ ਗਈ ਹੋਈ ਹੈ। ਉਸਦੀ ਇਸੇ ਨੀਤੀ ਦਾ ਹੀ ਨਤੀਜਾ ਹੈ ਕਿ ਜੋ ਸਿੱਖ-ਪੰਥ ਕਿਸੇ ਸਮੇਂ ਦੂਜਿਆਂ ਦੇ ਹਿੱਤਾਂ-ਅਧਿਕਾਰਾਂ ਅਤੇ ਧਾਰਮਕ ਮਾਨਤਾਵਾਂ ਆਦਿ ਦੀ ਰਖਿਆ ਲਈ ਜੂਝਦਾ ਤੇ ਕੁਰਬਾਨੀਆਂ ਕਰਦਾ ਚਲਾ ਆ ਰਿਹਾ ਸੀ, ਅੱਜ ਉਹ ਆਪਣੀ ਮਹਤੱਵਹੀਨ ਹੋ ਚੁਕੀ ਲੀਡਰਸ਼ਿਪ ਦੇ ਕਾਰਣ ਆਪ ਹੀ ਇਤਨਾ ਸ਼ਕਤੀਹੀਨ ਹੋ ਗਿਆ ਹੋਇਆ ਹੈ ਕਿ ਉਸਨੂੰ ਆਪਣੀਆਂ ਧਾਰਮਕ ਮਾਨਤਾਵਾਂ ਅਤੇ ਰਾਜਸੀ ਹਿੱਤਾਂ-ਅਧਿਕਾਰਾਂ ਦੀ ਰਖਿਆ ਲਈ ਵੀ ਦੂਜਿਆਂ ਦਾ ਮੁਥਾਜ ਹੋਣਾ ਪੈ ਰਿਹਾ ਹੈ। ਫਲਸਰੂਪ ਦੂਜੇ, ਵਿਰੋਧੀ ਉਸਦੀ ਇਸ ਕਮਜ਼ੋਰੀ ਦਾ ਲਾਭ ਉਠਾ, ਉਸੇ ਦੀ ਅਖੌਤੀ ਲੀਡਰਸ਼ਿਪ ਦੇ ਸਹਾਰੇ ਉਸਦਾ ਰਾਜਨੀਤਕ ਅਤੇ ਮਾਨਸਿਕ ਸ਼ੋਸ਼ਣ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ।
ਸਿੱਖ ਚਿੰਤਕਾਂ ਦੇ ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿੱਚ ਜੇ ਸਿੱਖ-ਪੰਥ ਦੀ ਵਰਤਮਾਨ ਸਥਿਤੀ ਦਾ ਮੁਲਾਂਕਣ ਕੀਤਾ ਜਾਏ ਤਾਂ ਇਹ ਕੌੜੀ ਸੱਚਾਈ ਉਭਰ, ਸਾਹਮਣੇ ਆ ਖੜੀ ਹੁੰਦੀ ਹੈ ਕਿ ਨਿੱਜ ਰਾਜਸੀ ਸਵਾਰਥ ਦੇ ਚਲਦਿਆਂ, ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਉਸਦੀ ਮਾਣ-ਮਰਿਆਦਾ ਦੇ ਨਾਲ ਹੀ ਸਿੱਖਾਂ ਦੀ ਅਡਰੀ ਪਛਾਣ ਤੇ ਉਨ੍ਹਾਂ ਦੇ ਹਿੱਤਾਂ-ਅਧਿਕਾਰਾਂ ਦੀ ਰਖਿਆ ਪ੍ਰਤੀ ਵਚਨਬੱਧ ਰਹਿਣ ਦਾ ਦਮ ਭਰ ਸਿੱਖਾਂ ਦੀ ਅਗਵਾਈ ਕਰਦੇ ਚਲੇ ਆ ਰਹੇ, ਸਿੱਖ ਨੇਤਾਵਾਂ ਵਿਚੋਂ ਕੋਈ ਕਾਂਗ੍ਰਸ ਦੀ ਝੋਲੀ ਚੜ੍ਹ ਉਸਦਾ ਗੁਣਗਾਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਿਹਾ ਅਤੇ ਕੋਈ ਭਾਜਪਾ ਦੀ ਉਂਗਲ ਫੜ੍ਹ ਉਸਦੇ ਸੋਹਿਲੇ ਗਾਉਣਾ ਆਪਣਾ ਮੁੱਖ ‘ਧਰਮ’ ਸਮਝਣ ਲਗ ਪਿਆ ਹੈ। ਇਹੀ ਕਾਰਣ ਹੈ ਕਿ ਜੇ ਜਸਟਿਸ ਸੋਢੀ ਦੇ ਸ਼ਬਦਾਂ ਵਿਚ ਕਿਹਾ ਜਾਏ ਤਾਂ ਸਿੱਖ-ਪੰਥ ਅੱਜ ਸਮਰਪਿਤ ਲੀਡਰਸ਼ਿਪ ਤੋਂ ਵਾਂਝਿਆਂ ਹੋ ਭਟਕ ਰਿਹਾ ਹੈ, ਤਾਂ ਇਸ ਵਿੱਚ ਕੋਈ ਗਲਤ ਨਹੀਂ ਹੋਵੇਗਾ। ਅੱਜ ਸਿਖਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਉਹ ਆਪਣੇ ਹਿੱਤਾਂ-ਅਧਿਕਾਰਾਂ ਦੇ ਨਾਲ ਹੀ ਆਤਮ-ਸਨਮਾਨ ਦੀ ਰਖਿਆ ਲਈ, ਕਿਸ ਪੁਰ ਵਿਸ਼ਵਾਸ ਕਰਨ ਅਤੇ ਕਿਸ ਪੁਰ ਨਾ ਕਰਨ?
…ਅਤੇ ਅੰਤ ਵਿੱਚ: ਜਿਥੇ ਕਈ ਸਿੱਖ ਵਿਦਵਾਨ ਅਤੇ ਬੁਧੀਜੀਵੀ ਵੱਡੀਆਂ-ਵੱਡੀਆਂ ਦਲੀਲਾਂ ਦੇ ਸਿੱਖਾਂ ਨੂੰ ਮੂਲ ਧਾਰਮਕ ਉਦੇਸ਼ਾਂ, ਮਾਨਤਾਵਾਂ ਆਦਿ ਤੋਂ ਭਟਕਾ ਦੇਣ ਨੂੰ ਹੀ ਆਪਣੀ ਵਿਸ਼ੇਸ਼ ਯੋਗਤਾ ਮੰਨਦੇ ਹਨ, ਉਥੇ ਹੀ ਧਾਰਮਕ ਮਾਨਤਾਵਾਂ ਨੂੰ ਸਮਰਪਿਤ ਕਈ ਸਜਣਾਂ ਦੀ ਮਾਨਤਾ ਹੈ ਕਿ ਸਿੱਖ ਧਰਮ ਅਤੇ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਇੱਕ ਵਿਦ੍ਰੋਹੀ (ਬਾਗੀ) ਪੰਥ ਦੇ ਰੂਪ ਵਿੱਚ ਸਥਾਪਤ ਕਰ, ਉਸਨੂੰ ਸੰਕੁਚਿਤ (ਸੌੜੀ) ਧਾਰਮਕ ਵਿਚਾਰਧਾਰਾ, ਪਖੰਡਾਂ, ਕਰਮਕਾਂਡਾਂ ਅਤੇ ਜਬਰ-ਜ਼ੁਲਮ ਵਿਰੁੱਧ ਜੂਝਣ ਦੇ ਸੰਕਲਪ ਦਾ ਧਾਰਨੀ ਬਣਾਇਆ ਹੈ, ਜਿਸਨੂੰ ਬੁੱਧੀਜੀਵੀਆਂ, ਕਾਨੂੰਨਾਂ ਜਾਂ ਅਦਾਲਤਾਂ ਵਲੋਂ ਕਿਸੇ ਵਿਸ਼ੇਸ਼ ਧਾਰਮਕ ਪ੍ਰੀਭਾਸ਼ਾ ਦੀ ਸੀਮਾ ਵਿੱਚ ਬੰਨਿ੍ਹਆ ਨਹੀਂ ਜਾ ਸਕਦਾ।