ਨਵੀਂ ਦਿੱਲੀ – ‘ਜਾਗੋ’ ਪਾਰਟੀ ਦੀ ਯੂਥ ਕੌਰ ਬ੍ਰਿਗੇਡ ਦੀ ਪ੍ਰਧਾਨ ਅਵਨੀਤ ਕੌਰ ਭਾਟੀਆ ਵੱਲੋਂ ਅੰਤਰਰਾਸ਼ਟਰੀ ਧੀ ਦਿਹਾੜੇ ਨੂੰ ਸਮਰਪਿਤ ਕੌਰ ਰਾਈਡ ਮੋਮੇਂਟਸ ਮਾਲ ਮੋਤੀ ਨਗਰ ਤੋਂ ਪੈਸੀਫਿਕ ਮਾਲ ਸੁਭਾਸ਼ ਨਗਰ ਤੱਕ ਕੱਢੀ ਗਈ। ਧੀਆਂ ਦੀ ਭਰੂਣ ਹੱਤਿਆ ਤੇ ਰੁੱਖਾਂ ਦੀ ਕਟਾਈ ਰੋਕਣ ਅਤੇ ਹਰਿਆਲੀ ਵਧਾਉਣ ਦੀ ਸੋਚ ਨਾਲ ਰਾਈਡ ਦੀ ਸਮਾਪਤੀ ਮੌਕੇ ਸਾਰੀਆਂ ਧੀਆਂ-ਭੈਣਾਂ ਨੂੰ ਬੂਟੇ ਪ੍ਰਸਾਦ ਦੇ ਤੌਰ ਉੱਤੇ ਵੰਡੇ ਗਏ। ਇਸ ਮੌਕੇ ‘ਜਾਗੋ’ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਵੀ ਬੀਬੀਆਂ ਦੀ ਹੌਸਲਾ ਅਫਜਾਈ ਲਈ ਸਾਈਕਲ ਦੀ ਸਵਾਰੀ ਕੀਤੀ। ਪਰਮਿੰਦਰ ਨੇ ਕਿਹਾ ਕਿ ਧੀ ਦਿਹਾੜੇ ਨੂੰ ਮਨਾਉਣ ਦੀ ਇਹ ਕੋਸ਼ਿਸ਼ ਕੁੱਖ ਅਤੇ ਰੁੱਖ ਨੂੰ ਬਚਾਉਣ ਦੀ ਮੁਹਿੰਮ ਦੇ ਨਾਲ ਜੁੜ ਕੇ ਹੋਰ ਪਵਿੱਤਰ ਹੋ ਗਈ ਹੈ। ਕੌਰ ਰਾਈਡ ਦਾ ਇਹ ਸਿਲਸਿਲਾ ਹੁਣ ਸਮਾਜ ਵਿੱਚ ਜਾਗ੍ਰਤੀ ਪੈਦਾ ਕਰਨ ਅਤੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲੜਾਈ ਦਾ ਮਾਧਿਅਮ ਵੀ ਬੰਨ੍ਹ ਗਿਆ ਹੈਂ, ਇਹੀ ਕਾਰਨ ਹੈਂ ਕਿ ਕੌਰ ਰਾਈਡ ਦੇ ਕਾਫ਼ਲੇ ਵਿੱਚ ਹਰ ਵਾਰ ਵਾਧਾ ਹੋ ਰਿਹਾ ਹੈ।
ਅਵਨੀਤ ਨੇ ਕੌਰ ਰਾਈਡ ਵਿੱਚ ਭਾਗ ਲੈਣ ਵਾਲੀ ਕੁੱਝ ਔਰਤਾਂ ਤੋਂ ਮਿਲੇ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਦੱਸਿਆ ਕਿ ਅੱਜ ਧੀਆਂ ਨੂੰ ਤਾਕਤਵਰ ਅਤੇ ਜਾਗਰੂਕ ਬਣਾਉਣਾ ਸਮੇਂ ਦੀ ਲੋੜ ਹੈ। ਇਸ ਲਈ ਯੂਥ ਕੌਰ ਬ੍ਰਿਗੇਡ ਲਗਾਤਾਰ ਔਰਤਾਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਕੌਰ ਰਾਈਡ ਨੂੰ ਹਰ ਵਾਰ ਰੋਚਕ ਅਤੇ ਪ੍ਰਭਾਵੀ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ। ‘ਜਾਗੋ’ ਪਾਰਟੀ ਦੇ ਦਿੱਲੀ ਪਰਦੇਸ ਦੇ ਸੀਨੀਅਰ ਮੀਤ ਪ੍ਰਧਾਨ ਨੱਥਾ ਸਿੰਘ ਨੇ ਬੀਬੀਆਂ ਨੂੰ ਬੂਟੇ ਵੰਡਣ ਦੇ ਬਾਅਦ ਸਾਫ਼ ਕਿਹਾ ਕਿ ਕਰਤਾ ਪੁਰਖ ਜਦੋਂ ਤੱਕ ਨਾ ਚਾਹੇ, ਅਸੀਂ ਅੱਛਾ ਕੰਮ ਸੋਚ ਕੇ ਵੀ ਨਹੀਂ ਕਰ ਸਕਦੇ। ਧੀਆਂ ਦੇ ਭਾਵਨਾਤਮਕ ਅਤੇ ਰਚਨਾਤਮਿਕ ਤਰੱਕੀ ਲਈ ਅੰਤਰਰਾਸ਼ਟਰੀ ਧੀ ਦਿਹਾੜੇ ਨੂੰ ਮਨਾਉਣ ਦੀ ਇਹ ਨਿਵੇਕਲੀ ਕੋਸ਼ਿਸ਼ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਔਰਤਾਂ ਨੇ ਸਾਈਕਲ ਅਤੇ ਸਕੂਟੀ ਦੇ ਨਾਲ ਕੌਰ ਰਾਈਡ ਵਿੱਚ ਹਾਜ਼ਰੀ ਭਰੀ।