ਜਾਰੀ ਰਹੇਗਾ ਸਾਡਾ ਸੰਘਰਸ਼
ਜਦ ਤੱਕ ਸੂਰਜ ਚ ਲੋਅ ਰਹੇਗੀ
ਤਾਰੇ ਰਹਿਣਗੇ ਟਿਮਟਿਮਾਉਂਦੇ
ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ
ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ
ਜਾਰੀ ਰਹੇਗਾ ਸੰਘਰਸ਼
ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ
ਬੇੜੀਆਂ ਨਹੀਂ ਟੁੱਟ ਕੇ ਡਿੱਗਦੀਆਂ ਪੈਰਾਂ ਚੋਂ
ਕਿਰਤ ਕਰਨ ਵਾਲੇ ਹੱਥਾਂ ਵਿੱਚੋਂ ਗ਼ੁਲਾਮੀ ਨਹੀਂ ਝੜਦੀ
ਰੁੱਤਾਂ ਚੋਂ ਨਹੀਂ ਜਾਂਦੇ ਉਦਾਸ ਪਹਿਰ
ਚਾਵਾਂ ਤੇ ਨਹੀਂ ਪੈਂਦੀ
ਕਿਣਮਿਣ ਬਹਾਰ ਦੇ ਮੌਸਮ ਦੀ
ਸੰਘਰਸ਼ ਜਾਰੀ ਰਹੇਗਾ
ਜਦ ਤੱਕ ਸਿਆੜਾਂ ਚ ਕਿਰੇ ਪਸੀਨੇ ਦੇ ਤੁਪਕਿਆਂ ਨੂੰ ਸਿੱਟੇ ਨਹੀਂ ਲਗਦੇ
ਝੋਨੇ ਦੀ ਮਹਿਕ ਦਾ ਮੁੱਲ ਨਹੀਂ ਮਿਲਦਾ
ਝੁਕੀਆਂ ਪਿੱਠਾਂ ਨੂੰ
ਕਪਾਹ ਦੀਆਂ ਫੁੱਟੀਆਂ ਦੇ ਮੁੱਖ ਤੇ ਮੁਸਕਰਾਹਟ ਨਹੀਂ ਉੱਗਦੀ ਮਖਮਲੀ
ਸੰਘਰਸ਼ ਜਾਰੀ ਰਹੇਗਾ
ਜਦ ਤੱਕ ਅਰਮਾਨ ਕਤਲ ਹੋਣੋ ਨਹੀਂ ਬਚਦੇ
ਬਾਪੂ ਦੀਆਂ ਅੱਖਾਂ ਚ ਲੋਅ ਨਹੀਂ ਜਗਦੀ ਦੀਪਕ ਵਰਗੀ
ਮਿਹਨਤ ਦੀਆਂ ਲਕੀਰਾਂ ਚ ਤਕਦੀਰਾਂ ਨਹੀਂ ਫੁੱਟਦੀਆਂ ਨਵੀਂ ਰੀਝ ਵਰਗੀਆਂ
ਜਾਗ ਨਹੀਂ ਲਗਦੇ ਸਿਤਾਰਿਆਂ ਦੇ
ਲੋਕ ਗੀਤਾਂ ਨੂੰ
ਸੂਰਜਾਂ ਨੂੰ ਛੂਹਣਾ ਨਹੀਂ ਸਿੱਖਦੇ ਉੱਠਦੇ ਨਾਹਰੇ ਹੱਥਾਂ ਦੇ
ਸੰਘਰਸ਼ ਜਾਰੀ ਰਹੇਗਾ
ਜਦ ਤੱਕ ਮੰਡੀਆਂ ਚੋਂ
ਕਣਕਾਂ ਦੇ ਸੋਨ ਰੰਗੇ ਸੁਪਨੇ
ਭੰਗੜੇ ਪਾਉਂਦੇ ਨਹੀਂ ਘਰੀਂ ਪਰਤਦੇ
ਬੱਚਿਆਂ ਲਈ ਨਵੇਂ ਖਿਡਾਉਣੇ ਲਿਆ ਬਾਪੂ ਵਿਹੜੇ ਚ ਆ ਕੇ ਨਹੀਂ ਮੁਸਕਰਾਉੰਦਾ
ਸਰ੍ਹੋਂ ਦੇ ਖੇਤਾਂ ਚ ਰੌਣਕਾਂ ਨਹੀਂ ਖਿੜਦੀਆਂ ਗੁਲਾਬ ਵਰਗੀਆਂ
ਪੰਛੀ ਨਹੀਂ ਪਰਤਦੇ ਘਰਾਂ ਨੂੰ
ਚੋਗਾ ਲੈ ਕੇ ਮੋਤੀਆਂ ਦਾ
ਸੰਘਰਸ਼ ਜਾਰੀ ਰਹੇਗਾ
ਜਦ ਤੱਕ ਅਦਾਲਤਾਂ ਨਹੀਂ ਸਿੱਖਦੀਆਂ ਨਿਆਂ ਕਰਨੇ ਮੁੱਦਤਾਂ ਦੇ ਪਏ ਫਾਈਲਾਂ ਚ ਸਹਿਕਦੇ
ਕਚਹਿਰੀਆਂ ਦੇ ਰੁੱਖਾਂ ਹੇਠ ਛਾਂਵਾਂ ਨਹੀਂ
ਮੁੜਦੀਆਂ ਉਮੀਦਾਂ ਬਣ ਕੇ
ਪੂੰਝੇ ਨਹੀਂ ਜਾਂਦੇ ਹਨੇਰੇ ਵਿਹੜਿਆਂ ਚੋਂ
ਥਾਣਿਆਂ ਚ ਬੇਪਤ ਹੋਣੋ ਨਹੀਂ ਹਟਦੀਆਂ ਬੱਗੀਆਂ ਦਾੜ੍ਹੀਆਂ
ਸਾਡਾ ਸੰਘਰਸ਼ ਜਾਰੀ ਰਹੇਗਾ
ਜਦ ਤੱਕ ਹਾਕਮ ਪਰਿਆ ਚ ਆ ਕੇ
ਗ਼ਲਤੀਆਂ ਦੀ ਮੁਆਫ਼ੀ ਨਹੀਂ ਮੰਗਦਾ
ਮਨਮਾਨੀਆਂ ਕਰਨੋ ਨਹੀਂ ਹਟਦਾ ਕਾਨੂੰਨਾਂ ਨੂੰ ਮੜ੍ਹ ਕੇ
ਗਲਾਂ ਚੋਂ ਨਹੀਂ ਟੁੱਟਦੇ ਕਰਜ਼ਿਆਂ ਦੇ ਫੰਦੇ
ਨਹੀਂ ਮਰਦੀਆਂ ਭ੍ਰਿਸ਼ਟਾਚਾਰ ਹਵਾਵਾਂ ਦਫਤਰਾਂ ਦੀਆਂ ਖਿੜਕੀਆਂ ‘ਚੋਂ
ਸੰਘਰਸ਼ ਜਾਰੀ ਰਹੇਗਾ
ਜਦ ਤੱਕ ਲੜਨ ਦੀ ਰੀਝ ਨਾ ਮਰੀ
ਜ਼ਖ਼ਮੀ ਹੋ ਹਫ ਕੇ ਨਾ ਡਿੱਗੇ ਅਰਮਾਨ
ਝੁੱਗੀ ਦੇ ਅੰਬਰ ਤੇ ਦੀਵਾ ਨਾ ਜਗਿਆ ਚੰਦ ਵਰਗਾ
ਤਾਰਿਆਂ ਨੂੰ ਨਾ ਫੜਾਇਆ ਖੇਡਣ ਲਈ ਨੰਨਿਆਂ ਦੇ ਹੱਥਾਂ ਚ
ਸੰਘਰਸ਼ ਜਾਰੀ ਰਹੇਗਾ
ਜਦ ਤੱਕ ਗੰਧਲਾ ਅਸਮਾਨ ਰਿਹਾ
ਸੁਪਨੇ ਮਰਦੇ ਰਹੇ ਜਦੋਂ ਤੱਕ ਕਿਰ ਕਿਰ ਕੇ
ਤਲਵਾਰ ਰਹੀ ਸੁੱਤੀ ਜਦ ਤੱਕ ਨਾਲ
ਯਾਰੜੇ ਦੇ ਸੱਥਰ ‘ਤੇ
ਜਾਰੀ ਰਹੇਗਾ ਸਾਡਾ ਸੰਘਰਸ਼
This entry was posted in ਕਵਿਤਾਵਾਂ.