ਫ਼ਤਹਿਗੜ੍ਹ ਸਾਹਿਬ – “ਮੁਤੱਸਵੀ ਹੁਕਮਰਾਨਾਂ ਦੀ ਦਿਸ਼ਾਹੀਣ, ਗੈਰ-ਇਨਸਾਨੀਅਤ ਕਾਰਵਾਈਆਂ ਅਤੇ ਅਮਲਾਂ ਦੀ ਬਦੌਲਤ ਇੰਡੀਆਂ ਦੇ ਅੰਦਰੂਨੀ ਹਾਲਾਤ ਤੇਜ਼ੀ ਨਾਲ ਵਿਸਫੋਟਕ ਸਥਿਤੀ ਵੱਲ ਵੱਧ ਰਹੇ ਹਨ । ਕਿਉਂਕਿ ਮੰਨੂੰਸਮ੍ਰਿਤੀ ਦੀ ਫਿਰਕੂ ਸੋਚ ਰਾਹੀ ਹਿੰਦੂਤਵ ਹੁਕਮਰਾਨ ਕੇਵਲ ਇਥੇ ਘੱਟ ਗਿਣਤੀ ਕੌਮਾਂ ਉਤੇ ਹੀ ਗੈਰ ਵਿਧਾਨਿਕ ਢੰਗਾਂ ਰਾਹੀ ਜ਼ਬਰ-ਜੁਲਮ ਹੀ ਨਹੀਂ ਕਰ ਰਹੇ, ਬਲਕਿ ਰੰਘਰੇਟਿਆ, ਦਲਿਤਾਂ, ਕਬੀਲਿਆ, ਆਦਿਵਾਸੀਆਂ ਆਦਿ ਦੇ ਸਮਾਜਿਕ ਅਤੇ ਵਿਧਾਨਿਕ ਹੱਕਾਂ ਨੂੰ ਕੁੱਚਲਕੇ ਇਥੇ ਜ਼ਬਰੀ ਹਿੰਦੂਤਵ ਰਾਜ ਕਾਇਮ ਕਰਨਾ ਲੋੜਦੇ ਹਨ । ਜਿਸ ਵਿਚ ਇਹ ਹੁਕਮਰਾਨ ਇਸ ਲਈ ਕਾਮਯਾਬ ਨਹੀਂ ਹੋ ਸਕਣਗੇ, ਕਿਉਂਕਿ ਇੰਡੀਆ ਇਕ ਲੋਕਤੰਤਰ, ਧਰਮ ਨਿਰਪੱਖ ਮੁਲਕ ਹੈ । ਜਿਸ ਵਿਚ ਅਨੇਕਾਂ ਕੌਮਾਂ, ਧਰਮ, ਕਬੀਲੇ, ਫਿਰਕੇ ਵੱਸਦੇ ਹਨ । ਜਿਨ੍ਹਾਂ ਨੂੰ ਇੰਡੀਆਂ ਦਾ ਵਿਧਾਨ ਬਰਾਬਰਤਾ ਦੇ ਹੱਕ ਪ੍ਰਦਾਨ ਕਰਦਾ ਹੈ ਅਤੇ ਇਹ ਸਮੂਹ ਕੌਮਾਂ, ਧਰਮਾਂ ਦਾ ਇਕ ਸਾਂਝਾ ਗੁਲਦਸਤਾਂ ਰੂਪੀ ਮੁਲਕ ਹੈ । ਇਸ ਵਿਚ ਕਿਸੇ ਤਰ੍ਹਾਂ ਦੀ ਤਾਨਾਸ਼ਾਹ ਅਤੇ ਜ਼ਬਰ-ਜੁਲਮ ਰਾਹੀ ਕੋਈ ਵੀ ਹੁਕਮਰਾਨ ਰਾਜਭਾਗ ਨਹੀਂ ਚਲਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਦੀਆਂ ਗਲਤ ਦਿਸ਼ਾਹੀਣ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਇਥੇ ਪੈਦਾ ਹੋ ਰਹੇ ਅਤਿ ਵਿਸਫੋਟਕ ਹਾਲਾਤਾਂ ਉਤੇ ਗਹਿਰੀ ਚਿੰਤਾ ਜਾਹਰ ਕਰਦੇ ਹੋਏ ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ, ਫਿਰਕਿਆ, ਕਬੀਲਿਆ ਨੂੰ ਸਿੱਖ ਧਰਮ ਦੇ ਮਨੁੱਖਤਾ ਪੱਖੀ ਅਸੂਲਾਂ, ਨਿਯਮਾਂ ਅਤੇ ਸੋਚ ਉਤੇ ਪਹਿਰਾ ਦੇ ਕੇ ਜਾਲਮ ਹੁਕਮਰਾਨਾਂ ਅਤੇ ਵਿਤਕਰੇ ਵਾਲੀਆ ਨੀਤੀਆਂ ਦਾ ਸਾਂਝੇ ਤੌਰ ਤੇ ਅੰਤ ਕਰਨ ਦਾ ਸੰਜ਼ੀਦਾ ਸੱਦਾ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇਂ ਮੰਨੂੰਸਮ੍ਰਿਤੀ ਦੇ ਸਮੇਂ ਘੱਟ ਗਿਣਤੀ ਅਤੇ ਦਲਿਤਾਂ ਨੂੰ ਉਸ ਅਕਾਲ ਪੁਰਖ ਦੇ ਨਾਮ ਸਿਮਰਨ ਜਾਂ ਸੁਣਨ ਤੋਂ ਰੋਕਣ ਲਈ ਦਲਿਤਾਂ ਦੀਆਂ ਜੀਭਾਂ ਕੱਟ ਦਿੱਤੀਆ ਜਾਂਦੀਆ ਸਨ ਅਤੇ ਉਨ੍ਹਾਂ ਦੇ ਕੰਨਾਂ ਵਿਚ ਸਿੱਕਾ ਪਿਘਲਾਕੇ ਪਾ ਦਿੱਤਾ ਜਾਂਦਾ ਸੀ । ਤਾਂ ਕਿ ਉਹ ਨਾ ਤਾਂ ਉਸ ਰੱਬ ਦਾ ਨਾਮ ਲੈ ਸਕਣ ਅਤੇ ਨਾ ਹੀ ਸੁਣ ਸਕਣ । ਉਸੇ ਤਰ੍ਹਾਂ ਦੇ ਹਾਲਾਤ ਮੋਦੀ ਹਕੂਮਤ, ਯੂਪੀ ਵਿਚ ਕੱਟੜਵਾਦੀ ਅਦਿਤਾਨਾਥ ਜੋਗੀ ਦੀ ਹਕੂਮਤ ਅਤੇ ਹੋਰਨਾਂ ਕੱਟੜਵਾਦੀਆਂ ਵੱਲੋਂ ਦਲਿਤਾਂ ਅਤੇ ਰੰਘਰੇਟਿਆ ਨਾਲ ਉਸੇ ਤਰ੍ਹਾਂ ਦਾ ਜ਼ਬਰ-ਜੁਲਮ ਸੁਰੂ ਕਰ ਦਿੱਤਾ ਗਿਆ ਹੈ । ਜੋ ਕਿ ਯੂਪੀ ਦੇ ਹਾਥਰਸ ਵਿਖੇ ਬੀਬਾ ਮਨੀਸਾ ਇਕ ਗਰੀਬ ਪਰਿਵਾਰ ਦੀ ਦਲਿਤ ਲੜਕੀ ਨਾਲ ਉੱਚ ਜਾਤੀ ਦੇ ਠਾਕੁਰਾਂ ਵੱਲੋਂ ਜ਼ਬਰੀ ਜ਼ਬਰ-ਜਿਨਾਹ ਕੀਤਾ ਗਿਆ ਅਤੇ ਫਿਰ ਉਸਦੀ ਰੀੜ੍ਹ ਦੀ ਹੱਡੀ ਤੋੜਕੇ ਉਸਦੀ ਜੀਭ ਕੱਟਦੇ ਹੋਏ ਉਸ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ । ਉਸਦਾ ਸੰਸਕਾਰ ਉਸਦੇ ਪਰਿਵਾਰਿਕ ਮੈਬਰਾਂ ਦੀ ਹਾਜ਼ਰੀ ਤੋਂ ਬਿਨ੍ਹਾਂ ਪੁਲਿਸ ਅਤੇ ਨਿਜਾਮ ਦੇ ਪਹਿਰੇ ਵਿਚ ਰਾਤ ਦੇ 2:L30 ਵਜੇ ਕੀਤਾ ਗਿਆ ਜੋ ਮੁਗਲਾਂ, ਅਫ਼ਗਾਨਾਂ, ਅੰਗਰੇਜ਼ਾਂ ਦੇ ਜ਼ਬਰ-ਜੁਲਮਾਂ ਨੂੰ ਵੀ ਮਾਤ ਪਾ ਗਿਆ ਹੈ । ਅਜਿਹੇ ਅਮਲ ਇਥੋਂ ਦੇ ਨਿਵਾਸੀਆਂ ਅਤੇ ਘੱਟ ਗਿਣਤੀਆਂ ਲਈ ਜਿਥੇ ਚਿੰਤਾਜਨਕ ਹਨ, ਉਥੇ ਇਸ ਵਿਰੁੱਧ ਇਕੱਤਰ ਹੋ ਕੇ ਹੁਕਮਰਾਨਾਂ ਨੂੰ ਸੰਜ਼ੀਦਾ ਚੁਣੌਤੀ ਦੇਣ ਦੀ ਮੰਗ ਕਰਦੇ ਹਨ ।
ਸ. ਮਾਨ ਨੇ ਅੱਗੇ ਕਿਹਾ ਕਿ ਇੰਡੀਆਂ ਵਿਚ ਕੇਵਲ ਦਲਿਤ ਹੀ ਹੁਕਮਰਾਨਾਂ ਦਾ ਨਿਸ਼ਾਨਾਂ ਨਹੀਂ ਬਣ ਰਹੇ, ਬਲਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਜੋ ਖੇਤੀ ਨੂੰ ਉਤਮ ਕਰਾਰ ਦਿੰਦੇ ਹੋਏ ਇਸ ਕਿੱਤੇ ਅਤੇ ਮਿਹਨਤ ਦੀ ਗੱਲ ਕੀਤੀ ਹੈ, ਉਸ ਕਿੱਤੇ ਨਾਲ ਸੰਬੰਧਤ ਕਿਸਾਨਾਂ, ਖੇਤ-ਮਜ਼ਦੂਰਾਂ, ਟਰਾਸਪੋਰਟਰਾਂ, ਛੋਟੇ ਵਪਾਰੀਆਂ, ਕਾਰੋਬਾਰੀਆਂ, ਆੜਤੀਆਂ ਆਦਿ ਸਭਨਾਂ ਨਾਲ ਵੱਡਾ ਧ੍ਰੋਹ ਕਮਾਉਣ ਦੀ ਗੁਸਤਾਖੀ ਕੀਤੀ ਜਾ ਰਹੀ ਹੈ । ਜਦੋਂਕਿ ਇਥੋਂ ਦੀ ਆਰਥਿਕਤਾ ਅਤੇ ਸਮੁੱਚਾ ਵਪਾਰ ਖੇਤੀ ਅਤੇ ਕਿਸਾਨ ਉਤੇ ਨਿਰਭਰ ਕਰਦਾ ਹੈ । ਜਦੋਂ ਕਿਸਾਨ ਤੇ ਖੇਤ-ਮਜ਼ਦੂਰ ਨੂੰ ਹੀ ਸਾਜ਼ਿਸਾਂ ਰਾਹੀ ਮਾਲੀ ਤੌਰ ਤੇ ਅਤੇ ਸਮਾਜਿਕ ਤੌਰ ਤੇ ਸੱਟ ਮਾਰੀ ਜਾ ਰਹੀ ਹੈ ਤਾਂ ਇਸਦੇ ਨਤੀਜੇ ਸਮੁੱਚੇ ਵਰਗਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰੇ ਬਿਨ੍ਹਾਂ ਨਹੀਂ ਰਹਿ ਸਕਦੇ । ਹੁਕਮਰਾਨ ਕਾਰਪੋਰੇਟ ਘਰਾਣਿਆ ਅਤੇ ਧਨਾਢਾਂ ਦੀ ਸਰਪ੍ਰਸਤੀ ਕਰ ਰਹੇ ਹਨ । ਜਦੋਂਕਿ ਗੁਰੂ ਨਾਨਕ ਸਾਹਿਬ ਨੇ ਸਦੀਆਂ ਪਹਿਲੇ ਭਾਈ ਲਾਲੋ ਜੋ ਕਿ ਇਕ ਗਰੀਬ ਅਤੇ ਮਿਹਨਤੀ ਇਨਸਾਨ ਸਨ, ਉਨ੍ਹਾਂ ਵੱਲੋਂ ਭੇਟ ਕੀਤੀ ਗਈ ਰੋਟੀ ਵਿਚੋਂ ਦੁੱਧ ਕੱਢਕੇ, ਉਪਰੋਕਤ ਧਨਾਢਾਂ ਦੀ ਤਰ੍ਹਾਂ ਗਲਤ ਢੰਗਾਂ ਰਾਹੀ ਇਕੱਤਰ ਕੀਤੀ ਗਈ ਮਾਇਆ, ਮਲਿਕ ਭਾਗੋ ਦੀ ਰੋਟੀ ਵਿਚੋਂ ਲਹੂ ਕੱਢਕੇ ਇਸ ਸੱਚ ਨੂੰ ਪ੍ਰਤੱਖ ਕੀਤਾ ਸੀ ਕਿ ਮਿਹਨਤ ਨਾਲ ਕੀਤੀ ਗਈ ਕਮਾਈ ਹੀ ਬਰਕਤ ਵਾਲੀ ਹੁੰਦੀ ਹੈ ਜਦੋਂਕਿ ਬੇਈਮਾਨੀ ਨਾਲ ਕੀਤੀ ਕਮਾਈ ਪ੍ਰਤੱਖ ਰੂਪ ਵਿਚ ਗਲਤ ਸਿੱਟੇ ਕੱਢਦੀ ਹੈ । ਉਨ੍ਹਾਂ ਕਿਹਾ ਕਿ ਹੁਕਮਰਾਨ ਸਿੱਖ ਕੌਮ ਨੂੰ ਹਕੂਮਤੀ ਤਾਕਤ ਅਤੇ ਸਾਜ਼ਿਸਾਂ ਰਾਹੀ ਨੀਵਾਂ ਦਿਖਾਉਣ ਅਤੇ ਕੰਮਜੋਰ ਕਰਨਾ ਲੋੜਦੇ ਹਨ । ਅਜਿਹਾ ਕਰਨ ਵਾਲੇ ਇਹ ਭੁੱਲ ਜਾਂਦੇ ਹਨ ਕਿ ਸਿੱਖ ਕੌਮ ਨੇ ਨਾ ਤਾਂ ਮੁਗਲਾਂ, ਨਾ ਅਫਗਾਨਾਂ, ਨਾ ਅੰਗਰੇਜ਼ਾਂ ਆਦਿ ਦੀ ਕਦੇ ਈਂਨ ਮੰਨੀ ਹੈ ਅਤੇ ਨਾ ਹੀ ਹੁਣ ਵਾਲੀ ਜਾਲਮ ਮੋਦੀ ਹਕੂਮਤ ਤੇ ਹਿੰਦੂਤਵ ਸੋਚ ਵਾਲਿਆ ਦੀ ਕਦੀ ਈਂਨ ਮੰਨਣਗੇ । ਕਿਉਂਕਿ ਬੀਤੇ ਸਮੇਂ ਜਦੋਂ ਲਾਹੌਰ ਮੁਗਲ ਹਕੂਮਤ ਨੇ ਇਹ ਸੁਨੇਹਾ ਭੇਜਿਆ ਕਿ ਸਿੱਖ ਖਤਮ ਕਰ ਦਿੱਤੇ ਹਨ, ਤਾਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਨੇ ਦਿੱਲੀ-ਲਾਹੌਰ ਮਾਰਗ ਉਤੇ ਤਰਨਤਾਰਨ ਵਿਖੇ ਜੰਗਲਾਂ ਵਿਚੋਂ ਬਾਹਰ ਨਿਕਲਕੇ ਖ਼ਾਲਸਾ ਟੈਕਸ ਲਗਾਕੇ ਜਾਬਰ ਹੁਕਮਰਾਨਾਂ ਨੂੰ ਇਹ ਪ੍ਰਤੱਖ ਕਰ ਦਿੱਤਾ ਸੀ ਕਿ ਖ਼ਾਲਸਾ ਜਿਊਂਦਾ-ਜਾਂਗਦਾ ਹੈ, ਕੋਈ ਵੀ ਤਾਕਤ ਖ਼ਾਲਸਾ ਪੰਥ ਨੂੰ ਜਾਂ ਸਿੱਖਾਂ ਨੂੰ ਖ਼ਤਮ ਨਹੀਂ ਕਰ ਸਕਦੀ । ਉਸੇ ਤਰਨਤਾਰਨ ਦੇ ਇਤਿਹਾਸਿਕ ਗੁਰੂਘਰ ਦੀ ਦਰਸ਼ਨੀ ਡਿਊੜ੍ਹੀ ਨੂੰ ਇਹ ਫਿਰਕੂ ਲੋਕਾਂ ਵੱਲੋਂ, ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਵੱਲੋਂ ਉਸਾਰੀ ਗਈ ਉਪਰੋਕਤ ਦਰਸ਼ਨੀ ਡਿਊੜ੍ਹੀ ਨੂੰ ਸਾਜ਼ਸੀ ਢੰਗਾਂ ਨਾਲ ਗਿਰਾਉਣ ਦੇ ਹੁਕਮ ਕੀਤੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਥੇ ਡੱਟਕੇ ਕੌਮੀ ਜ਼ਿੰਮੇਵਾਰੀ ਨਿਭਾਈ ਅਤੇ ਕਾਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ, ਐਸ.ਜੀ.ਪੀ.ਸੀ. ਅਤੇ ਫਿਰਕੂ ਹੁਕਮਰਾਨਾਂ ਨੂੰ ਅਜਿਹਾ ਕਰਨ ਦੀ ਚੁਣੋਤੀ ਦੇ ਕੇ ਇਸ ਨੂੰ ਰੁਕਵਾਇਆ ।
ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਵੱਲੋਂ ਹਰ ਵੱਡੀ ਤੋਂ ਵੱਡੀ ਚੁਣੌਤੀ ਦੇ ਵਿਰੁੱਧ ਆਪਣੀਆ ਰਵਾਇਤਾ ਅਨੁਸਾਰ ਚੁਣੋਤੀ ਦੇਣ ਦੀ ਗੱਲ ਉਸ ਸਮੇਂ ਪ੍ਰਤੱਖ ਰੂਪ ਵਿਚ ਸਾਹਮਣੇ ਆ ਜਾਂਦੀ ਹੈ ਜਦੋਂ ਸਮੁੱਚੇ ਕਿਸਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ-ਪੰਜਾਬ ਦੀ ਸਰਹੱਦ ਸੰਭੂ ਬਾਰਡਰ ਵਿਖੇ ਆਪਣਾ ਪੱਕਾ ਮੋਰਚਾਂ ਦ੍ਰਿੜਤਾ ਨਾਲ ਲਗਾ ਦਿੱਤਾ ਹੈ, ਕਿਉਂਕਿ ਹੁਕਮਰਾਨ ਸਮੁੱਚੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਨਜ਼ਰ ਅੰਦਾਜ ਕਰਕੇ ਉਨ੍ਹਾਂ ਦੀਆਂ ਫ਼ਸਲਾਂ ਦੀ ਐਮ.ਐਸ.ਪੀ. ਨਾ ਦੇ ਕੇ ਅਤੇ ਉਨ੍ਹਾਂ ਦੀ ਸਰਕਾਰੀ ਮੰਡੀਆਂ ਖਤਮ ਕਰਕੇ, ਅਡਾਨੀ, ਅੰਬਾਨੀ ਵਰਗੇ ਕਾਰਪੋਰੇਟ ਬਘਿਆੜ ਰੂਪੀ ਘਰਾਣਿਆ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਉਤੇ ਕਬਜੇ ਕਰਵਾਉਣ ਅਤੇ ਉਨ੍ਹਾਂ ਦੀ ਪੈਦਾਵਾਰ ਨੂੰ ਆਪਣੀ ਮਰਜੀ ਦੀ ਕੀਮਤ ਨਾਲ ਖਰੀਦਣ ਲਈ ਕਿਸਾਨ ਵਿਰੋਧੀ ਮਾਹੌਲ ਬਣਾ ਰਹੇ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਉਦਾਹਰਨ ਦੇ ਤੌਰ ਤੇ ਬਾਸਮਤੀ ਦੀ ਕੌਮਾਂਤਰੀ ਕੀਮਤ 5000 ਤੋਂ 7000 ਤੱਕ ਹੈ, ਲੇਕਿਨ ਕਿਸਾਨ ਨੂੰ ਇਸਦੀ ਕੀਮਤ 1600 ਰੁਪਏ ਦੇ ਕੇ ਖੁੱਲ੍ਹੇਆਮ ਲੁੱਟ ਕੀਤੀ ਜਾ ਰਹੀ ਹੈ ਅਤੇ ਕਿਸਾਨੀ ਕਿੱਤੇ ਦਾ ਲੱਕ ਤੋੜਨ ਦੇ ਦੁੱਖਦਾਇਕ ਅਮਲ ਕੀਤੇ ਜਾ ਰਹੇ ਹਨ । ਅਜਿਹੀਆਂ ਸਾਜ਼ਿਸਾਂ ਅਤੇ ਕਿਸਾਨ ਮਾਰੂ ਨੀਤੀਆਂ ਵਿਰੁੱਧ ਅੱਜ ਸਮੁੱਚਾ ਪੰਜਾਬ ਸਭ ਵਰਗ ਉੱਠ ਖਲੋਤੇ ਹਨ । ਅਜਿਹੀ ਕੋਈ ਵੀ ਗੱਲ ਨਹੀਂ ਕਿ ਜ਼ਾਬਰ ਮੋਦੀ ਹਕੂਮਤ ਸਾਡੇ ਇਸ ਹੱਕੀ ਸੰਘਰਸ਼ ਨੂੰ ਨਜ਼ਰ ਅੰਦਾਜ ਕਰਕੇ ਇਨ੍ਹਾਂ ਮਾਰੂ ਕਾਨੂੰਨਾਂ ਨੂੰ ਵਾਪਿਸ ਨਾ ਲਵੇ । ਦਸਵੇਂ ਪਾਤਸ਼ਾਹ ਨੇ ਇਨਸਾਨੀਅਤ, ਗਰੀਬ ਅਤੇ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਹੀ ਇਹ ਉਚਾਰਨ ਕੀਤਾ ਸੀ ਕਿ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸ਼ਾਹੀ’॥ ਅਨੁਸਾਰ ਇਥੋਂ ਦੀ ਹਕੂਮਤ ਅਤੇ ਬਾਦਸ਼ਾਹੀਆਂ ਦੇ ਹੱਕਦਾਰ ਕਿਸਾਨ, ਮਜ਼ਦੂਰ, ਦਲਿਤ, ਰੰਘਰੇਟੇ, ਕਬੀਲੇ, ਫਿਰਕੇ ਆਦਿ ਹਨ । ਨਾ ਕਿ ਮੰਨੂੰਸਮ੍ਰਿਤੀ ਦੀ ਸੋਚ ਉਤੇ ਅਮਲ ਕਰਕੇ ‘ਪਾੜੋ ਅਤੇ ਰਾਜ ਕਰੋ’ ਵਾਲੇ ਸਾਤਰ ਬ੍ਰਾਹਮਣ ਅਤੇ ਠਾਕੁਰ । ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਅੰਤਲੇ ਜੀਵਨ ਨੂੰ ਖੇਤੀ ਅਤੇ ਮਿਹਨਤ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗੁਜਾਰੇ ਅਤੇ ਇਹ ਸਥਾਨ ਕੇਵਲ ਸਿੱਖ ਕੌਮ ਲਈ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਇਕ ਪ੍ਰੇਰਣਾਸ੍ਰੋਤ ਹੈ, ਸਾਨੂੰ ਉਨ੍ਹਾਂ ਦੇ ਜੋਤੀ-ਜੋਤ ਸਮਾਉਣ ਦੇ ਦਿਹਾੜੇ ਤੇ ਨਤਮਸਤਕ ਹੋਣ ਲਈ ਹੁਕਮਰਾਨਾਂ ਵੱਲੋਂ ਨਾ ਜਾਣ ਦੇਣਾ, ਸਾਡੇ ਉਤੇ ਵੱਡਾ ਕਹਿਰ ਢਾਹਿਆ ਗਿਆ ਹੈ । ਜਿਸਦੇ ਨਤੀਜੇ ਕਦੇ ਵੀ ਲਾਹੇਵੰਦ ਨਹੀਂ ਹੋਣਗੇ ।
ਉਨ੍ਹਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫ਼ਸੋਸ ਵਾਲੀ ਗੱਲ ਹੈ ਕਿ 1834 ਵਿਚ ਜਿਸ ਲਦਾਖ ਦੇ ਖਿੱਤੇ ਨੂੰ ਲਾਹੌਰ ਖ਼ਾਲਸਾ ਦਰਬਾਰ ਦੀਆਂ ਫ਼ੌਜਾਂ ਨੇ ਫ਼ਤਹਿ ਕਰਕੇ ਖ਼ਾਲਸਾ ਰਾਜ ਦਰਬਾਰ ਵਿਚ ਸਾਮਿਲ ਕੀਤਾ ਸੀ, 1962 ਵਿਚ ਉਸ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕੇ ਨੂੰ ਹਿੰਦੂਤਵ ਹੁਕਮਰਾਨਾਂ ਨੇ ਬਿਨ੍ਹਾਂ ਕਿਸੇ ਹਿਚਕਚਾਹਟ ਦੇ ਚੀਨ ਦੇ ਹਵਾਲੇ ਕਰ ਦਿੱਤਾ ਅਤੇ ਅੱਜ ਤੱਕ ਉਸ ਨੂੰ ਵਾਪਿਸ ਲੈਣ ਲਈ ਕੋਈ ਯਤਨ ਨਹੀਂ ਕੀਤਾ । ਹੁਣ ਜੂਨ 2020 ਵਿਚ ਇਨ੍ਹਾਂ ਹੁਕਮਰਾਨਾਂ ਨੇ ਆਪਣੇ ਫ਼ੌਜੀਆਂ ਨੂੰ ਹਥਿਆਰਾਂ ਤੋਂ ਨਿਹੱਥੇ ਕਰਕੇ ਡਾਂਗਾ ਫੜਾਕੇ ਚੀਨ ਦੀ ਤਾਕਤਵਰ ਪੀ.ਐਲ.ਏ. ਫ਼ੋਜ ਵਿਰੁੱਧ ਲੜਨ ਲਈ ਭੇਜ ਦਿੱਤਾ । ਜਿਸਦੀ ਬਦੌਲਤ ਸਾਡੇ 20 ਜਵਾਨ ਸ਼ਹੀਦ ਹੋ ਗਏ । ਜਿਨ੍ਹਾਂ ਵਿਚ 4 ਸਿੱਖ ਅਤੇ 1 ਮੁਸਲਮਾਨ ਵੀ ਸੀ । ਇਸ ਸਮੇਂ ਸੈਕੜੇ ਸਕੇਅਰ ਵਰਗ ਕਿਲੋਮੀਟਰ ਇਲਾਕਾ ਫਿਰ ਚੀਨ ਦੇ ਹਵਾਲੇ ਕਰ ਦਿੱਤਾ । ਜਿਵੇਂ-ਜਿਵੇਂ ਚੀਨ ਅੰਦਰ ਵੜ ਰਿਹਾ ਹੈ, ਉਸੇ ਤਰ੍ਹਾਂ ਇਹ ਹੁਕਮਰਾਨ ਉਸ ਨੂੰ ਐਲ.ਏ.ਸੀ. ਪ੍ਰਵਾਨ ਕਰ ਰਹੇ ਹਨ । ਜੋ ਇਨ੍ਹਾਂ ਦੀ ਦਿਸ਼ਾਹੀਣ ਨੀਤੀ ਹੈ । ਸ. ਮਾਨ ਨੇ ਅੱਗੇ ਕਿਹਾ ਕਿ ਇਕ ਪਾਸੇ ਚੀਨ ਨਾਲ ਸਮਝੋਤਿਆ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਕੁਆਰਡ ਸੁਰੱਖਿਆ ਗੱਲਬਾਤ ਅਧੀਨ ਅਮਰੀਕਾ, ਜਪਾਨ, ਆਸਟ੍ਰੇਲੀਆ ਅਤੇ ਇੰਡੀਆ ਦੇ ਵਿਦੇਸ਼ ਵਜ਼ੀਰ ਆਉਣ ਵਾਲੇ ਕੱਲ੍ਹ 06 ਅਕਤੂਬਰ ਨੂੰ ਟੋਕੀਓ ਵਿਖੇ ਚੀਨ ਉਤੇ ਫ਼ੌਜੀ ਤੇ ਡਿਪਲੋਮੈਟਿਕ ਦਬਾਅ ਪਾਉਣ ਅਧੀਨ ਮੀਟਿੰਗਾਂ ਕਰ ਰਹੇ ਹਨ । ਫਿਰ ਅਜਿਹੇ ਅਮਲਾਂ ਵਿਚ ਸਹੀ ਸਮਝੋਤਾ ਕਿਵੇਂ ਨਿਕਲ ਸਕੇਗਾ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੰਮੇਂ ਸਮੇਂ ਤੋਂ ਇਹ ਮੰਗ ਕਰਦਾ ਆ ਰਿਹਾ ਹੈ ਕਿ ਜਿਵੇਂ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਹੁਕਮਰਾਨਾਂ ਵੱਲੋਂ ਗੈਂਸ ਏਜੰਸੀਆਂ, ਪੈਟਰੋਲ ਪੰਪ, ਉਨ੍ਹਾਂ ਦੇ ਬੱਚਿਆਂ ਦੀ ਵਜੀਫਿਆ ਸਹਿਤ ਉੱਚ ਤਾਲੀਮ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਉਸੇ ਤਰ੍ਹਾਂ ਲਦਾਂਖ ਵਿਖੇ ਸ਼ਹੀਦ ਹੋਏ ਪਰਿਵਾਰਾਂ ਦੇ ਬੱਚਿਆਂ ਨੂੰ ਕਪੂਰਥਲਾ, ਨਾਭਾ, ਮੋਹਾਲੀ, ਆਨੰਦਪੁਰ ਸਾਹਿਬ ਵਿਖੇ ਫ਼ੌਜੀ ਸਕੂਲਾਂ ਵਿਚ ਉਨ੍ਹਾਂ ਤਾਲੀਮ ਦਾ ਪ੍ਰਬੰਧ ਕਰਨ ਦੇ ਨਾਲ-ਨਾਲ, ਪਰਿਵਾਰਾਂ ਨੂੰ ਪੈਟਰੋਲ ਪੰਪ ਤੇ ਗੈਸ ਏਜੰਸੀਆਂ ਅਲਾਟ ਕੀਤੀਆ ਜਾਣ ਤਾਂ ਕਿ ਇਨ੍ਹਾਂ ਦੇ ਪਰਿਵਾਰ ਅਣਖ, ਇੱਜ਼ਤ ਵਾਲੀ ਜਿੰਦਗੀ ਬਸਰ ਕਰ ਸਕਣ । ਪਰ ਅਜੇ ਤੱਕ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਨਾ ਕਰਨਾ ਹੁਕਮਰਾਨਾਂ ਦੀ ਮੰਦਭਾਵਨਾ ਨੂੰ ਪ੍ਰਤੱਖ ਕਰਦਾ ਹੈ ।
ਸ. ਮਾਨ ਨੇ ਇਸ ਗੱਲ ਤੇ ਡੂੰਘਾਂ ਦੁੱਖ ਜ਼ਾਹਰ ਕੀਤਾ ਕਿ ਹੁਕਮਰਾਨ ਸਿੱਖ ਕੌਮ ਨਾਲ ਕਿਸ ਹੱਦ ਤੱਕ ਜਿਆਦਤੀਆ ਤੇ ਵਧੀਕੀਆ ਕਰ ਰਹੇ ਹਨ ਕਿ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਨੇ ਪੰਜਾਬ ਸੂਬੇ ਦੀ ਸਹੀ ਦਿਸ਼ਾ ਵੱਲ ਕਾਇਮੀ ਲਈ ਅਰਦਾਸ ਕਰਕੇ ਆਪਣੀ ਸ਼ਹਾਦਤ ਦਿੱਤੀ, ਸਿੱਖ ਕੌਮ ਨੂੰ ਉਨ੍ਹਾਂ ਦੀ ਦੇਹ ਸੰਸਕਾਰ ਕਰਨ ਵਾਸਤੇ ਨਹੀਂ ਦਿੱਤੀ ਗਈ । ਇਸੇ ਤਰ੍ਹਾਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀਆਂ ਦੇਹਾਂ ਦਾ ਸੰਸਕਾਰ ਕਿਥੇ ਕੀਤਾ ਗਿਆ, ਉਨ੍ਹਾਂ ਦੇ ਭੋਗ ਕਿਥੇ ਪਾਏ ਗਏ, ਉਨ੍ਹਾਂ ਦੀਆਂ ਅਸਥੀਆਂ ਕਿੱਥੇ ਭੇਟਾਂ ਕੀਤੀਆ ਗਈਆ ਅਤੇ ਇਹ ਸਿੱਖੀ ਮਰਿਯਾਦਾਵਾਂ ਕਿਸਨੇ ਅਤੇ ਕਿਥੇ ਪੂਰੀਆਂ ਕੀਤੀਆ ? ਸਿੱਖ ਕੌਮ ਨੂੰ ਅੱਜ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਕਿਸਾਨੀ, ਖੇਤ-ਮਜ਼ਦੂਰ, ਆੜਤੀਆ, ਟਰਾਸਪੋਟਰ, ਵਿਦਿਆਰਥੀਆਂ ਹਰ ਵਰਗ ਤੇ ਹਰ ਖੇਤਰ ਵਿਚ ਹੁਕਮਰਾਨਾਂ ਵੱਲੋਂ ਗੈਰ ਵਿਧਾਨਿਕ ਢੰਗਾਂ ਰਾਹੀ ਜਿਆਦਤੀਆਂ ਜਾਰੀ ਹਨ । ਜੋ ਕਿ ਇਸ ਸਮੇਂ ਸਿੱਖਰਾਂ ਤੇ ਪਹੁੰਚ ਚੁੱਕੀ ਹੈ । ਖ਼ਾਲਸਾ ਪੰਥ ਇਨ੍ਹਾਂ ਦੀ ਇਸ ਸਾਜ਼ਸੀ ਰੂਪੀ ਦਿੱਤੀ ਜਾ ਰਹੀ ਚੁਣੋਤੀ ਨੂੰ ਪ੍ਰਵਾਨ ਕਰਦਾ ਹੈ ਅਤੇ ਇਨਸਾਫ਼ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ ਅਤੇ ਅਸੀਂ ਹਰ ਕੀਮਤ ਤੇ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਆਪਣੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦੇ ਮਿਸ਼ਨ ਦੀ ਪੂਰਤੀ ਕਰਕੇ ਰਹਾਂਗੇ । ਜਿਸ ਵਿਚ ਕਿਸੇ ਵੀ ਕੌਮ, ਵਰਗ, ਧਰਮ, ਫਿਰਕੇ ਆਦਿ ਨਾਲ ਕੋਈ ਰਤੀਭਰ ਵੀ ਬੇਇਨਸਾਫ਼ੀ ਨਹੀਂ ਹੋਵੇਗੀ । ਸਭਨਾਂ ਲਈ ਕਾਨੂੰਨ ਬਰਾਬਰ ਹੋਵੇਗਾ, ਅਮਨ-ਚੈਨ ਦੀ ਬੰਸਰੀ ਵੱਜੇਗੀ ।