ਚੰਡੀਗੜ੍ਹ – ਕਾਂਗਰਸ ਦੇ ਨੇਤਾ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨੂੰ ਵੱਡਾ ਝੱਟਕਾ ਦਿੰਦੇ ਹੋਏ ਪਾਰਟੀ ਵਿੱਚ ਉਸ ਨੂੰ ਉਸ ਦੀ ਔਕਾਤ ਵਿਖਾ ਦਿੱਤੀ ਹੈ। ਹਾਲ ਹੀ ਵਿੱਚ ਸਿੱਧੂ ਨੂੰ ਕਾਂਗਰਸ ਦਾ ਭਵਿੱਖ ਦੱਸਣ ਵਾਲੇ ਰਾਵਤ ਨੇ ਕਿਹਾ ਹੈ ਕਿ ਸਿੱਧੂ ਦੇ ਲਈ ਪਾਰਟੀ ਅਤੇ ਪੰਜਾਬ ਦੀ ਰਾਜ ਸਰਕਾਰ ਵਿੱਚ ਕੋਈ ਜਗ੍ਹਾ ਨਹੀਂ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਨੇ ਬੜਬੋਲੇ ਨਵਜੋਤ ਸਿੱਧੂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਅਸਲ ਵਿੱਚ ਕਾਂਗਰਸ ਪੰਜਾਬ ਵਿੱਚ ਕਢੀ ਗਈ ਟਰੈਕਟਰ ਰੈਲੀ ਦੌਰਾਨ ਆਪਣੇ ਹੀ ਪਾਰਟੀ ਦੇ ਖਿਲਾਫ਼ ਬੋਲਣ ਕਰ ਕੇ ਅਜਿਹਾ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਕਮਾਂਡ ਸੁਨੀਲ ਜਾਖੜ ਦੇ ਹੱਥਾਂ ਵਿੱਚ ਹੈ ਅਤੇ ਪੰਜਾਬ ਸਰਕਾਰ ਵਿੱਚ ਉਸ ਨੂੰ ਲੈਣ ਜਾਂ ਨਾ ਲੈਣ ਦਾ ਫੈਂਸਲਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਕਰਨਾ ਹੈ। ਉਨ੍ਹਾਂ ਅਨੁਸਾਰ ਅਜਿਹੀ ਸਥਿਤੀ ਵਿੱਚ ਸਿੱਧੂ ਦੇ ਲਈ ਪਾਰਟੀ ਜਾਂ ਸਰਕਾਰ ਵਿੱਚ ਕੋਈ ਵਕੈਂਸੀ ਨਹੀਂ ਹੈ ਪਰ ਆਉਣ ਵਾਲੇ ਸਮੇਂ ਵਿੱਚ ਉਸ ਸਬੰਧੀ ਸੋਚਿਆ ਜਾ ਸਕਦਾ ਹੈ। ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਟਰੈਕਟਰ ਰੈਲੀ ਕੱਢੇ ਜਾਣ ਦੇ ਤੁਰੰਤ ਬਾਅਦ ਕਾਂਗਰਸੀ ਨੇਤਾ ਦੁਆਰਾ ਦਿੱਤਾ ਗਿਆ ਬਿਆਨ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਮੋਗਾ ਵਿੱਚ ਕਿਸਾਨ ਰੈਲੀ ਦੌਰਾਨ ਸਿੱਧੂ ਨੇ ਪੰਜਾਬ ਸਰਕਾਰ ਤੇ ਵਾਰ ਕੀਤੇ ਸਨ, ਜਿਸ ਕਾਰਣ ਉਨ੍ਹਾਂ ਨੂੰ ਬਾਅਦ ਵਿੱਚ ਸਟੇਜ ਤੋਂ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਉਹ ਪਹਿਲਾਂ ਵੀ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਅਵਾ-ਤਵਾ ਬੋਲ ਚੁੱਕੇ ਹਨ।
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਹ ਬਿਆਨ ਦਿੱਤਾ ਹੈ ਕਿ ਸਾਡੇ ਕੋਲ ਬਹੁਤ ਸਾਰੇ ਅਜਿਹੇ ਨੇਤਾ ਹਨ ਜਿੰਨ੍ਹਾਂ ਨੇ ਐਨਐਸਯੂਆਈ ਤੋਂ ਪਾਰਟੀ ਦੇ ਲਈ ਬਹੁਤ ਕੰਮ ਕੀਤਾ ਹੈ। ਇਸ ਲਈ ਤਿੰਨ ਸਾਲ ਪਹਿਲਾਂ ਪਾਰਟੀ ਵਿੱਚ ਆਉਣ ਵਾਲੇ ਨੂੰ ਪ੍ਰਧਾਨ ਕਿਵੇਂ ਬਣਾਇਆ ਜਾ ਸਕਦਾ ਹੈ।