ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਜ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦੀ ਏਨੀ ਹਿੰਮਤ ਨਹੀਂ ਸੀ ਕਿ ਉਹ ਦੇਸ਼ ਦੀ ਆਰਮੀ ਤੇ ਸਵਾਲ ਉਠਾਏ, ਪਰ ਹੁਣ ਸਿਆਸੀ ਪਾਰਟੀਆਂ ਸਾਹਮਣੇ ਆ ਕੇ ਸੈਨਾ ਨੂੰ ਚੁਣੌਤੀ ਦੇ ਰਹੀਆਂ ਹਨ। ਪੀਪੀਪੀ ਦੇ ਪ੍ਰਧਾਨ ਬਿਲਾਵਲ ਭੁਟੋ ਪਿੱਛਲੇ ਕੁਝ ਅਰਸੇ ਤੋਂ ਇਹ ਆਰੋਪ ਲਗਾਉਂਦੇ ਆ ਰਹੇ ਹਨ ਕਿ ਇਮਰਾਨ ਖਾਨ ਨੂੰ ਪ੍ਰਧਾਨਮੰਤਰੀ ਬਣਾਉਣ ਵਿੱਚ ਸੈਨਾ ਦਾ ਸਿੱਧਾ ਹੱਥ ਹੈ। ਹੁਣ ਨਵਾਜ਼ ਸ਼ਰੀਫ਼ ਸਮੇਤ ਕੁਝ ਹੋਰ ਦਲ ਵੀ ਸੈਨਾ ਦੀ ਕਾਰਗੁਜ਼ਾਰੀ ਤੇ ਨਿਸ਼ਾਨੇ ਸਾਧ ਰਹੇ ਹਨ। ਨਵਾਜ਼ ਸ਼ਰੀਫ਼ ਤਾਂ ਆਈਐਸਆਈ ਤੇ ਵੀ ਆਰੋਪ ਲਗਾ ਰਹੇ ਹਨ।
ਬਿਲਾਵਲ ਭੁੱਟੋ ਨੇ ਤਾਂ ਆਰਮੀ ਨੂੰ ਸਿੱਧੇ ਤੌਰ ਤੇ ਚਿਤਾਵਨੀ ਦਿੱਤੀ ਹੈ ਕਿ ਉਹ ਰਾਜਨੀਤਕ ਮਸਲਿਆਂ ਤੋਂ ਦੂਰ ਰਹੇ। ਉਨ੍ਹਾਂ ਨੇ ਹਾਲ ਹੀ ਵਿੱਚ ਧਮਕੀ ਦਿੱਤੀ ਹੈ ਕਿ ਜੇ ਸੈਨਾ ਸਰਕਾਰ ਨੂੰ ਸਮੱਰਥਨ ਦੇਣਾ ਬੰਦ ਨਹੀਂ ਕਰੇਗੀ ਤਾਂ ਵਿਧਾਨਸਭਾਵਾਂ ਅਤੇ ਸੰਸਦ ਤੋਂ ਸਾਰੇ ਚੁਣੇ ਹੋਏ ਪ੍ਰਤੀਨਿਧੀ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਨੇ ਗਿਲਗਿਤ-ਬਾਲਿਸਤਾਨ ਨੂੰ ਪੰਜਵਾਂ ਰਾਜ ਬਣਾਉਣ ਤੇ ਸਾਨੂੰ ਕੋਈ ਸਮੱਸਿਆ ਨਹੀਂ ਹੈ ਪਰ ਇਹ ਕੰਮ ਸੰਸਦ ਦੀ ਬਜਾਏ ਸੈਨਾ ਕਿਉਂ ਕਰ ਰਹੀ ਹੈ। ਬਿਲਾਵਲ ਅਤੇ ਸ਼ਰੀਫ਼ ਤਾਂ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ‘ਸਲੈਕਟਿਡ ਪ੍ਰਾਈਮ ਮਨਿਸਟਰ’ ਕਹਿੰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਮਰਾਨ ਖਾਨ ਤੋਂ ਏਨੀ ਸਮੱਸਿਆ ਨਹੀਂ ਹੈ, ਜਿੰਨ੍ਹੀ ਕਿ ਸੈਨਾ ਦੀਆਂ ਗੱਲਤ ਹਰਕਤਾਂ ਤੋਂ ਹੈ।
ਪਾਕਿਸਤਾਨ ਦੇ 11 ਵਿਰੋਧੀ ਦਲਾਂ ਨੇ ਪਿੱਛਲੇ ਮਹੀਨੇ ਹੀ ਇੱਕ ਗਠਬੰਧਨ ਬਣਾਇਆ ਸੀ। ਇਹ ਸਾਰੇ ਦਲ ਮਿਲ ਕੇ ਸਰਕਾਰ ਦੇ ਖਿਲਾਫ਼ ਅੰਦੋਲਨ ਕਰ ਰਹੇ ਹਨ। ਇਸ ਨੂੰ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ ਦਾ ਨਾਮ ਦਿੱਤਾ ਗਿਆ ਹੈ।