ਚੰਡੀਗੜ੍ਹ – ਦਿੱਲੀ ਵਿੱਚ ਖੇਤੀ ਵਿਭਾਗ ਦੇ ਸਕੱਤਰ ਸੰਜੇ ਅਗਰਵਾਲ ਵੱਲੋਂ ਕਿਸਾਨਾਂ ਨਾਲ ਕੀਤੀ ਗਈ ਗੱਲਬਾਤ ਅਸਫਲ ਹੋਣ ਤੇ ਕਿਸਾਨ ਯੂਨੀਅਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨਾਲ ਕੀਤੇ ਜਾ ਰਹੇ ਅਜਿਹੇ ਦੁਰਵਿਹਾਰ ਦੀ ਪੰਜਾਬ ਸਰਕਾਰ ਨੇ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਕੈਬਨਿਟ ਮੰਤਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਕਿਸਾਨਾਂ ਦਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਅਪਮਾਨ ਹੈ।
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੇ ਸੱਦੇ ਦੌਰਾਨ ਅੱਜ ਉਨ੍ਹਾਂ ਨਾਲ ਕੀਤੇ ਗਏ ਅਪਮਾਨਜਨਕ ਸਲੂਕ ਤੋਂ ਮੈਂ ਖਾਸਾ ਹੈਰਾਨ-ਪਰੇਸ਼ਾਨ ਤੇ ਦੁੱਖੀ ਹਾਂ। ਭਾਜਪਾ ਨੇ ਮੀਟਿੰਗ ਵਿੱਚ ਆਪਣਾ ਸਿਰਫ਼ ਇੱਕ ਅਫ਼ਸਰ ਭੇਜ ਕੇ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਹੈ। ਕੀ ਸਾਡੇ ਕਿਸਾਨ ਇੰਨਾ ਵੀ ਹੱਕ ਨਹੀਂ ਰੱਖਦੇ ਕਿ ਖੇਤੀਬਾੜੀ ਮੰਤਰੀ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਖੁਦ ਆ ਕੇ ਮਿਲਣ।
ਉਨ੍ਹਾਂ ਨੇ ਕਿਹਾ ਕਿ ਇਸ ਸਭ ਨੇ ਕਿਸਾਨਾਂ ਪ੍ਰਤੀ ਭਾਜਪਾ ਦੀ ਘ੍ਰਿਣਤਾ ਅਤੇ ਬੁਰੀ ਨੀਅਤ ਦਾ ਪਰਦਾਫਾਸ਼ ਕੀਤਾ ਹੈ। ਕਿਸਾਨ ਵਿਰੋਧੀ ਕਾਨੂੰਨ ਜਾਰੀ ਕਰਨ ਤੋਂ ਬਾਅਦ ਕੇਂਦਰ ਸਰਕਾਰ ਘੱਟੋਂ ਘੱਟ ਕਿਸਾਨਾਂ ਨਾਲ ਹਮਦਰਦੀ ਤਾਂ ਜਤਾ ਹੀ ਸਕਦੀ ਸੀ ਬਜਾਏ ਇਹ ਕਰਨ ਦੇ ਕੇਂਦਰ ਸਰਕਾਰ ਨੇ ਕਿਸਾਨ ਯੂਨੀਅਨਾਂ ਦਾ ਅਪਮਾਨ ਕੀਤਾ। ਅੱਜ ਦੇ ਕੇਂਦਰ ਦੇ ਇਸ ਅਪਮਾਨਜਨਕ ਵਰਤੀਰੇ ਤੋਂ ਬਾਅਦ ਕੀ ਉਹ ਇਹ ਉਮੀਦ ਕਰਦੇ ਹਨ ਕਿਸਾਨ ਉਨ੍ਹਾਂ ‘ਤੇ ਭਰੋਸਾ ਕਰਨ?
ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਬਿੱਲ ਲਿਆਉਣ ਲਈ ਅੱਜ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ 19 ਅਕਤੂਬਰ ਦਿਨ ਨੂੰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਦਾ ਫ਼ੈਸਲਾ ਕੀਤਾ ਹੈ।