ਧੁੱਪ ਭਾਵੇਂ ਢਲਣ ਲਗ ਪਈ ਸੀ, ਫਿਰ ਵੀ ਗਰਮੀਂ ਕਹਿਰ ਦੀ ਹੋਣ ਕਾਰਨ ਦਿਲਪ੍ਰੀਤ ਦੇ ਪਿੰਡ ਵਿਚ ਅਜੇ ਵੀ ਸੁੰਨਸਾਨ ਸੀ, ਜਿਵੇ ਧੁੱਪ ਦੀ ਲੋਅ ਤੋਂ ਡਰਦੇ ਲੋਕੀ ਘਰਾਂ ਅੰਦਰ ਲੁਕੇ ਹੋਏ ਹੋਣ। ਮੁਖਤਿਆਰ ਵੀ ਹਵੇਲੀ ਦੀ ਥਾਂ ਤੇ ਅੱਜ ਸਿੱਧਾ ਘਰ ਨੂੰ ਹੀ ਚਲਾ ਗਿਆ। ਘਰ ਦੇ ਗੇਟ ਦਾ ਖੜਾਕ ਸੁਣ ਕੇ ਹਰਜਿੰਦਰ ਸਿੰਘ ਬੈਠਕ ਵਿਚੋਂ ਬਾਹਰ ਆਇਆ, ਮੁਖਤਿਆਰ ਨੂੰ ਦੇਖ ਕੇ ਪਹਿਲਾਂ ਤਾਂ ਘਬਰਾ ਗਿਆ, ਪਰ ਮੁਖਤਿਆਰ ਦੇ ਚਿਹਰੇ ਦੀ ਖੁਸ਼ੀ ਵਾਲੀ ਚਮਕ ਨੇ ਉਸ ਨੂੰ ਘਬਰਾਉਣ ਨਾਂ ਦਿੱਤਾ। ਹਰਜਿੰਦਰ ਸਿੰਘ ਨਾਲ ਹੱਥ ਮਿਲਾਂਦਿਆ ਉਸ ਨੇ ਦੱਸ ਵੀ ਦਿੱਤਾ, “ਸਰਦਾਰ ਜੀ, ਦਿਲਪ੍ਰੀਤ ਦਾ ਪਤਾ ਲੱਗ ਗਿਆ ਹੈ, ਉਹ ਠੀਕ-ਠਾਕ ਹੈ।”
ਉਸ ਦੀ ਗੱਲ ਸੁਣ ਕੇ ਹਰਜਿੰਦਰ ਸਿੰਘ ਤੋਂ ਖੁਸ਼ੀ ਨਾਲ ਬੋਲ ਹੀ ਨਾਂ ਹੋਵੇ। ਦਿਲਪ੍ਰੀਤ ਦਾ ਨਾਮ ਸੁਣ ਕੇ ਨਸੀਬ ਕੌਰ ਤੇ ਮਿੰਦੀ ਵੀ ਉੱਥੇ ਹੀ ਆ ਗਈਆਂ, ਦਿਲਪ੍ਰੀਤ ਦੀ ਰਾਜ਼ੀ ਖੁਸ਼ੀ ਸੁਣ ਕੇ ਨਸੀਬ ਕੌਰ ਦੀਆਂ ਅੱਖਾਂ ਨੇ ਹੰਝੂਆਂ ਦੀ ਝੜੀ ਲਾ ਦਿੱਤੀ। ਮਿੰਦੀ ਦੌੜਦੀ ਹੋਈ ਬੇਬੇ ਜੀ ਦੇ ਕੋਲ ਨੂੰ ਗਈ। ਬੇਬੇ ਜੀ ਨੂੰ ਜੱਫੀ ਪਾਉਂਦੀ ਬੋਲੀ, ਬੇਬੇ ਜੀ, ਤੁਹਾਡੀਆਂ ਅਰਦਾਸ ਪੂਰੀਆਂ ਹੋ ਗਈਆਂ, ਦਿਲਪ੍ਰੀਤ ਦਾ ਪਤਾ ਲੱਗ ਗਿਆ, ਉਹ ਠੀਕ-ਠਾਕ ਆ।”
“ਵਾਹਿਗੁਰੂ, ਤੇਰਾ ਲੱਖ ਲੱਖ ਸ਼ੁਕਰ ਆ।” ਕਹਿੰਦੀ ਹੋਈ ਬੇਬੇ ਨੇ ਮਿੰਦੀ ਨੂੰ ਛਾਤੀ ਨਾਲ ਲਾ ਲਿਆ। ਹਰਜਿੰਦਰ ਸਿੰਘ ਚੁਬਾਰੇ ਵਿਚ ਗਿਆ ਅਤੇ ਤੋਸ਼ੀ ਨੂੰ ਊਠਾਇਆ ਜੋ ਕਾਕੇ ਨਾਲ ਅਰਾਮ ਕਰ ਰਿਹਾ ਸੀ। ਖਬਰ ਸੁਣਦੇ ਸਾਰ ਤੋਸ਼ੀ ਨੇ ਆ ਕੇ ਮੁਖਤਿਆਰ ਸਿੰਘ ਨੂੰ ਜੱਫੀ ਵਿਚ ਲੈ ਲਿਆ, ਫਿਰ ਖੁਸ਼ੀ ਵਿਚ ਭਰਜਾਈ ਨੂੰ ਚੁੰਬੜ ਗਿਆ। ਸਾਰੇ ਪ੍ਰੀਵਾਰ ਨੂੰ ਇਨਾ ਚਾਅ ਚੜ੍ਹ ਗਿਆ ਕਿ ਉਹ ਚੇਤਾ ਹੀ ਭੁਲ ਗਏ, ਜੋ ਦਿਲਪ੍ਰੀਤ ਦੀ ਰਾਜ਼ੀ ਖੁਸ਼ੀ ਦਾ ਪਤਾ ਲੈ ਕੇ ਸਿਖਰ ਦੁਪਹਿਰੇ ਆਇਆ ਹੈ, ਉਸ ਨੂੰ ਪਾਣੀ ਦਾ ਘੁੱਟ ਹੀ ਪੁੱਛ ਲਈਏ। ਮੁਖਤਿਆਰ ਵੀ ਮਸਕ੍ਰਾਉਂਦਾ ਇਕ ਪਾਸੇ ਖੜ੍ਹਾ ਉਹਨਾਂ ਸਾਰਿਆਂ ਨੂੰ ਦੇਖ ਰਿਹਾ ਸੀ। ਹਰÇੰਜੰਦਰ ਸਿੰਘ ਦਾ ਖਿਆਲ ਫਿਰ ਕਿਤੇ ਮੁਖਤਿਆਰ ਵੱਲ ਗਿਆ ਤਾਂ ਉਸ ਨੇ ਕਿਹਾ, “ਮੁਆਫ ਕਰਨਾ ਸਰਦਾਰ ਜੀ, ਅਸੀਂ ਤਾਂ ਪੁੱਤ ਦੇ ਲੱਭਣ ਦੀ ਖੁਸ਼ੀ ਵਿਚ ਹੀ ਗੁਆਚ ਗਏ।” ਹਰਜਿੰਦਰ ਸਿੰਘ ਮੁਖਤਿਆਰ ਨੂੰ ਆਪਣੀ ਬਾਂਹ ਨਾਲ ਵਗਲਦਾ ਹੋਇਆ ਕੂਲਰ ਲੱਗੇ ਠੰਡੇ ਕਮਰੇ ਵੱਲ ਲੈ ਗਿਆ।
ਕੰਧਾਂ ਦੇ ਪਰਛਾਵੇ ਅਜੇ ਜਰਾ ਲੰਬੇ ਹੁੰਦੇ ਹੋਏ ਤ੍ਰਕਾਲਾਂ ਆਉਣ ਦੀ ਗਵਾਹੀ ਹੀ ਭਰਨ ਲੱਗੇ ਸਨ ਕਿ ਮੁਖਤਿਆਰ ਆਪਣੇ ਕੁੜਮਾਂ ਨਾਲ ਕੁਝ ਸਲਾਹਾਂ-ਮਸ਼ਬਰੇ ਕਰਕੇ ਆਪਣੇ ਪਿੰਡ ਨੂੰ ਵਾਪਸ ਚੱਲ ਪਿਆ। ਅਜੇ ਮੁਖਤਿਆਰ ਲਹਿੰਦੇ ਪਾਸੇ ਪਿੰਡ ਦਾ ਮੋੜ ਮੁੜਿਆ ਹੀ ਸੀ ਕਿ ਠਾਣੇਦਾਰ ਚੌਕੀਦਾਰ ਨੂੰ ਨਾਲ ਲੈ ਕੇ ਹਰਜਿੰਦਰ ਸਿੰਘ ਦੇ ਘਰ ਆ ਗਿਆ, ਆਲੇ- ਦੁਆਲੇ ਦੇਖਦਾ ਹੋਇਆ ਬੋਲਿਆ, “ਕਿਦਾਂ ਫਿਰ ਪਤਾ ਲੱਗਾ ਮੁੰਡੇ ਦਾ।”
“ਤਹਾਨੂੰ ਪਤਾ ਹੋਊ, ਸਾਨੂੰ ਕੀ ਪਤਾ।” ਤੋਸ਼ੀ ਨੇ ਗੱਲ ਸਾਂਭਦੇ ਕਿਹਾ, “ਅਸੀ ਤਾਂ ਤੁਹਾਡੇ ਸਾਹਮਣੇ ਸਾਰੇ ਘਰ ਬੈਠੇ ਆਂ, ਜਿਹਨਾ ਕੁ ਸਾਨੂੰ ਪਹਿਲਾਂ ਮੁੰਡੇ ਦਾ ਪਤਾ ਸੀ ਉਨਾ ਕੁ ਹੁਣ ਪਤਾ।”
“ਪ੍ਰਾਉਣਾ ਕੋਣ ਆਇਆ ਸੀ”? ਠਾਣੇਦਾਰ ਨੇ ਆਪਣੀਆਂ ਮੁੱਛਾਂ ਨੂੰ ਵੱਟ ਚਾੜ੍ਹਦੇ ਆਖਿਆ, “ਫਿਰ ਕੀ ਦਸ ਕੇ ਗਿਆ।”
“ਮੇਰਾ ਸਾਲ੍ਹ੍ਹਾ ਸੀ।” ਤੋਸ਼ੀ ਨੇ ਕਿਹਾ, “ਰਾਜ਼ੀ ਖੁਸ਼ੀ ਦਾ ਪਤਾ ਲੈ ਕੇ ਚਲਾ ਗਿਆ।
“ਠਾਣੇਦਾਰ ਸਾਹਿਬ।” ਹਰਜਿੰਦਰ ਸਿੰਘ ਨੇ ਮਿੱਠੀ ਜਿਹੀ ਅਵਾਜ਼ ਵਿਚ ਕਿਹਾ, “ਦਿਲਪ੍ਰੀਤ ਦੇ ਮਗਰ ਤੁਸੀ ਕਿਉਂ ਪਏ ਹੋ, ਉਸ ਨੇ ਕੀਤਾ ਕੀ ਆ।”
“ਉਸ ਦੇ ਸਿਰ ਇਕ ਅਖਬਾਰ ਵਾਲੇ ਨੂੰ ਮਾਰਨ ਦਾ ਦੋਸ਼ ਆ।” ਠਾਣੇਦਾਰ ਨੇ ਦੱਸਿਆ, “ਉਸ ਤਰ੍ਹਾਂ ਵੀ ਉਸ ਦੇ ਸਬੰਧ ਉਹਨਾ ਨਾਲ ਹਨ ਜੋ ਆਪਣੇ ਆਪ ਨੂੰ ਸਿੱਖ ਕੌਮ ਦੇ ਪਰਵਾਨੇ ਦੱਸਦੇ ਆ।।”
“ਅਸੀਂ ਹੱਥ ਜੋੜ ਕੇ ਤੁੁਹਾਡੇ ਅੱਗੇ ਬੇਨਤੀ ਕਰਦੇ ਹਾਂ।” ਹਰਜਿੰਦਰ ਸਿੰਘ ਨੇ ਉਸ ਹੀ ਅਵਾਜ਼ ਵਿਚ ਕਿਹਾ, “ਸਾਨੂੰ ਪਰੇਸ਼ਾਨ ਨਾ ਕਰੋ, ਅਸੀ ਤਾਂ ਅੱਗੇ ਹੀ ਮੁੰਡਾ ਨਾ ਮਿਲਣ ਕਰਕੇ ਦੁੱਖੀ ਹਾਂ।”
“ਜਦੋਂ ਤੱਕ ਤੁਹਾਡਾ ਮੁੰਡਾ ਸਾਡੇ ਸਾਹਮਣੇ ਨਹੀਂ ਆਉਂਦਾ ਅਸੀ ਤਾਂ ਤਹਾਨੂੰ ਪੁੱਛਦੇ ਹੀ ਰਹਿਣਾ ਆ।” ਠਾਣੇਦਾਰ ਨੇ ਕਿਹਾ, “ਕੁਛ ਖਾਣ-ਪੀਣ ਦਾ ਇੰਤਜਾਮ ਕਰ ਦਿੰਦੇ ਤਾਂ ਫਿਰ ਭਾਵੇਂ ਥੌੜਾ ਚਿਰ ਲਈ ਗੱਲ ਰਾਹੇ- ਵਗਾਹੇ ਪੈ ਸਕਦੀ ਆ।”
ਤੋਸ਼ੀ ਨੇ ਅੰਦਰੋਂ ਲਿਆ ਕੇ ਕੁਝ ਪੈਸੇ ਠਾਣੇਦਾਰ ਨੂੰ ਦਿੱਤੇ ਤਾਂ ਉਹ ਮੁੱਛਾ ਵਿਚ ਹੱਸਦਾ ਹੋਇਆ ਉੱਥੋਂ ਚਲਾ ਗਿਆ।
ਐਤਕੀ ਠਾਣੇਦਾਰ ਦਾ ਘਰੋਂ ਪੈਸੇ ਲੈ ਜਾਣਾ ਕਿਸੇ ਨੂੰ ਵੀ ਬੁਰਾ ਨਹੀਂ ਲੱਗਿਆ ਕਿਉਂਕਿ ਦਿਲਪ੍ਰੀਤ ਦਾ ਠੀਕ-ਠਾਕ ਹੋਣਾ ਉਹਨਾਂ ਲਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸੀ। ਦਿਲਪ੍ਰੀਤ ਦੇ ਵਿਆਹ ਕਰਕੇ ਘਰ ਨੂੰ ਕਲੀ ਕਰਨ ਲਈ ਬੰਦੇ ਲਾਏ ਸਨ, ਪਰ ਦਿਲਪ੍ਰੀਤ ਦਾ ਪਤਾ ਨਾ ਲੱਗਣ ਕਾਰਨ ਉਹਨਾਂ ਨੂੰ ਹਟਾ ਦਿੱਤਾ ਸੀ। ਦਿਲਪ੍ਰੀਤ ਦੇ ਵਿਆਹ ਦੀ ਆਸ ਘਰ ਵਿਚ ਫਿਰ ਬੱਝ ਗਈ। ਇਸੇ ਆਸ ਵਿਚ ਨਸੀਬ ਕੌਰ ਨੇ ਤਾਂ ਹਰਜਿੰਦਰ ਸਿੰਘ ਨੂੰ ਉਸੇ ਵੇਲੇ ਕਹਿ ਵੀ ਦਿੱਤਾ, “ਜੀ, ਮੈਂ ਤਾਂ ਸੋਚਦੀ ਹਾਂ ਕਿ ਰੋਗਨ ਕਰਨ ਵਾਲਿਆਂ ਨੂੰ ਕਹਿ ਦੇਵੋ ਕਿ ਉਹ ਆਪਣਾ ਅਧੂਰਾ ਛੱਡਿਆ ਕੰੰਮ ਪੂਰਾ ਕਰ ਦੇਣ।”
“ਕੋਈ ਨਹੀਂ ਰੋਗਨ ਵੀ ਹੋ ਜਾਵੇਗਾ, ਪਹਿਲਾਂ ਕੱਲ ਨੂੰ ਮੁੰਡੇ ਨੂੰ ਜਾ ਕੇ ਮਿਲ ਤਾਂ ਆਈਏ।”
ਘਰ ਦੇ ਹਰ ਮੈਂਬਰ ਦਾ ਦਿਲ ਤਾਂ ਕਰਦਾ ਸੀ ਕਿ ਉਹ ਉੱਡ ਕੇ ਦਿਲਪ੍ਰੀਤ ਨੂੰ ਮਿਲ ਲੈਣ, ਪਰ ਜੋ ਹਾਲਾਤ ਬਣ ਗਏ ਸਨ, ਉਹਨਾਂ ਦੇ ਅੱਗੇ ਕਿਸੇ ਦੀ ਵੀ ਪੇਸ਼ ਨਹੀ ਸੀ ਜਾ ਰਹੀ। ਮੁਖਤਿਆਰ ਸਿੰਘ ਨਾਲ ਜੋ ਪ੍ਰੋਗਰਾਮ ਬਣਿਆ ਸੀ ਉਸ ਤੇ ਹੀ ਚਲਣਾ ਪੈਣਾ ਸੀ।
ਹੱਕ ਲਈ ਲੜਿਆ ਸੱਚ – (ਭਾਗ-56)
This entry was posted in ਹੱਕ ਲਈ ਲੜਿਆ ਸੱਚ.