ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਟਰੰਪ ਤੇ ਤਿੱਖੇ ਵਾਰ ਕੀਤੇ। ਫਿਲਾਡੈਲਫੀਆ ਵਿੱਚ ਇੱਕ ਰੈਲੀ ਦੌਰਾਨ ਓਬਾਮਾ ਨੇ ਟਰੰਪ ਦੀਆਂ ਕੁਤਾਹੀਆਂ ਤੇ ਉਨ੍ਹਾਂ ਦੀ ਸਖਤ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਤੋਂ ਬੱਚਣ ਦੇ ਲਈ ਜੋ ਬੁਨਿਆਦੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਸਨ ਪਰ ਟਰੰਪ ਨੇ ਅਜਿਹਾ ਕਰਨਾ ਮੁਨਾਸਿਬ ਨਹੀਂ ਸਮਝਿਆ ਤਾਂ ਉਹ ਅਮਰੀਕਨਾਂ ਦੀ ਹਿਫ਼ਾਜਤ ਕਿਸ ਤਰ੍ਹਾਂ ਕਰਨਗੇ।
ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋ ਬਾਈਡਨ ਦੇ ਸਮੱਰਥਨ ਵਿੱਚ ਕੀਤੀ ਗਈ ਇੱਕ ਰੈਲੀ ਵਿੱਚ ਓਬਾਮਾ ਨੇ ਟਰੰਪ ਪ੍ਰਸ਼ਾਸਨ ਤੇ ਜੋਰਦਾਰ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ। ਟਰੰਪ ਤੋਂ ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾ ਲੈਣਗੇ। ਉਹ ਤਾਂ ਆਪਣੇ ਆਪ ਨੂੰ ਬਚਾਉਣ ਵਿੱਚ ਅਸਫਲ ਰਹੇ ਹਨ। ਇਹ ਕੋਈ ਟੀਵੀ ਰੀਆਲਿਟੀ ਸ਼ੋਅ ਨਹੀਂ ਹੈ। ਲੋਕਾਂ ਨੂੰ ਆਪਣੀ ਜਿੰਮੇਵਾਰੀ ਸਬੰਧੀ ਗੰਭੀਰਤਾ ਨਾਲ ਸੋਚਣਾ ਹੋਵੇਗਾ।
ਰਾਸ਼ਟਰਪਤੀ ਟਰੰਪ ਤੇ ਵਿਅੰਗ ਕਸਦੇ ਹੋਏ ਓਬਾਮਾ ਨੇ ਕਿਹਾ ਕਿ ਇੱਕ ਪਾਸੇ ਤਾਂ ਟਰੰਪ ਕੋਰੋਨਾ ਵਾਇਰਸ ਦੇ ਲਈ ਚੀਨ ਨੂੰ ਜਿੰਮੇਵਾਰ ਠਹਿਰਾ ਰਹੇ ਹਨ ਅਤੇ ਉਸ ਨੂੰ ਸਜ਼ਾ ਦੇਣ ਦੀ ਗੱਲ ਕਰ ਰਹੇ ਹਨ ਅਤੇ ਦੂਸਰੇ ਪਾਸੇ ਚੀਨ ਦੇ ਬੈਂਕ ਵਿੱਚ ਉਨ੍ਹਾਂ ਦੇ ਅਕਾਊਂਟ ਸਾਹਮਣੇ ਆ ਰਹੇ ਹਨ। ਇਹ ਦੋਤਰਫ਼ਾ ਗੱਲ ਕਿਉਂ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਨਿਊਯਾਰਕ ਟਾਈਮਜ਼ ਨੇ ਹਾਲ ਹੀ ਵਿੱਚ ਟਰੰਪ ਦੇ ਚੀਨ ਦੀ ਬੈਂਕ ਵਿੱਚ ਅਕਾਊਂਟਸ ਬਾਰੇ ਜਾਣਕਾਰੀ ਜਾਰੀ ਕੀਤੀ ਹੈ।