ਲਗਾਤਾਰ 40 ਸਾਲ ਭਾਰਤ ਨਾਲ ਸਭ ਤੋਂ ਵੱਧ ਵਪਾਰ ਕਰਨ ਵਾਲਾ ਬੰਗਲਾਦੇਸ਼ ਅੱਜਕੱਲ ਆਪਣਾ 34 ਫ਼ੀਸਦੀ ਵਪਾਰ ਕੇਵਲ ਚੀਨ ਨਾਲ ਕਰ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਉਪ-ਮਹਾਂਦੀਪ ਵਿੱਚ ਚੀਨ ਦਾ ਆਰਥਿਕ ਦਬਦਬਾ ਕਿੰਨਾ ਵਧਦਾ ਜਾ ਰਿਹਾ ਹੈ। ਚੀਨ ਦੀ ਪੂਰੀ ਕੋਸ਼ਿਸ਼ ਹੈ ਕਿ ਜਿਵੇਂ ਪਾਕਿਸਤਾਨ ਨਾਲ ਉਸਨੇ ਬਹੁਤ ਨੇੜਲੇ ਸੰਬੰਧ ਬਣਾਏ ਹਨ, ਉਸੇ ਤਰ੍ਹਾਂ ਬੰਗਲਾਦੇਸ਼ ਵਿੱਚ ਵੀ ਆਪਣੀ ਪੱਕੀ ਠਾਹਰ ਬਣਾ ਕੇ, ਭਾਰਤ ਦੇ ਉੱਤਰ-ਪੂਰਬੀ ਇਲਾਕਿਆਂ ਉੱਤੇ ਦਬਾਅ ਹੋਰ ਵਧਾ ਦਿੱਤਾ ਜਾਵੇ। ਅਰੁਣਾਚਲ ਪ੍ਰਦੇਸ਼ ਉੱਤੇ ਤਾਂ ਉਹ ਪਹਿਲਾਂ ਹੀ ਦਾਅਵੇ ਕਰਦਾ ਰਹਿੰਦਾ ਹੈ। ਇਸੇ ਕਰਕੇ ਭਾਰਤ ਨੂੰ ਬੰਗਲਾਦੇਸ਼ ਨਾਲ ਬਹੁਤ ਹੀ ਸੁਖਾਵੇਂ ਸੰਬੰਧਾਂ ਦੀ ਸਖਤ ਲੋੜ ਹੈ ਕਿਉਂਕਿ ਜੇਕਰ ਉਹ ਵੀ ਪਾਕਿਸਤਾਨ ਵਾਂਗ ਪੂਰੀ ਤਰ੍ਹਾਂ ਚੀਨ ਦੀ ਝੋਲ਼ੀ ਵਿੱਚ ਪੈ ਗਿਆ ਤਾਂ ਭਾਰਤ ਇਸ ਖ਼ਿੱਤੇ ਵਿੱਚ ਭਾਰੀ ਦਬਾਅ ਹੇਠ ਆ ਜਾਏਗਾ। ਭਾਰਤ ਨੂੰ ਉਸ ਨਾਲ ਜੁੜੇ ਰਹਿਣ ਲਈ ਕੇਵਲ ਆਰਥਿਕਤਾ ਦੀ ਥਾਂ, ਧਾਰਮਿਕ, ਸੱਭਿਆਚਾਰਕ, ਵਿਰਾਸਤੀ ਅਤੇ ਭਾਸ਼ਾਈ ਕੜੀਆਂ ਬਹੁਤ ਜ਼ਿਆਦਾ ਅਹਿਮ ਹੋ ਸਕਦੀਆਂ ਹਨ ਕਿਉਂਕਿ ਇਸ ਮਾਮਲੇ ਵਿੱਚ ਚੀਨ, ਭਾਰਤ ਦੇ ਮੁਕਾਬਲੇ ਕਿਤੇ ਵੀ ਨਹੀਂ ਟਿਕ ਸਕਦਾ।
1947 ਵਿੱਚ ਜਦੋਂ ਭਾਰਤ, ਭਾਰਤ ਅਤੇ ਪਾਕਿਸਤਾਨ ਨਾਮੀ ਦੋ ਮੁਲਕਾਂ ਵਿੱਚ ਵੰਡਿਆ ਗਿਆ ਤਾਂ ਉਸ ਵੇਲੇ ਪਾਕਿਸਤਾਨ ਦੇ ਵੀ ਦੋ ਹਿੱਸੇ ਸਨ। ਇੱਕ ਹਿੱਸਾ ਭਾਰਤ ਦੇ ਪੱਛਮ ਵਿੱਚ ਅਤੇ ਦੂਜਾ ਪੂਰਬ ਵਿੱਚ ਸੀ। ਪੱਛਮੀ ਹਿੱਸੇ ਨੂੰ ਪੱਛਮੀ ਪਾਕਿਸਤਾਨ ਕਿਹਾ ਗਿਆ ਅਤੇ ਪੂਰਬੀ ਹਿੱਸੇ ਨੂੰ ਪੂਰਬੀ ਪਾਕਿਸਤਾਨ। ਦੋਵੇਂ ਪਾਕਿਸਤਾਨ ਇੱਕ ਦੂਜੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਨ ਅਤੇ ਵਿਚਕਾਰ ਭਾਰਤ ਵਰਗਾ ਵੱਡਾ ਦੇਸ਼ ਸੀ ਜਿਸ ਨਾਲ ਪਾਕਿਸਤਾਨ ਦੀ ਜਨਮਜਾਤ ਦੁਸ਼ਮਣੀ ਪੈ ਚੁੱਕੀ ਸੀ। ਇੱਕ ਪਾਕਿਸਤਾਨ ਤੋਂ ਦੂਜੇ ਪਾਕਿਸਤਾਨ ਤੱਕ ਜਾਣ ਲਈ ਜਾਂ ਤਾਂ ਭਾਰਤ ਦੇ ਉੱਤੋਂ ਲੰਘ ਕੇ ਹਵਾਈ ਜਹਾਜ਼ ਰਾਹੀਂ ਜਾਇਆ ਜਾ ਸਕਦਾ ਸੀ ਅਤੇ ਜਾਂ ਫਿਰ ਕਈ ਹੋਰ ਹਜ਼ਾਰਾਂ ਕਿਲੋਮੀਟਰ ਦਾ ਵੱਧ ਸਫ਼ਰ ਕਰਕੇ ਸਮੁੰਦਰੀ ਰਸਤੇ ਤੋਂ ਜਾਣਾ ਪੈਂਦਾ ਸੀ। ਇਸ ਕਾਰਨ ਦੋਵੇਂ ਪਾਕਿਸਤਾਨ ਇੱਕ ਦੂਜੇ ਤੋਂ ਟੁੱਟੇ ਹੀ ਰਹਿੰਦੇ ਸਨ। ਭਾਵੇਂ ਕਿ ਮੁਸਲਿਮ ਲੀਗ ਨੇ ਬੜੀ ਰੀਝ ਨਾਲ ਪਾਕਿਸਤਾਨ ਬਣਾਇਆ ਸੀ ਪਰ ਉਸਦੇ ਇਹਨਾਂ ਦੋਹਾਂ ਹਿੱਸਿਆਂ ਵਿੱਚ ਕੇਵਲ ਧਰਾਤਲੀ ਦੂਰੀ ਹੀ ਨਹੀਂ ਸੀ ਸਗੋਂ ਭਾਸ਼ਾਈ ਅਤੇ ਸੱਭਿਆਚਾਰਕ ਦੂਰੀਆਂ ਵੀ ਓਨੀਆਂ ਹੀ ਪਕਰੋੜ ਸਨ। ਸੱਤਾ ਦਾ ਅਸਲੀ ਕੇਂਦਰ ਹਮੇਸ਼ਾ ਪੱਛਮੀ ਪਾਕਿਸਤਾਨ ਦੇ ਪੰਜਾਬੀ ਮੁਸਲਮਾਨਾਂ ਕੋਲ ਹੀ ਰਿਹਾ ਜਿਹੜੇ ਪੂਰਬ ਦੇ ਬੰਗਾਲੀਆਂ ਨੂੰ ਵੱਖ-ਵੱਖ ਢੰਗਾਂ ਨਾਲ ਅਪਮਾਨਿਤ ਕਰਨ ਦਾ ਭੋਰਾ ਵੀ ਮੌਕਾ ਨਹੀਂ ਗੁਆਉਂਦੇ ਸਨ। ਇਸੇ ਕਾਰਨ 1947 ਤੋਂ ਬਾਅਦ ਹਮੇਸ਼ਾ ਪੂਰਬੀ ਪਾਕਿਸਤਾਨ, ਪੱਛਮੀ ਪਾਕਿਸਤਾਨ ਦੇ ਖ਼ਿਲਾਫ਼ ਧੁਖਦਾ ਹੀ ਰਿਹਾ। ਇਹ ਧੂਣੀ ਧੁਖਦੀ-ਧੁਖਦੀ ਆਖਰ ਭਾਂਬੜ ਬਣ ਗਈ ਜਿਸ ਕਾਰਨ 1971 ਵਿੱਚ ਪੂਰਬੀ ਪਾਕਿਸਤਾਨ ਨੇ ਪੱਛਮੀ ਪਾਕਿਸਤਾਨ ਖ਼ਿਲਾਫ਼ ਬਗ਼ਾਵਤ ਕਰ ਦਿੱਤੀ ਅਤੇ ਉਹ ਪਾਕਿਸਤਾਨ ਤੋਂ ਵੱਖਰਾ ਹੋ ਕੇ ਇੱਕ ਨਵਾਂ ਮੁਲਕ ‘ਬੰਗਲਾਦੇਸ਼’ ਬਣ ਗਿਆ। ਇਸ ਤਰਾਂ ਜਿਹੜੇ ਪਾਕਿਸਤਾਨ ਨੂੰ ਅੱਜ ਅਸੀਂ ਜਾਣਦੇ ਹਾਂ, ਉਹ ਅਸਲ ਵਿੱਚ ਉਸ ਵੇਲੇ ਦੇ ਪਾਕਿਸਤਾਨ ਦਾ ਅੱਧਾ ਹਿੱਸਾ ਅਰਥਾਤ ਪੱਛਮੀ ਪਾਕਿਸਤਾਨ ਹੀ ਹੈ। ਪੂਰਬੀ ਪਾਕਿਸਤਾਨ ਨੂੰ ਅੱਜ ਅਸੀਂ ਬੰਗਲਾਦੇਸ਼ ਵਜੋਂ ਜਾਣਦੇ ਹਾਂ।
16 ਕਰੋੜ ਦੀ ਆਬਾਦੀ ਨਾਲ, ਬੰਗਲਾਦੇਸ਼ ਦੁਨੀਆ ਦਾ ਅੱਠਵਾਂ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੈ। ਇਸਦੀ ਤਰੱਕੀ ਦੀ ਰਫ਼ਤਾਰ ਵੇਖਕੇ ਅਰਥਸ਼ਾਸਤਰੀਆਂ ਦੀ ਭਵਿੱਖਬਾਣੀ ਹੈ ਕਿ 2024 ਤੱਕ ਇਹ ਆਪਣੇ ਨਾਮ ਨਾਲੋਂ ‘ਅਤਿ ਪਛੜੇ ਦੇਸ਼’ ਦਾ ਧੱਬਾ ਉਤਾਰ ਦੇਵੇਗਾ। ਹੋਰਨਾਂ ਕਾਰਨਾਂ ਤੋਂ ਇਲਾਵਾ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਪਿਛਲੇ ਦਹਾਕਿਆਂ ਵਿੱਚ ਇਸਦੇ ਸ਼ਾਸਕਾਂ ਨੇ ਦਹਿਸ਼ਤਵਾਦ ਤੋਂ ਪੂਰੀ ਤਰਾਂ ਦੂਰੀ ਬਣਾਈ ਅਤੇ ਦੇਸ਼ ਵਿੱਚ ਅੱਤਵਾਦ ਫੈਲਾਅ ਚੁੱਕੇ ਜਾਂ ਫੈਲਾਅ ਰਹੇ ਕੱਟੜ ਧਾਰਮਿਕ ਨੇਤਾਵਾਂ ਨਾਲ ਸਖਤੀ ਨਾਲ ਨਜਿੱਠਿਆ ਹੈ। ਇਸ ਮਾਮਲੇ ਵਿੱਚ ਖ਼ਾਲਿਦਾ ਜ਼ਿਆ ਤੋਂ ਵੀ ਕਿਤੇ ਵੱਧ ਯੋਗਦਾਨ ਸ਼ੇਖ ਹਸੀਨਾ ਦਾ ਹੈ ਜੋ ਕਿ ਦਸੰਬਰ 2018 ਵਿੱਚ ਲਗਾਤਾਰ ਤੀਸਰੀ ਵਾਰ ਮੁਲਕ ਦੀ ਪ੍ਰਧਾਨ ਮੰਤਰੀ ਬਣੀ ਹੈ। ਉਹ ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬਰ ਰਹਿਮਾਨ ਦੀ ਬੇਟੀ ਹੈ। ਬੰਗਲਾਦੇਸ਼ ਦੀ ਸਥਾਪਨਾ ਵਿੱਚ ਅਪ੍ਰਤੱਖ ਰੂਪ ਵਿੱਚ ਭਾਰਤ ਦਾ ਵੀ ਯੋਗਦਾਨ ਸੀ ਜਿਸ ਕਾਰਨ ਸ਼ੇਖ ਮੁਜੀਬਰ ਰਹਿਮਾਨ ਦੀ ਭਾਰਤ ਨਾਲ ਬਹੁਤ ਡੂੰਘੀ ਦੋਸਤੀ ਸੀ। ਜਦੋਂ ਤੱਕ ਉਹ ਬੰਗਲਾਦੇਸ਼ ਦੇ ਮੁਖੀ ਰਹੇ, ਉਦੋਂ ਤੱਕ ਦੋਵਾਂ ਦੇਸ਼ਾਂ ਵਿੱਚ ਬਹੁਤ ਨਜ਼ਦੀਕੀਆਂ ਵਾਲਾ ਮਹੌਲ ਰਿਹਾ। ਪ੍ਰੰਤੂ ਉਸ ਤੋਂ ਬਾਅਦ ਇਹਨਾਂ ਸੰਬੰਧਾਂ ਵਿੱਚ ਕਈ ਉਤਰਾਅ-ਚੜ੍ਹਾਅ ਆਏ।
ਬੰਗਲਾਦੇਸ਼ ਤੋਂ ਭਾਰਤ ਆਉਣ ਵਾਲੇ ਸ਼ਰਨਾਰਥੀਆਂ ਬਾਰੇ ਵੀ ਮੀਡੀਆ ਵਿੱਚ ਅਕਸਰ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਇਸੇ ਸੰਬੰਧ ਵਿੱਚ ਦੋਹਾਂ ਦੇਸ਼ਾਂ ਦੀ ਸਰਹੱਦ ਉੱਤੇ ਗੋਲ਼ੀਬਾਰੀ ਵੀ ਆਮ ਜਿਹੀ ਗੱਲ ਹੈ। ਇਸ ਨਾਲ ਪਿਛਲੇ ਦਹਾਕਿਆਂ ਵਿੱਚ ਦੋਵੇਂ ਹੀ ਪਾਸੇ ਹਜ਼ਾਰਾਂ ਮੌਤਾਂ ਵੀ ਹੋ ਚੁੱਕੀਆਂ ਹਨ। ਭਾਰਤੀ ਮੀਡੀਆ ਮੁਤਾਬਕ ਕਈ ਕਰੋੜ ਬੰਗਲਾਦੇਸ਼ੀ ਸ਼ਰਨਾਰਥੀ ਭਾਰਤ ਵਿੱਚ ਰਹਿ ਰਹੇ ਹਨ। ਪਰ ਬੰਗਲਾਦੇਸ਼ੀ ਸਰਕਾਰ ਮੁਤਾਬਕ ਇਹ ਗਿਣਤੀ ਕੁਝ ਹਜ਼ਾਰ ਹੀ ਹੋ ਸਕਦੀ ਹੈ। ਪ੍ਰੰਤੂ ਆਉਣ ਵਾਲੇ ਸਮੇਂ ਵਿੱਚ ਇਹ ਸ਼ਰਨਾਰਥੀਆਂ ਦਾ ਆਉਣਾ ਬਿਲਕੁਲ ਵੀ ਬੰਦ ਹੋ ਸਕਦਾ ਹੈ। ਇਸ ਦਾ ਇੱਕ ਕਾਰਨ ਤਾਂ ਸਿਆਸੀ ਹੈ ਜਿਸਦਾ ਸੰਬੰਧ ਭਾਰਤ ਦੇ ਤੱਤਕਾਲੀ ਨਾਗਰਿਕਤਾ ਕਾਨੂੰਨ ਨਾਲ ਜੁੜਦਾ ਹੈ। ਪ੍ਰੰਤੂ ਦੂਸਰਾ ਕਾਰਨ ਆਰਥਿਕ ਹੈ ਜਿਸਦੇ ਪ੍ਰਭਾਵ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਸਕਦੇ ਹਨ। ਬੰਗਲਾਦੇਸ਼ੀ ਸ਼ਰਨਾਰਥੀ ਆਮ ਕਰਕੇ ਗ਼ਰੀਬੀ ਤੋਂ ਤੰਗ ਆ ਕੇ ਰੋਜ਼ਗਾਰ ਦੀ ਭਾਲ ਵਿੱਚ ਹੀ ਭਾਰਤ ਵਿੱਚ ਆਉਂਦੇ ਰਹੇ ਹਨ ਪ੍ਰੰਤੂ ਬੰਗਲਾਦੇਸ਼ ਦੀ ਤਰੱਕੀ ਦੀ ਰਫ਼ਤਾਰ ਵੇਖਕੇ ਲੱਗਦਾ ਨਹੀਂ ਹੁਣ ਉਸਦੇ ਨਾਗਰਿਕਾਂ ਨੂੰ ਰੋਜ਼ਗਾਰ ਦੀ ਭਾਲ ਲਈ ਭਾਰਤ ਆਉਣਾ ਪਏਗਾ।
ਦੋਵਾਂ ਮੁਲਕਾਂ ਵਿੱਚ ਛੋਟੇ-ਵੱਡੇ ਸਾਂਝੇ ਦਰਿਆਵਾਂ ਦੇ ਵੱਖ-ਵੱਖ 54 ਵਹਿਣ ਵਗਦੇ ਹਨ। ਇਹਨਾਂ ਵਿੱਚੋਂ ਬ੍ਰਹਮਪੁੱਤਰ, ਫੇਨੀ ਅਤੇ ਤੀਸਤਾ ਦਰਿਆਵਾਂ ਦੇ ਨਾਮ ਤਾਂ ਕਾਫੀ ਮਸ਼ਹੂਰ ਹਨ। ਫੇਨੀ ਦਰਿਆ ਤੋਂ ਭਾਰਤ ਦੇ ਸੂਬੇ ਤ੍ਰਿਪੁਰਾ ਲਈ ਪੀਣ ਦੇ ਪਾਣੀ ਸੰਬੰਧੀ ਸਮਝੌਤਾ ਵੀ ਦੋਵਾਂ ਮੁਲਕਾਂ ਵਿਚਕਾਰ ਹੋਇਆ ਹੈ। ਪ੍ਰੰਤੂ ਤੀਸਤਾ ਦਰਿਆ ਸੰਬੰਧੀ ਰੇੜਕਾ ਬਹੁਤ ਸਾਰੇ ਸਾਲਾਂ ਤੋਂ ਬਾਦਸਤੂਰ ਜਾਰੀ ਹੈ ਜਿਸ ਨੂੰ ਜਲਦੀ ਹੱਲ ਕਰਨ ਦੀ ਲੋੜ ਹੈ। ਦੋਵੇਂ ਹੀ ਮੁਲਕ ਦੱਖਣੀ ਏਸ਼ੀਆ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਵੀ ਮੈਂਬਰ ਹਨ। ਉਂਜ ਤਾਂ ਸਾਰਕ ਦੇਸ਼ਾਂ ਨੂੰ ਏਕੀਕ੍ਰਿਤ ਟਰਾਂਸਪੋਰਟ ਪ੍ਰਣਾਲੀ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਹਵਾਈ ਰਸਤਿਆਂ ਦੀ ਬਜਾਇ ਸੜਕੀ ਰਸਤਿਆਂ ਦੀ ਵਰਤੋਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਰਕ ਦੇਸ਼ਾਂ ਨੂੰ ਕਾਬਲ, ਲਾਹੌਰ, ਦਿੱਲੀ ਅਤੇ ਢਾਕਾ ਤੱਕ ਟਰਾਂਸਪੋਰਟ ਕੋਰੀਡੋਰ ਬਣਾ ਕੇ ਆਪਣੇ ਵਪਾਰਕ ਅਤੇ ਵਿਰਾਸਤੀ ਰਿਸ਼ਤਿਆਂ ਨੂੰ ਹੋਰ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ। ਪਰ ਜੇਕਰ ਪਾਕਿਸਤਾਨ ਨਾਲ ਸਹਿਮਤੀ ਨਾ ਵੀ ਬਣ ਸਕੇ ਤਾਂ ਭਾਰਤ ਅਤੇ ਬੰਗਲਾਦੇਸ਼ ਤਾਂ ਇੰਜ ਕਰ ਹੀ ਸਕਦੇ ਹਨ। ਇਸੇ ਰੂਟ ਨੂੰ ਅੱਗੇ ਮਿਆਂਮਾਰ, ਥਾਈਲੈਂਡ ਅਤੇ ਮਲੇਸ਼ੀਆ ਵਰਗੇ ਦੇਸ਼ਾਂ ਤੱਕ ਵੀ ਵਧਾਇਆ ਜਾ ਸਕਦਾ ਹੈ। ਇੰਜ ਸਾਰਕ ਅਤੇ ਆਸੀਆਨ ਦੇਸ਼ਾਂ ਵਿੱਚ ਰਿਸ਼ਤੇ ਹੋਰ ਵੀ ਦੋਸਤਾਨਾ ਹੋ ਸਕਦੇ ਹਨ।
ਭਾਵੇਂ ਕਿ ਇਸ ਗੱਲ ਦੀ ਸੰਭਾਵਨਾ ਬਹੁਤ ਘੱਟ ਹੈ ਕਿ ਬੰਗਲਾਦੇਸ਼ ਭਾਰਤ ਦੇ ਉਲਟ ਚੀਨ ਦੇ ਹੱਕ ਵਿੱਚ ਜਾ ਕੇ ਖੜ੍ਹ ਜਾਵੇ। ਕਿਉਂਕਿ ਉਹ ਜਾਣਦਾ ਹੈ ਕਿ ਚੀਨ ਪੂਰੇ ਏਸ਼ੀਆ ਦਾ ਪਾਵਰਹਾਊਸ ਬਣਨ ਦੀ ਤਾਕ ਵਿੱਚ ਹੈ ਅਤੇ ਇਹ ਛੋਟੇ ਗੁਆਂਢੀਆਂ ਲਈ ਖ਼ਤਰੇ ਦੀ ਘੰਟੀ ਹੈ. ਪਰ ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਨਾਅਰੇ, ਬੰਗਲਾਦੇਸ਼ ਦੇ ਕੱਟੜਵਾਦੀਆਂ ਨੂੰ ਚੀਨ ਦੀ ਹਮਾਇਤ ਦਾ ਬਹਾਨਾ ਦੇ ਰਹੇ ਹਨ. ਇਸ ਲਈ ਬਹੁਤੇ ਰਣਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਜੋਕੇ ਹਾਲਾਤ ਵਿੱਚ ਭਾਰਤੀ ਮੀਡੀਆ ਅਤੇ ਭਾਰਤੀ ਹਾਕਮਾਂ ਨੂੰ ਆਪਣੀ ਬੋਲ-ਬਾਣੀ ਵਿੱਚ ਬੰਗਲਾਦੇਸ਼ ਦੀ ਤੁਲਨਾ ਪਾਕਿਸਤਾਨ ਨਾਲ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਜਿਵੇਂ ਨੇਪਾਲ, ਚੀਨ ਦੀ ਝੋਲ਼ੀ ਪੈਂਦਾ ਜਾ ਰਿਹਾ ਹੈ, ਕੱਲ੍ਹ ਨੂੰ ਬੰਗਲਾਦੇਸ਼ ਵੀ ਦੂਜਾ ਪਾਕਿਸਤਾਨ ਬਣ ਕੇ ਚੀਨ ਦਾ ਲੰਗੋਟੀਆ ਬਣ ਜਾਵੇ। ਜੇਕਰ ਭਾਰਤ ਨਾਲ ਉਸਦੇ ਸੰਬੰਧ ਵਿਗੜਦੇ ਹਨ ਤਾਂ ਭਾਰਤ ਤਿੰਨ ਪਾਸਿਓਂ ਦੁਸ਼ਮਣਾਂ ਨਾਲ ਘਿਰ ਜਾਏਗਾ। ਇਸ ਲਈ ਕੂਟਨੀਤਕ ਪੱਖ ਤੋਂ ਬੰਗਲਾਦੇਸ਼ ਵਰਗੇ ਮੁਸਲਿਮ ਬਹੁਗਿਣਤੀ ਵਾਲੇ ਮੁਲਕ ਦੀ ਭਾਰਤ ਨਾਲ ਸਾਂਝ ਬਰਕਰਾਰ ਰਹਿਣੀ ਸਮੇਂ ਦੀ ਲੋੜ ਹੈ. ਭਾਰਤ ਨੂੰ ਤਾਂ ਸਗੋਂ ਚਾਹੀਦਾ ਹੈ ਕਿ ਉਹ ਬੰਗਲਾਦੇਸ਼ ਨੂੰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵੀ ਆਪਣਾ ਮੁੱਖ ਸਹਿਯੋਗੀ ਬਣਾ ਕੇ ਰੱਖੇ। ਇਸ ਨਾਲ ਸਾਡਾ ਬਹੁਕੌਮੀ ਸੱਭਿਆਚਾਰ ਵਾਲਾ ਅਕਸ ਵੀ ਬਰਕਰਾਰ ਰਹੇਗਾ।