ਨਵੀਂ ਦਿੱਲੀ – ਬਾਲਾ ਸਾਹਿਬ ਹਸਪਤਾਲ ਬਣਾਉਣ ਦੇ ਮਾਮਲੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਨੂੰ ਗੁਮਰਾਹ ਕਰਨ ਦਾ ਜਾਗੋ ਪਾਰਟੀ ਨੇ ਇਲਜ਼ਾਮ ਲਗਾਇਆ ਹੈਂ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਤੇ ਕਰਾਰਾ ਹਮਲਾ ਬੋਲਦੇ ਹੋਏ ਸਿਰਸੇ ਵੱਲੋਂ ਹਸਪਤਾਲ ਲਈ 1 ਕਰੋਡ਼ ਰੁਪਏ ਦੇਣ ਦੇ ਕੀਤੇ ਗਏ ਐਲਾਨ ਦੇ ਭੁਗਤਾਨ ਦਾ ਸਬੂਤ ਮੰਗਿਆ ਹੈ। ਨਾਲ ਹੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੋਂ ਪੁੱਛਿਆ ਹੈ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਸ਼ਟਰਿੰਗ ਦਾ ਸਾਮਾਨ ਕਿਥੇ ਲੱਗਿਆ ਹੈ ? ਕਿਉਂਕਿ ਪਹਿਲਾਂ ਤੋਂ ਬਣੀ ਹੋਈ ਬਿਲਡਿੰਗ ਵਿੱਚ ਸ਼ਟਰਿੰਗ ਦੇ ਸਾਮਾਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਕਮੇਟੀ ਚੋਣ ਲਈ ਵੋਟਾਂ ਬਣਾਉਣ ਨੂੰ ਲੈ ਕੇ ਜਾਗੋ ਪਾਰਟੀ ਦੇ ਅਹੁਦੇਦਾਰਾਂ ਦੀ ਪਾਰਟੀ ਦਫ਼ਤਰ ਵਿੱਚ ਲਗਾਈ ਗਈ ਕਾਰਜਸ਼ਾਲਾ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀਕੇ ਨੇ ਸਿਰਸਾ-ਕਾਲਕਾ ਨੂੰ ਮੁਖ਼ਾਤਬ ਹੁੰਦੇ ਹੋਏ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੂਰਬ ਉੱਤੇ 550 ਬੈਡ ਦਾ ਹਸਪਤਾਲ ਬਣਾਉਣ ਦਾ ਤੁਸੀਂ ਵਾਅਦਾ ਕੀਤਾ ਸੀ। ਪਰ ਹੁਣ ਉਸ ਵਾਅਦੇ ਨੂੰ ਪੁਰਾ ਕਰਨ ਦੀ ਬਜਾਏ ਤੁਸੀਂ ਦਵਾਖ਼ਾਨਾ ਅਤੇ 50 ਰੁਪਏ ਦੀ ਐਮਆਰਆਈ ਵਿੱਚ ਆਪਣੀ ਨਾਕਾਮੀ ਲੁਕਾਉਣਾ ਚਾਹੁੰਦੇ ਹੋ। ਲੇਕਿਨ ਦਿੱਲੀ ਦੀ ਸੰਗਤ ਬਹੁਤ ਸਮਝਦਾਰ ਹੈਂ, ਇਸ ਲਈ ਤੁਹਾਡੇ ਝਾਂਸੇ ਵਿੱਚ ਨਹੀਂ ਆਵੇਗੀ। ਜੀਕੇ ਨੇ ਕਿਹਾ ਕਿ ਇਹ ਸੁਫ਼ਨਾ ਹਸਪਤਾਲ ਦਾ ਦਿਖਾਉਂਦੇ ਹਨ ਪਰ ਦਿੰਦੇ ਦਵਾਖ਼ਾਨਾ ਹਨ। ਉਹ ਵੀ ਅਜਿਹਾ ਦਵਾਖ਼ਾਨਾ ਜਿਸ ਦੀ ਲਾਇਨ ਵਿੱਚ 2 ਘੰਟੇ ਲੱਗਣ ਦੇ ਬਾਅਦ ਪਤਾ ਚੱਲਦਾ ਹੈ ਕਿ ਜੋ ਦਵਾਈ ਮਰੀਜ਼ ਨੂੰ ਚਾਹੀਦੀ ਹੈ, ਉਹ ਉਪਲਬਧ ਨਹੀਂ ਹੈ।
ਜੀਕੇ ਨੇ ਦਾਅਵਾ ਕੀਤਾ ਕਿ ਸਿਰਸਾ ਸ਼ੋਸ਼ੇਬਾਜ਼ੀ ਦੇ ਮਾਹਿਰ ਹਨ ਅਤੇ ਇਸ ਸ਼ੋਸ਼ੇਬਾਜ਼ੀ ਲਈ ਸਿਰੋਪਾ ਅਤੇ ਕੈਮਰਾ ਇਨ੍ਹਾਂ ਦੇ ਹਥਿਆਰ ਹਨ। ਏਧਰੋਂ ਇਹ ਬਾਬਾ ਬਚਨ ਸਿੰਘ ਨੂੰ ਸਿਰੋਪਾ ਪਾਉਂਦੇ ਹਨ, ਕੈਮਰੇ ਉੱਤੇ ਤਸਵੀਰ ਉੱਭਰਦੀ ਹੈ ਅਤੇ ਉੱਧਰ ਹਸਪਤਾਲ ਤਿਆਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਅੱਜ ਬਾਬਾ ਬਚਨ ਸਿੰਘ ਜੀ ਸਿਰਸੇ ਦੇ ਏਜੰਡੇ ਤੋ ਗੁਮਰਾਹ ਹੋਣ ਦੇ ਬਾਅਦ ਜੋ ਗੱਲਾਂ ਸਿਰਸਾ ਦੇ ਬਾਰੇ ਬੋਲਦੇ ਹਨ, ਉਹ ਮੈਂ ਇੱਥੇ ਦੱਸ ਨਹੀਂ ਸਕਦਾ। ਜੀਕੇ ਨੇ ਕਮੇਟੀ ਦੇ ਚੀਫ਼ ਕੋਰੀਡਿਨੇਟਰ ਇੰਦਰਮੋਹਨ ਸਿੰਘ ਵੱਲੋਂ ਕੋਰੋਨਾ ਦਾ ਹਵਾਲਾ ਦੇ ਕੇ ਕਮੇਟੀ ਚੋਣ ਰੋਕਣ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਉਪਰਾਜਪਾਲ ਨੂੰ ਲਿਖੇ ਗਏ ਪੱਤਰ ਨੂੰ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਡਰ ਨਾਲ ਜੋੜਿਆ। ਜੀਕੇ ਨੇ ਕਿਹਾ ਕਿ ਇੰਦਰਮੋਹਨ ਦਾ ਕੰਮ ਸਿਰਸਾ ਦੀ ਸ਼ਹਿ ਉੱਤੇ ਇਸ ਚੋਣ ਨੂੰ ਲਮਕਾਉਣ ਦਾ ਹੈ। ਕਿਉਂਕਿ ਇਨ੍ਹਾਂ ਨੂੰ ਆਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਹੈਂ। ਇਸ ਲਈ ਕੋਰੋਨਾ ਗਾਇਡਲਾਇਨ ਦੇ ਕਾਰਨ 60 ਸਾਲ ਤੋਂ ਜ਼ਿਆਦਾ ਉਮਰ ਦੇ ਵੋਟਰਾਂ ਦੇ ਘਰਾਂ ਤੋਂ ਨਾ ਨਿਕਲਣ ਦਾ ਹਵਾਲਾ ਦੇ ਕੇ ਇੰਦਰਮੋਹਨ ਮੌਜੂਦਾ ਕਮੇਟੀ ਨੂੰ ਕੋਰਾਨਾ ਖ਼ਤਮ ਹੋਣ ਤੱਕ ਬਰਕਰਾਰ ਰਖਵਾਉਣਾ ਚਾਹੁੰਦੇ ਹਨ। ਜੀਕੇ ਨੇ ਕਿਹਾ ਕਿ ਦਿੱਲੀ ਹਾਈਕੋਰਟ ਦੇ ਸਿੰਗਲ ਅਤੇ ਡਿਵੀਜ਼ਨ ਬੈਂਚ ਵਿੱਚ ਚੋਣ ਰੋਕਣ ਦੇ ਮਾਮਲੇ ਵਿੱਚ ਬੁਰੀ ਤਰਾਂ ਹਾਰਨ ਦੇ ਬਾਅਦ ਸਿਰਸਾ ਨਵੇਂ ਪੈਂਤੜੇ ਨਾਲ ਹਾਰ ਨੂੰ ਕੁੱਝ ਸਮਾਂ ਲਈ ਟਾਲਣ ਦੀ ਫ਼ਿਰਾਕ ਵਿੱਚ ਹਨ। ਜੀਕੇ ਨੇ ਵਿਅੰਗ ਕੀਤਾ ਕਿ 60 ਸਾਲ ਤੋਂ ਜ਼ਿਆਦਾ ਉਮਰ ਦੇ ਇੰਦਰਮੋਹਨ ਖ਼ੁਦ ਘਰ ਬੈਠਦੇ ਨਹੀਂ ਹਨ, ਪਰ ਦੂਜੇ ਹਮ-ਉਮਰ ਸਿੱਖਾਂ ਲਈ ਫ਼ਿਕਰਮੰਦ ਹਨ।
–