ਨਵੀਂ ਦਿੱਲੀ – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੈਦਾ ਹੋਈ ਆਰਥਕ ਬਦਹਾਲੀ ਦੀ ਵਜਾ ਨਾਲ ਵਿਰਾਸਤੀ ਸਕੂਲਾਂ ਦੇ ਸਿਮਟਣ ਦਾ ਖ਼ਤਰਾ ਪੈਦਾ ਹੋ ਗਿਆ ਹੈਂ। ਇਸ ਲਈ ਕੌਮ ਦੀ ਵਿਰਾਸਤ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸਾਰੂ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲਗਭਗ 4000 ਬੱਚਾ ਮਾਰਚ 2019 ਤੋਂ ਹੁਣ ਤੱਕ ਸਕੂਲ ਛੱਡ ਗਿਆ ਹੈਂ, ਜਿਸ ਵਜਾ ਨਾਲ ਸਕੂਲਾਂ ਦਾ ਘਾਟਾ ਲਗਾਤਾਰ ਵੱਧ ਰਿਹਾ ਹੈ। ਪਰ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਟੀਮ ਸਕੂਲਾਂ ਦੀ ਆਰਥਕ ਇੰਮਿਊਨਿਟੀ ਵਧਾਉਣ ਦੀ ਖ਼ੁਰਾਕ ਸੰਗਤ ਦੇ ਸਾਹਮਣੇ ਰੱਖਣ ਵਿੱਚ ਨਾਕਾਮ ਰਹੀ ਹੈਂ। ਹਾਲਾਂਕਿ ਆਪਣੀ ਸਿਆਸੀ ਇੰਮਿਊਨਿਟੀ ਨੂੰ ਵਧਾਉਣ ਲਈ ਰੋਜ਼ ਨਵੇਂ ਸ਼ੋਸ਼ੇ ਛੱਡਣ ਵਿੱਚ ਇਨ੍ਹਾਂ ਨੂੰ ਮੁਹਾਰਤ ਹਾਸਲ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਭੁੱਖ ਹੜਤਾਲ ਉੱਤੇ ਵਿਸ਼ਨੂੰ ਗਾਰਡਨ ਵਿਖੇ ਬੈਠੇ ਆਪਣੇ ਸਾਥੀਆਂ ਦੀ ਅੱਜ ਭੁੱਖ ਹੜਤਾਲ ਤੁੜਵਾਉਣ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਗੱਲਾਂ ਕਹੀਆਂ।
ਇੱਥੇ ਦੱਸ ਦੇਈਏ ਦੀ ਜਾਗੋ ਪਾਰਟੀ ਵੱਲੋਂ ਸਕੂਲਾਂ ਨੂੰ ਬਚਾਉਣ ਲਈ ਪਿਛਲੇ ਦਿਨੀਂ ‘ਸੇਵ ਜੀਐਚਪੀਐਸ’ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਦੇ ਬਾਅਦ ਪਾਰਟੀ ਦੀ ਯੂਥ ਵਿੰਗ ਦੇ ਅੰਤਰਰਾਸ਼ਟਰੀ ਪ੍ਰਧਾਨ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਸਾਬਕਾ ਵਿਧਾਰਥੀ ਡਾਕਟਰ ਪੁਨਪ੍ਰੀਤ ਸਿੰਘ ਆਪਣੇ ਸਾਥੀਆਂ ਦੇ ਨਾਲ 72 ਘੰਟੇ ਦੀ ਭੁੱਖ ਹੜਤਾਲ ਉੱਤੇ 23 ਅਕਤੂਬਰ ਤੋਂ ਬੈਠੇ ਸਨ। ਪੁਨਪ੍ਰੀਤ ਦੇ ਨਾਲ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਰਜੀਤ ਸਿੰਘ ਬਾਉਂਸ ਅਤੇ ਚਰਨਪ੍ਰੀਤ ਸਿੰਘ ਭਾਟੀਆ ਨੂੰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੜ੍ਹਦੇ 3 ਬੱਚਿਆਂ ਨੇ ਜੂਸ ਪਿਲਾਉਂਦੇ ਭੁੱਖ ਹੜਤਾਲ ਖ਼ਤਮ ਕਰਵਾਈ। ਇਸ ਮੌਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਕੂਲਾਂ ਦੀ ਬਿਹਤਰੀ ਲਈ ਹੋਈ ਅਰਦਾਸ ਦੇ ਬਾਅਦ ਬੋਲਦੇ ਹੋਏ ਜੀਕੇ ਨੇ ਸਾਫ਼ ਕਿਹਾ ਕਿ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਨੇ 1965 ਵਿੱਚ ਕੇਵਲ 35 ਬੱਚਿਆਂ ਨੂੰ ਲੈ ਕੇ ਇੰਡੀਆ ਗੇਟ ਵਿਖੇ ਇੰਨਾਂ ਸਕੂਲਾਂ ਦੀ ਪਹਿਲੀ ਸ਼ਾਖਾ ਸਥਾਪਤ ਕਰਵਾਈ ਸੀ ਅਤੇ ਮੈਂ ਸਕੂਲ ਦਾ ਪਹਿਲਾ ਵਿਦਿਆਰਥੀ ਸੀ। ਤਦ ਕਦੇ ਨਹੀਂ ਸੋਚਿਆ ਸੀ ਕਿ 55 ਸਾਲ ਬਾਅਦ ਮੈਨੂੰ ਹੀ ਇਹਨਾਂ ਸਕੂਲਾਂ ਨੂੰ ਬਚਾਉਣ ਲਈ ਭੁੱਖ ਹੜਤਾਲ ਉੱਤੇ ਬੈਠਣ ਵਾਲੇ ਸਾਬਕਾ ਵਿਦਿਆਰਥੀਆਂ ਦੀ ਭੁੱਖ ਹੜਤਾਲ ਖ਼ਤਮ ਕਰਵਾਉਣੀ ਪਵੇਗੀ। ਜੀਕੇ ਨੇ ਕਿਹਾ ਕਿ ਅੱਜ ਇੰਨਾ ਸਕੂਲਾਂ ਦੀ ਹਾਲਾਤ ਖ਼ਰਾਬ ਹੋਣ ਦੇ ਪਿੱਛੇ ਭਾਈ-ਭਤੀਜਾ ਵਾਦ ਅਤੇ ਨਿੱਜੀ ਮੁਫ਼ਾਦ ਮੁੱਖ ਕਾਰਨ ਹਨ। ਜਿਸ ਮਿਸ਼ਨ ਨੂੰ ਲੈ ਕੇ ਇਹ ਸਕੂਲ ਸਥਾਪਤ ਹੋਏ ਸਨ, ਉਸ ਮਿਸ਼ਨ ਨੂੰ ਸਾਡੇ ਪ੍ਰਬੰਧਕਾਂ ਨੇ ਪਿੱਛੇ ਕਰ ਦਿੱਤਾ ਹੈਂ। ਇਹੀ ਵਜਾ ਹੈ ਕਿ ਗ਼ਲਤ ਹੱਥਾਂ ਵਿੱਚ ਸਕੂਲ ਆਉਣ ਦੇ ਬਾਅਦ ਸਕੂਲਾਂ ਦੀ ਆਮਦਨ ਘੱਟ ਅਤੇ ਖਰਚਾ ਵੱਧ ਰਿਹਾ ਹਾਂ।