ਫ਼ਤਹਿਗੜ੍ਹ ਸਾਹਿਬ – “ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋ ਬੀਤੇ ਦਿਨੀਂ ਪਟਿਆਲੇ ਵਿਖੇ ਮਹਾਰਾਜ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਦਾ ਐਲਾਨ ਕੀਤਾ ਗਿਆ ਹੈ, ਇਹ ਬੇਸ਼ੱਕ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਵੱਡੀ ਸੋਚ ਅਤੇ ਬੀਤੇ ਸਮੇਂ ਵਿਚ ਪੰਜਾਬੀ ਖਿਡਾਰੀਆਂ ਵੱਲੋਂ ਕੌਮਾਂਤਰੀ ਪੱਧਰ ਤੇ ਆਪਣੇ ਸੂਬੇ ਦੇ ਨਾਮ ਨੂੰ ਰੋਸ਼ਨ ਕਰਨ ਦੀ ਸੋਚ ਨੂੰ ਲੈਕੇ ਉਦਮ ਕੀਤਾ ਜਾ ਰਿਹਾ ਹੈ, ਜੋ ਪ੍ਰਸ਼ੰਸ਼ਾਂਯੋਗ ਹੈ । ਪਰ ਸਾਨੂੰ ਇਹ ਜਾਣਕੇ ਗਹਿਰਾ ਦੁੱਖ ਪਹੁੰਚਿਆ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੇ ਇਹ ਬਣਨ ਜਾ ਰਹੀ ਖੇਡ ਯੂਨੀਵਰਸਿਟੀ ਦੀ ਅਗਵਾਈ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਜਾਣਕਾਰੀ ਨਾ ਰੱਖਣ ਵਾਲੇ ਇਕ ਗੈਰ-ਪੰਜਾਬੀ ਨੂੰ ਦੇਣ ਦਾ ਅਮਲ ਹੈਰਾਨੀਜਨਕ ਹੈ । ਜਦੋਂਕਿ ਜਿਥੇ ਇਸ ਖੇਡ ਯੂਨੀਵਰਸਿਟੀ ਵਿਚ ਪੰਜਾਬੀਆਂ ਨੇ ਆਉਣ ਵਾਲੇ ਸਮੇਂ ਵਿਚ ਮੱਲਾ ਮਾਰੀਆ ਹਨ, ਉਥੇ ਅਜਿਹੀ ਵੱਡੀ ਸੰਸਥਾਂ ਦੀ ਅਗਵਾਈ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੀ ਸਖਸ਼ੀਅਤ ਨੂੰ ਹੀ ਸੌਪਣੀ ਬਣਦੀ ਹੈ ਤਾਂ ਕਿ ਖੇਡ ਸੰਸਾਰ ਵਿਚ ਵੱਡੀਆ ਪ੍ਰਾਪਤੀਆ ਦੇ ਨਾਲ-ਨਾਲ ਉਸ ਵਿਚੋਂ ਪੰਜਾਬੀਅਤ ਦੀ ਖੁਸਬੂ ਪੂਰੇ ਸੰਸਾਰ ਵਿਚ ਫੈਲ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪਟਿਆਲਾ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਸਥਾਪਿਤ ਕਰਨ ਦੇ ਕੀਤੇ ਐਲਾਨ ਦਾ ਸਵਾਗਤ ਕਰਦੇ ਹੋਏ, ਲੇਕਿਨ ਇਸ ਦੀ ਅਗਵਾਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਨੂੰ ਨਾ ਦੇਣ ਉਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਲੰਮੇਂ ਸਮੇਂ ਤੋਂ ਅਸੀਂ ਵੇਖ ਰਹੇ ਹਾਂ ਕਿ ਨਾ ਕਾਮਨਵੈਲਥ ਖੇਡਾਂ, ਨਾ ਏਸੀਅਨ ਖੇਡਾਂ ਅਤੇ ਨਾ ਓਲੰਪਿਕ ਖੇਡਾਂ ਵਿਚ ਪੰਜਾਬ ਸੂਬੇ ਦੀ ਕੋਈ ਨੁਮਾਇੰਦਗੀ ਜਾਂ ਤਗਮਿਆ ਆਦਿ ਦੀ ਪ੍ਰਾਪਤੀ ਹੋ ਰਹੀ ਹੈ ਅਤੇ ਨਾ ਹੀ ਨੈਸ਼ਨਲ ਪੱਧਰ ਤੇ । ਜਦੋਂਕਿ ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ ਦੇ ਨਾਮ ਉਪਰੋਕਤ ਖੇਡਾਂ ਵਿਚ ਆਏ ਹਨ । ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਪੰਜਾਬ ਸੂਬੇ ਦਾ ਨਾਮ ਕੌਮਾਂਤਰੀ ਪੱਧਰ ਤੇ ਲਿਆਉਣ ਦੀ ਇੱਛਾ ਹੈ, ਤਾਂ ਇਸ ਬਣਨ ਜਾ ਰਹੀ ਵੱਡੀ ਮਹੱਤਵਪੂਰਨ ਖੇਡ ਯੂਨੀਵਰਸਿਟੀ ਦੀ ਅਗਵਾਈ ਅਤੇ ਇਸ ਯੂਨੀਵਰਸਿਟੀ ਦਾ ਕੌਮਾਂਤਰੀ ਪੱਧਰ ਦਾ ਨਕਸਾ, ਲੈਡਸਕੇਪਿੰਗ ਆਦਿ ਲਈ ਵੀ ਕਿਸੇ ਉੱਘੇ ਪੰਜਾਬੀ ਤੁਜਰਬੇਕਾਰ ਨੂੰ ਸੌਪਣੀ ਚਾਹੀਦੀ ਹੈ ਤਾਂ ਕਿ ਇਸ ਯੂਨੀਵਰਸਿਟੀ ਦੇ ਨਕਸੇ ਤੋਂ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਕਿਰਦਾਰ ਦੀ ਦਿੱਖ ਪ੍ਰਤੱਖ ਰੂਪ ਵਿਚ ਨਜ਼ਰ ਆਵੇ ਅਤੇ ਇਥੇ ਹਾਕੀ, ਫੁੱਟਬਾਲ, ਅਥਲੈਟਿਕ ਆਦਿ ਖੇਡਾਂ ਦੇ ਤਗਮੇ ਜਿੱਤਣ ਵਾਲੇ ਪੰਜਾਬੀਆਂ ਦੀ ਭਰਮਾਰ ਹੋ ਸਕੇ ਅਤੇ ਪੰਜਾਬ ਦਾ ਨਾਮ ਕੌਮਾਂਤਰੀ ਪੱਧਰ ਤੇ ਰੋਸ਼ਨ ਹੋ ਸਕੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਖੇਡ ਯੂਨੀਵਰਸਿਟੀ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਇਸ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਹੋਰ ਬਣਨ ਵਾਲੇ ਅਧਿਕਾਰੀ ਪੰਜਾਬੀਅਤ ਦਿੱਖ ਨੂੰ ਪੂਰਨ ਰੂਪ ਵਿਚ ਜਿਥੇ ਸਾਹਮਣੇ ਲਿਆਉਣਗੇ, ਉਥੇ ਉਪਰੋਕਤ ਕਾਮਨਵੈਲਥ, ਏਸੀਅਨ ਅਤੇ ਓਲੰਪੀਅਕ ਖੇਡਾਂ ਵਿਚ ਇਸ ਯੂਨੀਵਰਸਿਟੀ ਤੋਂ ਸਿੱਖਿਅਤ ਹੋਣ ਵਾਲੇ ਪੰਜਾਬੀ ਨੌਜ਼ਵਾਨ ਕੌਮਾਂਤਰੀ ਪੱਧਰ ਤੇ ਪੰਜਾਬ ਦਾ ਨਾਮ ਬੁਲੰਦੀਆਂ ਵੱਲ ਪਹੁੰਚਾਉਣਗੇ ।