ਨਿਊਯਾਰਕ – ਅਮਰੀਕਾ ਦੀ ਸਟੈਨਫੋਰਡ ਯੂਨੀਵਰਿਸਟੀ ਦੇ ਖੋਜਕਾਰਾਂ ਨੇ ਇੱਕ ਅਧਿਅਨ ਵਿੱਚ ਇਹ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਟਰੰਪ ਦੀਆਂ 18 ਚੋਣ ਰੈਲੀਆਂ ਵਿੱਚ ਸ਼ਾਮਿਲ ਹੋਣ ਕਰ ਕੇ 30 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਅਧਿਅਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਾਲ 700 ਲੋਕਾਂ ਦੀ ਮੌਤ ਹੋ ਗਈ ਹੈ। ਇਸ ਰਿਪੋਰਟ ਤੇ ਰਾਸ਼ਟਰਪਤੀ ਉਮੀਦਵਾਰ ਜੋ ਬਾਈਡਨ ਨੇ ਵੀ ਟਰੰਪ ਤੇ ਤੰਜ਼ ਕਸਦੇ ਹੋਏ ਕਿਹਾ ਹੈ ਕਿ ਟਰੰਪ ਨੂੰ ਆਪਣੇ ਸਮੱਰਥਕਾਂ ਦੀ ਵੀ ਪ੍ਰਵਾਹ ਨਹੀਂ ਹੈ।
ਅਮਰੀਕੀ ਮਾਹਿਰਾਂ ਵੱਲੋਂ ਕੀਤੇ ਗਏ ਅਧਿਅਨ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਦੀਆਂ ਰੈਲੀਆਂ ਵਿੱਚ ਆਉਣ ਦੀ ਸਮੱਰਥਕਾਂ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ। ‘ਦਾ ਇਫੈਕਟਸ ਆਫ਼ ਦਾ ਲਾਰਜ ਗਰੁੱਪ ਮੀਟਿੰਗਸ ਆਫ਼ ਦਾ ਸਪਰੇਡ ਆਫ਼ ਕੋਵਿਡ-19 : ਦਾ ਕੇਸ ਆਫ਼ ਟਰੰਪ ਰੈਲੀ’ ਨਾਮ ਦੇ ਸਿਰਲੇਖ ਵਾਲੇ ਅਧਿਅਨ ਵਿੱਚ ਮਾਹਿਰਾਂ ਨੇ 20 ਜੂਨ ਤੋਂ 22 ਸਿਤੰਬਰ ਦੌਰਾਨ ਹੋਈਆਂ ਟਰੰਪ ਦੀਆਂ 18 ਚੋਣ ਰੈਲੀਆਂ ਤੇ ਸਰਚ ਕੀਤੀ ਹੈ। ਇਸ ਖੋਜ਼ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਦੌਰਾਨ ਰੈਲੀਆਂ ਵਿੱਚ ਸ਼ਾਮਿਲ ਹੋਏ 30 ਹਜ਼ਾਰ ਲੋਕ ਕੋਰੋਨਾ ਵਾਇਰਸ ਨਾਲ ਪਾਜਿਟਿਵ ਪਾਏ ਗਏ ਹਨ ਅਤੇ 700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਖੋਜ਼ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਸਿਹਤ ਅਧਿਕਾਰੀਆਂ ਦੀ ਵਾਰਨਿੰਗ ਦੇ ਬਾਵਜੂਦ ਸਿਹਤ ਸਬੰਧੀ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ। ਲੋਕਾਂ ਨੇ ਸਰੀਰਕ ਦੂਰੀ ਨਾ ਰੱਖਣ ਅਤੇ ਮਾਸਕ ਦਾ ਵੀ ਉਪਯੋਗ ਨਹੀਂ ਕੀਤਾ ਗਿਆ।