ਮੋਗਾ, (ਵਰਿੰਦਰ ਸਿੰਘ ਖੁਰਮੀ) – ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ 19 ਅਤੇ 20 ਜੂਨ 2021 ਨੂੰ ਹੋਣ ਜਾ ਰਹੀ ਛੇਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਵਿੱਚ ਤਾਲਮੇਲ ਸੰਪਰਕ ਸਥਾਪਿਤ ਹੋ ਚੁੱਕੇ ਹਨ।
ਕੋਆਰਡੀਨੇਟਰਜ਼ ਦੇ ਸਹਿਯੋਗ ਨਾਲ ਵਿਸ਼ਵ ਭਰ ‘ਚੋਂ ਪੰਜਾਬੀ ਮਾਂ ਬੋਲੀ ਦੀ ਅਣਥੱਕ ਸੇਵਾ ਕਰ ਰਹੇ ਪੰਜਾਬੀ ਵਿਦਵਾਨ , ਯੂਨੀਵਰਸਿਟੀਆਂ ਦੇ ਚਾਂਸਲਰ, ਪ੍ਰੋਫ਼ੈਸਰ, ਲੇਖਕ ,ਪੱਤਰਕਾਰ ਤੇ ਸ਼ਾਇਰ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ ਕਾਨਫ਼ਰੰਸ ਦਾ ਹਿੱਸਾ ਬਣਨਗੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਨਫ਼ਰੰਸ ਕਮੇਟੀ ਦੀ ਸਰਪ੍ਰਸਤ ਬੀਬੀ ਕੰਵਲਜੀਤ ਕੌਰ ਬੈਂਸ ਅਤੇ ਪ੍ਰਧਾਨ ਜਸਬੀਰ ਸਿੰਘ ਬੋਪਾਰਾਏ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਦਾਰਾ ਅਜੀਤ ਅਤੇ ਕਲਮ ਫਾਊਂਡੇਸ਼ਨ ਦੇ ਸਰਪ੍ਰਸਤ ਮਰਹੂਮ ਡਾ. ਦਰਸ਼ਨ ਸਿੰਘ ਬੈਂਸ ਵੱਲੋਂ ਸ਼ੁਰੂ ਕੀਤੀ ਪੰਜਾਬੀ ਕਾਨਫ਼ਰੰਸਾਂ ਦੀ ਗਾਨੀ ਵਿਚ ਇਸ ਵਾਰ ਦਾ ਛੇਵਾਂ ਮੋਤੀ ਨਵੇਂ ਦਿਸਹੱਦੇ ਸਿਰਜੇਗਾ। ਇਹ ਕਾਨਫ਼ਰੰਸ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਂਰਾਜ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗੀ। ਉਨ੍ਹਾਂ ਕਿਹਾ ਕਿ ਜਿਸ ਵੀ ਮੁਲਕ ਦੇ ਵਿਦਵਾਨ ਸੱਜਣ ਕਾਨਫ਼ਰੰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋਣ ਤਾਂ ਉਹ ਆਪਣੇ ਮੁਲਕ ਦੇ ਨਿਯੁਕਤ ਕੀਤੇ ਕੋਆਰਡੀਨੇਟਰ ਨਾਲ ਸੰਪਰਕ ਬਣਾ ਸਕਦੇ ਹਨ ।