ਫ਼ਤਹਿਗੜ੍ਹ ਸਾਹਿਬ – “ਅਮਰੀਕਾ ਅੱਜ ਸੰਸਾਰ ਦਾ ਸਭ ਤੋਂ ਵੱਡਾ ‘ਵੱਡੀ ਤਾਕਤ’ ਰੱਖਣ ਵਾਲਾ ਮੁਲਕ ਹੈ । ਜਿਥੋਂ ਦੇ ਜਮਹੂਰੀਅਤ ਪਸ਼ੰਦ ਵਿਧਾਨ ਦੇ ਅਨੁਸਾਰ ਉਥੋਂ ਦੇ ਪ੍ਰੈਜੀਡੈਟ ਦੀਆਂ ਚੋਣਾਂ ਦੀ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ । ਜਿਸਦੇ ਨਤੀਜੇ ਆਉਣ ਵਾਲੇ ਕੁਝ ਸਮੇਂ ਬਾਅਦ ਪ੍ਰਤੱਖ ਹੋ ਜਾਣਗੇ । ਲੇਕਿਨ ਜੋ ਇਸ ਸਮੇਂ ਅਮਰੀਕਾ ਤੋਂ ਖ਼ਬਰਾਂ ਆ ਰਹੀਆ ਹਨ, ਉਸ ਵਿਚ ਪ੍ਰੈਜੀਡੈਟ ਦੀ ਵਿਰੋਧੀ ਧਿਰ ਵੱਲੋਂ ਚੋਣ ਲੜ ਰਹੇ ਉਮੀਦਵਾਰ ਸ੍ਰੀ ਜੋ ਬਿਡੇਨ 264 ਸੀਟਾਂ ਉਤੇ ਅੱਗੇ ਵੱਧ ਰਹੇ ਹਨ, ਜਦੋਂਕਿ ਹਕੂਮਤ ਪਾਰਟੀ ਦੇ ਮੌਜੂਦਾ ਪ੍ਰੈਜੀਡੈਟ ਸ੍ਰੀ ਡੋਨਾਲਡ ਟਰੰਪ ਅਜੇ ਤੱਕ 214 ਤੇ ਹੀ ਪਹੁੰਚੇ ਹਨ । ਅਮਰੀਕਾ ਦੀਆਂ ਚੋਣ ਸਰਗਰਮੀਆਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਸ੍ਰੀ ਜੋ ਬਿਡੇਨ ਨੂੰ ਆਪਣੀ ਜਿੱਤ ਦਰਜ ਕਰਨ ਲਈ ਕੇਵਲ ਹੋਰ 6 ਸੀਟਾਂ ਉਤੇ ਜਿੱਤ ਦੀ ਲੋੜ ਹੈ । ਇਸ ਚੋਣ ਪ੍ਰਕਿਰਿਆ ਤੇ ਸਮੁੱਚੇ ਸੰਸਾਰ ਦੇ ਮੁਲਕਾਂ ਅਤੇ ਨਿਵਾਸੀਆਂ ਦੀ ਨਜ਼ਰ ਟਿੱਕੀ ਹੋਈ ਹੈ । ਇਹ ਨਤੀਜੇ ਇਹ ਵੀ ਪ੍ਰਤੱਖ ਕਰ ਰਹੇ ਹਨ ਕਿ ਸੰਸਾਰ ਪੱਧਰ ਤੇ ਜਿੰਨੇ ਵੀ ਤਾਨਾਸ਼ਾਹ ਹੁਕਮਰਾਨ ਅਤੇ ਹਕੂਮਤਾਂ ਹਨ, ਉਨ੍ਹਾਂ ਦੀਆਂ ਜਨਤਾ ਵਿਰੋਧੀ ਅਮਲਾਂ ਦੀ ਬਦੌਲਤ ਸੰਸਾਰ ਪੱਧਰ ਤੇ ਤਾਨਾਸ਼ਾਹੀ ਸੋਚ ਨੂੰ ਖਤਮ ਕਰਨ ਦੀ ਕੌਮਾਂਤਰੀ ਸੋਚ ਪ੍ਰਫੁੱਲਿਤ ਹੋ ਰਹੀ ਹੈ । ਜਿਸਦੇ ਦੂਰਅੰਦੇਸ਼ੀ ਪ੍ਰਭਾਵ ਇੰਡੀਆਂ ਉਤੇ ਹਕੂਮਤ ਕਰ ਰਹੇ ਮੁਹੰਮਦ ਤੁਗਲਕ ਦੀ ਤਰ੍ਹਾਂ ਦਿਸ਼ਾਹੀਣ ਬੇਨਤੀਜੇ ਅਮਲ ਕਰਨ ਵਾਲੇ, ਘੱਟ ਗਿਣਤੀ ਕੌਮਾਂ ਦੇ ਵਿਧਾਨਿਕ ਤੇ ਸਮਾਜਿਕ ਹੱਕਾਂ ਨੂੰ ਕੁੱਚਲਣ ਵਾਲੇ ਸ੍ਰੀ ਮੋਦੀ ਵਰਗੇ ਤਾਨਾਸ਼ਾਹ ਅਤੇ ਤਾਨਾਸ਼ਾਹ ਹਕੂਮਤ ਉਤੇ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵਰਗੇ ਵੱਡੇ ਮੁਲਕ ਵਿਚ ਉਥੋਂ ਦੇ ਪ੍ਰੈਜੀਡੈਟ ਦੀ ਚੋਣ ਦੀ ਪ੍ਰਕਿਰਿਆ ਦੇ ਆ ਰਹੇ ਨਤੀਜਿਆ ਉਤੇ ਅਤੇ ਸੰਸਾਰ ਵਿਚ ਤਾਨਾਸ਼ਾਹੀ ਸੋਚ ਨੂੰ ਖ਼ਤਮ ਕਰਨ ਵੱਲ ਵੱਧ ਰਹੇ ਕਦਮਾਂ ਤੇ ਅਮਲਾਂ ਉਤੇ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਅਤੇ ਸੰਸਾਰ ਦੇ ਤਾਨਾਸ਼ਾਹਾਂ ਨੂੰ ਆਪੋ-ਆਪਣੇ ਮੁਲਕਾਂ ਦੇ ਬਸਿੰਦਿਆਂ ਦੀ ਹਰ ਪੱਖੋ ਬਿਹਤਰੀ ਕਰਨ ਅਤੇ ਜ਼ਬਰ-ਜੁਲਮ ਨੂੰ ਪੂਰਨ ਰੂਪ ਵਿਚ ਬੰਦ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕੌਮਾਂਤਰੀ ਵਰਤਾਰੇ ਉਤੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਇੰਡੀਆਂ ਦੇ ਬਿਹਾਰ ਸੂਬੇ ਵਿਚ ਹੋ ਰਹੀਆ ਸੂਬੇ ਦੀਆਂ ਚੋਣਾਂ ਅਤੇ ਹੋਰ ਸੂਬਿਆਂ ਵਿਚ ਹੋ ਰਹੀ ਜਿਮਨੀ ਚੋਣ ਲਈ ਪਈਆ ਵੋਟਾਂ ਦੀ ਜੋ ਲੋਕ ਰਾਇ ਸਾਹਮਣੇ ਆ ਰਹੀ ਹੈ ਉਹ ਇੰਝ ਜਾਪਦਾ ਹੈ ਕਿ ਬਿਹਾਰ ਵਿਚ ਵੀ ਅਤੇ ਜਿਮਨੀ ਚੋਣ ਵਿਚ ਵੀ ਇੰਡੀਆ ਦੇ ਤਾਨਾਸ਼ਾਹ ਸੋਚ ਦੇ ਮਾਲਕਾਂ ਦੀ ਪਿੱਠ ਲੱਗਣ ਵਾਲੀ ਹੈ । ਜੇਕਰ ਅਜਿਹਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਹੋਰ ਸੂਬਿਆਂ ਵਿਚ ਹੋਣ ਵਾਲੀਆ ਅਸੈਬਲੀ ਚੋਣਾਂ ਵਿਚ ਵੀ ਤਾਨਾਸ਼ਾਹੀ ਸੋਚ ਵਿਰੁੱਧ ਫੈਸਲੇ ਹੋਣ ਦੀ ਗੱਲ ਪ੍ਰਤੱਖ ਰੂਪ ਵਿਚ ਸਾਹਮਣੇ ਆਵੇਗੀ । ਕਿਉਂਕਿ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਮੋਦੀ ਅਤੇ ਉਸਦੇ ਸਾਥੀ ਇਥੋਂ ਦੇ ਕਿਸਾਨਾਂ, ਖੇਤ-ਮਜ਼ਦੂਰਾਂ, ਛੋਟੇ ਵਪਾਰੀਆ, ਕਾਰੋਬਾਰੀਆਂ, ਟਰਾਸਪੋਰਟਰਾਂ ਆਦਿ ਵਰਗਾਂ ਦੇ ਹੱਕਾਂ ਨੂੰ ਕੁੱਚਲਕੇ ਅਡਾਨੀ, ਅੰਬਾਨੀ ਵਰਗੇ ਖਰਬਾਪਤੀ ਧਨਾਢਾਂ ਤੇ ਕਾਰਪੋਰੇਟ ਘਰਾਣਿਆ ਦੇ ਹਿੱਤਾ ਦੀ ਹੀ ਪੂਰਤੀ ਕਰ ਰਹੇ ਹਨ । ਮੋਦੀ ਨੇ ਆਪਣੀ ਜਾਲਮਨਾਂ ਸੋਚ ਤੇ ਨੀਤੀ ਨੂੰ ਕਸ਼ਮੀਰ ਵਿਚ ਲਾਗੂ ਕਰਕੇ ਉਨ੍ਹਾਂ ਦੀ ਵਿਧਾਨ ਅਨੁਸਾਰ ਮਿਲੀ ਖੁਦਮੁਖਤਿਆਰੀ ਆਰਟੀਕਲ 370, ਧਾਰਾ 35ਏ ਨੂੰ ਕਸ਼ਮੀਰੀਆਂ ਦੀ ਰਾਏ ਵਿਰੁੱਧ ਖ਼ਤਮ ਕੀਤਾ । ਫਿਰ ਫ਼ੌਜ ਤੇ ਫੋਰਸਾਂ ਲਗਾਕੇ ਕਸ਼ਮੀਰ ਤੇ ਜੰਮੂ ਵਿਚ ਲਾਇਨ ਖਿੱਚਣ ਅਤੇ ਇਨ੍ਹਾਂ ਨੂੰ ਯੂ.ਟੀ. ਬਣਾਉਣ ਦੀ ਲੋਕ ਵਿਰੋਧੀ ਗੁਸਤਾਖੀ ਕੀਤੀ । ਇਸੇ ਤਰ੍ਹਾਂ ਅਸਾਮ ਵਿਚ ਘੱਟ ਗਿਣਤੀ ਮੁਸਲਿਮ ਕੌਮ ਦੇ 19 ਲੱਖ 60 ਹਜ਼ਾਰ ਮੁਸਲਮਾਨਾਂ ਨੂੰ ਆਪਣੇ ਸਰਕਾਰੀ ਤਸੱਦਦ ਕੈਪਾਂ ਵਿਚ ਕੈਦ ਕਰਕੇ ਜ਼ਬਰ ਢਾਹਿਆ ਜਾ ਰਿਹਾ ਹੈ । ਇਸੇ ਜ਼ਾਬਰ ਸੋਚ ਤੇ ਚੱਲਦਿਆ ਬਿਹਾਰ ਵਿਚ ਬੀਜੇਪੀ ਤੇ ਹੋਰਨਾਂ ਪਾਰਟੀਆਂ ਨੇ ਕਿਸੇ ਵੀ ਮੁਸਲਮਾਨ ਨੂੰ ਇਕ ਵੀ ਸੀਟ ਨਹੀਂ ਦਿੱਤੀ । ਜਿਸਦੀ ਬਦੌਲਤ ਸਮੁੱਚੇ ਇੰਡੀਆ ਵਿਚ ਭਾਵੇ ਉਹ ਕਿਸੇ ਵੀ ਵਰਗ ਨਾਲ ਸੰਬੰਧਤ ਹੋਵੇ, ਮੋਦੀ ਤਾਨਾਸ਼ਾਹ ਹਕੂਮਤ ਵਿਰੁੱਧ ਵੱਡਾ ਰੋਹ ਵੀ ਪੈਦਾ ਹੋ ਰਿਹਾ ਹੈ ਅਤੇ ਇਸ ਜਾਬਰ ਤੇ ਜਾਲਮ ਹਕੂਮਤ ਵਿਰੁੱਧ ਇਥੋਂ ਦੇ ਨਿਵਾਸੀ ਸਿਰਧੜ ਦੀ ਬਾਜੀ ਲਗਾਉਣ ਤੇ ਇਨ੍ਹਾਂ ਤਾਨਾਸ਼ਾਹ ਤਾਕਤਾਂ ਨੂੰ ਦਫਨਾਉਣ ਲਈ ਦ੍ਰਿੜ ਹੋ ਚੁੱਕੇ ਹਨ ।
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਡੋਨਾਲਡ ਟਰੰਪ ਆਪਣੇ ਹਮਖਿਆਲ ਤਾਨਾਸ਼ਾਹ ਮੋਦੀ ਨੂੰ ਮਦਦ ਕਰ ਰਹੇ ਹਨ । ਜਦੋਂ ਸ੍ਰੀ ਮੋਦੀ ਬੀਤੇ ਸਮੇਂ ਵਿਚ ਅਮਰੀਕਾ ਦੇ ਟੈਕਸਾਸ ਵਿਚ ਗਏ ਤਾਂ ਸ੍ਰੀ ਟਰੰਪ ਨੇ ਉਸਦੇ ਲਈ ਵੱਡਾ ਪ੍ਰਬੰਧ ਕੀਤਾ । ਇਸੇ ਤਰ੍ਹਾਂ ਜਦੋਂ ਸ੍ਰੀ ਟਰੰਪ ਇੰਡੀਆਂ ਆਏ ਤਾਂ ਸ੍ਰੀ ਮੋਦੀ ਨੇ ਉਸਦੀ ਆਮਦ ਤੇ ਬਹੁਤ ਵੱਡਾ ਇਕੱਠ ਤੇ ਹੋਰ ਪ੍ਰਬੰਧ ਕੀਤੇ । ਇਹੀ ਵਜਹ ਹੈ ਕਿ ਅਮਰੀਕਾ ਵਿਚ ਵੀ ਤੇ ਇੰਡੀਆ ਵਿਚ ਵੀ ਤਾਨਾਸ਼ਾਹ ਅਮਲ ਆਪਣੀ ਮੌਤੇ ਆਪ ਮਰ ਰਹੇ ਹਨ । ਦੂਸਰਾ ਬਰਤਾਨੀਆ ਦੀ ਸ੍ਰੀ ਬੋਰਿਸ ਜੋਹਨਸਨ ਹਕੂਮਤ ਦੇ ਵੀ ਸ੍ਰੀ ਟਰੰਪ ਨਾਲ ਚੰਗੇ ਸੰਬੰਧ ਹਨ, ਪਰ ਅਮਰੀਕਾ ਦੇ ਆਉਣ ਵਾਲੇ ਨਤੀਜਿਆ ਉਤੇ ਬਰਤਾਨੀਆ ਨੇ ਕੌਮਾਂਤਰੀ ਹਾਲਾਤਾਂ ਨੂੰ ਵੇਖਦਿਆ ਹੋਇਆ ਚੁੱਪੀ ਧਾਰੀ ਹੋਈ ਹੈ ਇਸ ਚੋਣ ਦੇ ਨਾ ਤਾਂ ਪੱਖ ਵਿਚ ਕੁਝ ਕਹਿ ਰਹੀ ਹੈ ਅਤੇ ਨਾ ਹੀ ਵਿਰੋਧ ਵਿਚ ਕੁਝ ਕਹਿ ਰਹੀ ਹੈ । ਜੋ ਤਾਨਾਸ਼ਾਹੀ ਹਕੂਮਤਾਂ ਤੇ ਤਾਨਾਸ਼ਾਹੀ ਸੋਚ ਵਿਰੁੱਧ ਸੰਸਾਰਿਕ ਤਬਦੀਲੀ ਆਉਣ ਦੇ ਸੰਕੇਤ ਦੇ ਰਹੇ ਹਨ । ਅਜਿਹੇ ਅਮਲ ਅਮਨ-ਚੈਨ ਚਾਹੁੰਣ ਵਾਲਿਆ ਤੇ ਹਰ ਤਰ੍ਹਾਂ ਦੀ ਜਮਹੂਰੀਅਤ ਨੂੰ ਪਸ਼ੰਦ ਕਰਨ ਵਾਲੇ ਸੰਸਾਰ ਦੇ ਨਿਵਾਸੀਆ ਲਈ ਅੱਛਾ ਸੰਦੇਸ਼ ਲੈਕੇ ਆਉਣਗੇ ।