ਵਾਸ਼ਿੰਗਟਨ – ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਜੋ ਨਤੀਜੇ ਸਾਹਮਣੇ ਆ ਰਹੇ ਹਨ, ਉਨ੍ਹਾਂ ਤੋਂ ਤਾਂ ਇਹੀ ਸਾਬਿਤ ਹੁੰਦਾ ਹੈ ਕਿ ਜੋ ਬਾਈਡਨ ਦਾ ਰਾਸ਼ਟਰਪਤੀ ਬਣਨਾ ਤੈਅ ਹੈ। ਹੁਣ ਤੱਕ ਦੇ ਨਤੀਜਿਆਂ ਅਨੁਸਾਰ ਟਰੰਪ ਨੂੰ 213 ਅਤੇ ਜੋ ਬਾਈਡਨ ਨੂੰ 253 ਇਲੈਕਟਰੋਲ ਵੋਟ ਮਿਲੇ ਹਨ। ਰਾਸ਼ਟਰਪਤੀ ਬਣਨ ਲਈ 270 ਦਾ ਅੰਕੜਾ ਪ੍ਰਾਪਤ ਕਰਨਾ ਜਰੂਰੀ ਹੈ। ਟਰੰਪ ਆਪਣੀ ਹਾਰ ਨੂੰ ਵੇਖਦੇ ਹੋਏ ਬੁਖਲਾਇਆ ਹੋਇਆ ਹੈ ਅਤੇ ਜੋ ਵੀ ਮੂੰਹ ਵਿੱਚ ਆਉਂਦਾ ਹੈ, ਬੋਲੀ ਜਾ ਰਿਹਾ ਹੈ।
ਜੋ ਬਾਈਡਨ ਨੇ ਟਰੰਪ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗੁੱਸਾ ਛੱਡ ਕੇ ਆਪਣੇ ਆਪ ਨੂੰ ਨਾਰਮਲ ਕਰਨ। ਉਨ੍ਹਾਂ ਅਨੁਸਾਰ ਅਸੀਂ ਵਿਰੋਧੀ ਤਾਂ ਹੋ ਸਕਦੇ ਹਾਂ ਪਰ ਇੱਕ- ਦੂਸਰੇ ਦੇ ਦੁਸ਼ਮਣ ਨਹੀਂ ਹਾਂ। ਅਸੀਂ ਸੱਭ ਅਮਰੀਕਨ ਹਾਂ। ਬਾਈਡਨ ਨੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀ ਜਿੱਤ ਵੱਲ ਵੱਧ ਰਹੇ ਹਾਂ। ਦੇਸ਼ ਚਾਹੁੰਦਾ ਹੈ ਕਿ ਅਸੀਂ ਇੱਕਜੁੱਟ ਹੋ ਕੇ ਅੱਗੇ ਵਧੀਏ। ਉਨ੍ਹਾਂ ਨੇ ਆਪਣੇ ਸਮੱਰਥਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ।