ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਲਲਕਾਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਸਨਮੁੱਖ ਰੋਸ ਧਰਨਾ ਦੇ ਕੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਜਿਸ ਦਰ ’ਤੇ ਸੀਸ ਝੁਕਾਉਣ ਨਾਲ ਹਉਮੈ ਹੰਕਾਰ ਦੂਰ ਹੁੰਦਾ ਹੈ, ਜਿੱਥੇ ਅੰਮ੍ਰਿਤ ਬਾਣੀ ਦਾ ਕੀਰਤਨ ਸੁਣਕੇ ਸੰਗਤਾਂ ਆਤਮਿਕ ਆਨੰਦ ਪ੍ਰਾਪਤ ਕਰਦੀਆਂ ਹਨ ਉੱਥੇ ਪਹਿਲੀ ਵਾਰ ’’ਜ਼ਿੰਦਾਬਾਦ -ਮੁਰਦਾਬਾਦ’’ ਦੇ ਨਾਅਰਿਆਂ ਨਾਲ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। ਭਾਈ ਰਣਜੀਤ ਸਿੰਘ ਦਾ ਅਜਿਹਾ ਕਰਨ ਪਿੱਛੇ ਮਕਸਦ ਭਾਵੇਂ ਗ਼ਾਇਬ ਹੋਏ ਪਾਵਨ ਸਰੂਪਾਂ ਅਤੇ ਕੇਂਦਰੀ ਹਕੂਮਤ ਵੱਲੋਂ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ਵਿਚੋਂ ਉਠਾ ਲਏ ਗਏ ਪਾਵਨ ਸਰੂਪ, ਸਿੱਖ ਰੈਫਰੰਸ ਲਾਇਬਰੇਰੀ ਦਾ ਅਨਮੋਲ ਖ਼ਜ਼ਾਨਾ ਆਦਿ ਬਾਰੇ ਜਵਾਬ ਚਾਹੁੰਦੇ ਹੋਣ। ਉਨ੍ਹਾਂ ਦੇ ਸਵਾਲਾਂ ਅਤੇ ਸ਼ੰਕੇ ਜਾਇਜ਼ ਮੰਨੇ-ਗਿਣੇ ਜਾ ਸਕਦੇ ਹਨ,ਜਿੱਥੇ ਜਿੱਥੇ ਵੀ ਮਹਾਰਾਜ ਦੇ ਪਾਵਨ ਸਰੂਪ ਪਹੁੰਚਾਏ ਗਏ ਜਾਂ ਗਏ ਹਨ ਉਹ ਸੂਚੀ ਹੁਣ ਤੱਕ ਨਸ਼ਰ ਕਰ ਦੇਣ ਦੀ ਹਰ ਕੋਈ ਵਕਾਲਤ ਕਰੇਗਾ। ਭਾਵੇਂ ਕਿ ਪਾਵਨ ਸਰੂਪਾਂ ਦਾ ਇਹ ਮਾਮਲਾ ਬੇਅਦਬੀ ਦੀ ਘਟਨਾ ਨਾ ਹੋ ਕੇ ਪ੍ਰਸ਼ਾਸਨਿਕ ਕੁਤਾਹੀ ਦਾ ਹੈ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿਸ ਦਰ ਤੋਂ ਅਰਦਾਸਾ ਸੋਧ ਕੇ ਵੈਰੀ ’ਤੇ ਹਲਾ ਬੋਲਿਆ ਜਾਂਦਾ ਰਿਹਾ ਉਸੇ ਦਰ ਵਲ ਕੁਝ ਆਪਣਿਆਂ ਵੱਲੋਂ ਹੀ ਧਾੜਵੀ ਬਣ ਕੇ ਧਾਵਾ ਬੋਲਦਿਆਂ ਕਿਸੇ ਕੋਲੋਂ ਜਵਾਬ ਤਲਬੀ ਲਈ ਆਉਣਾ ਪੰਥਕ ਰਵਾਇਤਾਂ ਦੇ ਪ੍ਰਤੀਕੂਲ ਹੈ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਧਰਨਾ ਲਾਈ ਬੈਠੇ ਆਪਣੇ ਹਮਖ਼ਿਆਲੀ ਅਖੌਤੀ ਸਤਿਕਾਰ ਕਮੇਟੀ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੁਝ ਦਿਨ ਪਹਿਲਾਂ ਖਦੇੜ ਦਿੱਤੇ ਜਾਣ ਕਾਰਨ ਭੜਕਾਹਟ ’ਚ ਨਾ ਕੇਵਲ ਅਜਿਹਾ ਫ਼ੈਸਲਾ ਲਿਆ ਸਗੋਂ ਮਰਿਆਦਾ ਤੋੜਦਿਆਂ ਸਤਿਕਾਰ ਦੇ ਹੱਕਦਾਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਅਤੇ ਸ਼ਾਖ ਨੂੰ ਢਾਅ ਲਾਉਂਦਿਆਂ ਉਨ੍ਹਾਂ ਨੂੰ ਪੇਸ਼ ਹੋਣ ਭਾਵ ਤਲਬ ਕਰਨ ਤਕ ਦੀ ਗੁਸਤਾਖ਼ੀ ਕਰ ਵਿਖਾਈ। ਅਖੌਤੀ ਸਤਿਕਾਰ ਕਮੇਟੀ ਵਾਲਿਆਂ ਨੂੰ ਖਦੇੜੇ ਜਾਣ ਬਾਅਦ ਹਲੀਮੀ ਨੂੰ ਦਰਕਿਨਾਰ ਕਰਦਿਆਂ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਲਕਾਰਨਾ ਸਪਸ਼ਟ ਕਰਦਾ ਹੈ ਕਿ ਉਹ ਟਕਰਾਅ ਚਾਹੁੰਦਾ ਹੈ। ਅਜਿਹਾ ਕਰਦਿਆਂ ਉਹ ਨਾ ਕੇਵਲ ਨਫ਼ਰਤ ਫੈਲਾ ਰਿਹਾ ਹੈ ਸਗੋਂ ਭਰਾ ਮਾਰੂ ਖ਼ਾਨਾ-ਜੰਗੀ ਨੂੰ ਖੁੱਲ ਕੇ ਸੱਦਾ ਵੀ ਦੇ ਰਿਹਾ ਹੈ।
ਭਾਈ ਰਣਜੀਤ ਸਿੰਘ ਜੋ ਕਿ ਪੰਥਕ ਰਵਾਇਤਾਂ, ਮਰਿਆਦਾ ਤੇ ਸਿੱਖੀ ਸਿਧਾਂਤਾਂ ਤੋਂ ਪੂਰੀ ਤਰਾਂ ਜਾਣੂੰ ਹੋਣ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਤਕ ਰੋਸ ਮਾਰਚ ਕਰਦਿਆਂ ਧਰਨਾ ਲਾਉਣ ਦੀ ਇਕ ਨਵੀਂ ਪਰ ਗ਼ਲਤ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜੋ ਕਿ ਇਕ ਸਾਬਕਾ ਜਥੇਦਾਰ ਤੋਂ ਕਦਾਚਿਤ ਕਿਸੇ ਨੂੰ ਇਹ ਆਸ ਨਹੀਂ ਸੀ।
ਬੇਸ਼ੱਕ ਪਿਛਲੇ ਦੋ ਦਹਾਕਿਆਂ ਤੋਂ ਭਾਈ ਰਣਜੀਤ ਸਿੰਘ ਅਕਾਲੀ ਦਲ ਦੇ ਸੁਪਰੀਮੋ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਜਾਤੀ ਤੌਰ ’ਤੇ ਭਿੜਦਾ ਆ ਰਿਹਾ ਹੈ। ਉਹ ਬਾਦਲ ਫੋਬੀਆ ਦੇ ਲਾ-ਇਲਾਜ ਬਿਮਾਰੀ ਨਾਲ ਗ੍ਰਹਿਸਤ ਹੋ ਕੇ ਬਾਦਲ- ਬਾਦਲ ਤੇ ਕੇਵਲ ਬਾਦਲ ਹੀ ਕੂਕ ਰਿਹਾ ਹੈ। ਸ੍ਰੋਮਣੀ ਕਮੇਟੀ ’ਚ ਪ੍ਰਸ਼ਾਸਨਿਕ ਖ਼ਾਮੀਆਂ ਦੂਰ ਕਰਨ ਦੀ ਭਾਈ ਰਣਜੀਤ ਸਿੰਘ ਇੱਛਾ ਰੱਖਦੇ ਹਨ ਤਾਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੇੜ ਭਵਿੱਖ ’ਚ ਆਉਣ ਵਾਲੀਆਂ ਹਨ, ਮੈਦਾਨ ’ਚ ਮਰਦਾਂ ਵਾਂਗ ਨਿੱਤਰ ਕੇ ਟੱਕਰ ਲੈ ਲਵੇ । ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਅੱਗੇ ਧਰਨੇ ਲਾਉਣ ਦਾ ਡਰਾਮਾ ਕਰਨ ਦੀ ਕੀ ਜ਼ਰੂਰਤ । ਸਵਾਰਥੀ ਰਾਜਨੀਤਕ ਹਿਤ ਪੂਰਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ’ਤੇ ਸਿਆਸਤ ਕਰਨ ਅਤੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਚੋਣ ਤੋਂ ਗੁਰੇਜ਼ ਕਿਉਂ ਨਹੀਂ?
ਨਿਰੰਕਾਰੀ ਮੁਖੀ ਨੂੰ ਸੋਧਣ ਵਰਗੇ ਵੱਡੇ ਕੌਮੀ ਕਾਰਜ ਲਈ ਸਿੱਖ ਪੰਥ ’ਚ ਭਾਈ ਰਣਜੀਤ ਸਿੰਘ ਦਾ ਸਤਿਕਾਰ ਹੈ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਪ੍ਰਤੀ ’’ਬਾਦਲਾਂ ਦਾ ਗੜਵਈ’’ ਕਹਿਣਾ ਸਾਬਕਾ ਜਥੇਦਾਰ ਨੂੰ ਸੋਭਾ ਦਾ ਨਹੀਂ। ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਸੰਗਤ ਵੱਲੋਂ ਵੋਟਾਂ ਰਾਹੀਂ ਚੁਣ ਕੇ ਆਏ ਹੋਏ ਹਨ, ਇਨ੍ਹਾਂ ਚੁਣੇ ਹੋਏ ਲੋਕ ਨੁਮਾਇੰਦਿਆਂ ਨੂੰ ’’ਨਰੈਣੂ ਮਹੰਤ’’ ਕਹਿਣਾ ਕਿਥੋਂ ਦਾ ਨਿਆਂ ਹੈ? ਭਾਈ ਰਣਜੀਤ ਸਿੰਘ ਜਿਸ ਸਿਸਟਮ ਨੂੰ ਕੋਸ ਰਿਹਾ ਹੈ ਇਹ ਉਹੀ ਸਿਸਟਮ ਹੈ ਜਿਸ ਨੇ ਉਸ ਦੀ ਉਮਰ ਕੈਦ ਤੋਂ ਬੰਦ ਖ਼ਲਾਸੀ ਸੰਭਵ ਬਣਾਈ। ਕੀ ਭਾਈ ਰਣਜੀਤ ਸਿੰਘ ਇਹ ਭੁੱਲ ਚੁੱਕਿਆ ਹੈ ਕਿ ਜਿਵੇਂ ਅੱਜ ਕਲ ਦੇ ਜਥੇਦਾਰ ਚੁਣੇ ਜਾਂਦੇ ਹਨ ਉਸੇ ਪ੍ਰਕ੍ਰਿਆ ’ਚ ਹੀ ਆਪ ਦੀ ਚੋਣ ਹੋਈ ਸੀ। ਉਹ ਵੀ ਕਿਸੇ ਹੋਰ ਵੱਲੋਂ ਨਹੀਂ ਖ਼ੁਦ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ’ਚ ਬਣੀ ਸ਼੍ਰੋਮਣੀ ਕਮੇਟੀ ਜਿਸ ਦੇ ਪ੍ਰਧਾਨ ਜਥੇ: ਗੁਰਚਰਨ ਸਿੰਘ ਟੌਹੜਾ ਨੇ ਦਿੱਲੀ ਤਿਹਾੜ ਜੇਲ੍ਹ ’ਚ ਉਮਰ ਕੈਦ ਦੀ ਸਜਾ ਭੁਗਤ ਰਹੇ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਦਿਆਂ ਉਸ ਦੀ ਕੁਰਬਾਨੀ ਨੂੰ ਸਿੱਜਦਾ ਕੀਤਾ, ਜ਼ਮਾਨਤ ’ਤੇ ਰਿਹਾਅ ਹੋਣ ’ਤੇ ਤਾਜਪੋਸ਼ੀ ਕੀਤੀ ਗਈ ਅਤੇ ਉਨ੍ਹਾਂ ਦੀ ਸਜ਼ਾ ਮੁਆਫ਼ੀ ਅਤੇ ਪੱਕੀ ਰਿਹਾਈ ਲਈ ਇਨ੍ਹਾਂ ਹੀ ਬਾਦਲਕਿਆਂ ਵੱਲੋਂ ਕੀਤੀ ਗਈ ਪਹਿਲਕਦਮੀ ਨੇ ਆਪ ਨੂੰ ਜੇਲ੍ਹ ਤੋਂ ਬਾਹਰ ਕਢਵਾਇਆ, ਜਿਨ੍ਹਾਂ ਪ੍ਰਤੀ ਭਾਈ ਰਣਜੀਤ ਸਿੰਘ ਅੱਜ ਕਲ ਪੂਰੀ ਤਰਾਂ ਕਿੜ ਕੱਢਣ ’ਚ ਮਸਰੂਫ਼ ਹੈ। ਅਹਿਸਾਨ ਫ਼ਰਾਮੋਸ਼ੀ ਦਾ ਭਾਰ ਕਹਿੰਦੇ ਧਰਤੀ ਵੀ ਨਹੀਂ ਝੱਲਦਾ। ਇਸ ਕਿੜ ਦੀ ਵਜਾ ਬਾਦਲਕਿਆਂ ਵੱਲੋਂ ਉਨ੍ਹਾਂ ਨੂੰ ਜਥੇ: ਟੌਹੜਾ ਦਾ ਪੱਖ ਪੂਰਨ ਕਾਰਨ ਜਥੇਦਾਰੀ ਤੋਂ ਫ਼ਾਰਗ ਕਰਨਾ ਹੋ ਸਕਦਾ ਹੈ। 1998 ’ਚ ਬਾਦਲ ਅਤੇ ਜਥੇ: ਟੌਹੜਾ ਵਿਚ ਆਪਸੀ ਮਤਭੇਦ ਪੈਦਾ ਹੋ ਗਿਆ ਸੀ। ਉਸ ਵਕਤ ਜਥੇ: ਟੌਹੜਾ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਈ ਰੱਖਣ ਲਈ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਨੇ ਇਕ ਹੁਕਮਨਾਮਾ ਜਾਰੀ ਕੀਤਾ ਜਿਸ ’ਚ ਉਨ੍ਹਾਂ ਜਥੇਦਾਰ ਟੌਹੜਾ ਦੇ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਲਈ ਕਿਹਾ। ਪਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਵਲੋਂ ਜਥੇਦਾਰ ਟੌਹੜਾ ਦੇ ਨਾਲ ਨਾਲ ਭਾਈ ਰਣਜੀਤ ਸਿੰਘ ਨੂੰ ਵੀ ਘਰ ਤੋਰ ਦਿੱਤਾ। ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਦੀ ਕਾਰਜਸ਼ੈਲੀ ਦੀ ਖ਼ੂਬ ਅਲੋਚਨਾ ਹੁੰਦੀ ਰਹੀ। ਜਿਸ ਤਖ਼ਤ ਦੀ ਸੇਵਾ ਕਰਨ ਦਾ ਮਾਣ ਭਾਈ ਗੁਰਦਾਸ ਵਰਗੇ ਵਿਦਵਾਨ ਨੂੰ ਦਿੱਤਾ ਜਾਂਦਾ ਹੈ, ਜਿੱਥੇ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਅਕਾਲੀ ਫੂਲਾ ਸਿੰਘ ਵਰਗੇ ਬਹਾਦਰ ਆਗੂ ਸੇਵਾ ਲਈ ਹਾਜ਼ਰ ਰਹੇ ਹੋਣ, ਉੱਥੇ ਨਿਮਰਤਾ ਵਿਹੀਣ, ਬੜਬੋਲੇ, ਗਾਲ੍ਹਾਂ ਦੀ ਭਾਸ਼ਾ ਵਰਤਣ ਸਮਝਣ ਵਾਲੇ ਹੰਕਾਰੀ ਪੁਰਸ਼ ਨੂੰ ਬਿਠਾ ਦਿੱਤਾ ਗਿਆ।
ਹਕੂਮਤ ਵੀ ਆਪਣੇ ਹੱਥ ਠੋਕਿਆਂ ਨੂੰ ਵਰਤ ਕੇ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਚਾਹੁੰਦੀ ਹੈ। ਕੀ ਭਾਈ ਰਣਜੀਤ ਸਿੰਘ ਦੀ ਅਕਾਂਖਿਆ ਪੂਰਤੀ ਲਈ ਹਕੂਮਤ ਵੱਲੋਂ ਉਸ ਨੂੰ ਸੰਦ ਵਜੋਂ ਨਹੀਂ ਵਰਤਿਆ ਜਾ ਰਿਹਾ? ਕਿਉਂਕਿ ਉਹ ਅੱਜ ਕੱਲ੍ਹ ਕਾਂਗਰਸ ਦੀ ਬੋਲੀ ਬੋਲ ਰਹੇ ਸਾਫ਼ ਵਿਖਾਈ ਦੇ ਰਿਹਾ ਹੈ । ਕਾਂਗਰਸ ਦੇ ਰਾਜ ਵਿੱਚ ਹੋ ਰਹੀਆਂ ਬੇਅਦਬੀਆਂ ਬਾਰੇ ਉਹ ਕੋਈ ਸਟੈਂਡ ਨਹੀਂ ਲੈ ਰਿਹਾ। ਬੀਤੇ ਦਿਨੀਂ ਫ਼ਤਿਹਗੜ੍ਹ ਸਾਹਿਬ ਅਤੇ ਦੇਵੀ ਨਗਰ ਵਿਖੇ ਹੋਈਆਂ ਬੇਅਦਬੀਆਂ ਵਾਲੇ ਸਥਾਨਾਂ ’ਤੇ ਪਹੁੰਚਣਾ ਤਾਂ ਦੂਰ ਨੋਟਿਸ ਲੈਣਾ ਵੀ ਉਸ ਨੇ ਜ਼ਰੂਰੀ ਨਹੀਂ ਸਮਝਿਆ। ਜਦੋਂ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਤੁਰੰਤ ਪਹੁੰਚ ਕੀਤੀ। ਕੀ ਉਸ ਦਾ ਗੁਪਤ ਏਜੰਡਾ ਜਾਂ ਮਕਸਦ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਹੱਥੋਂ ਖੋਹ ਕੇ ਕਾਂਗਰਸ ਦੇ ਹੱਥਾਂ ਵਿੱਚ ਦੇਣ ਨਾਲ ਹੈ। ਅਖੌਤੀ ਸਤਿਕਾਰ ਕਮੇਟੀਆਂ ਦੇ ਕਈ ਨੁਮਾਇੰਦੇ ਧਰਨੇ ਤੋਂ ਖਦੇੜੇ ਜਾਣ ਉਪਰੰਤ ਕਾਂਗਰਸ ਦੇ ਇਕ ਨਾਮਵਰ ਸਾਬਕਾ ਮੰਤਰੀ ਦੇ ਘਰ ਭੋਜਨ ਕਰਦੇ ਵੇਖੇ ਗਏ। ਜੋ ਕਿ ਇਹਨਾਂ ਤੱਤਾਂ ਦੀਆਂ ਤਾਰਾਂ ਕਾਂਗਰਸ ਦੇ ਹੱਥਾਂ ’ਚ ਹੋਣ ਦਾ ਸਬੂਤ ਹੈ। ਅਤੀਤ ਗਵਾਹੀ ਦੇ ਰਿਹਾ ਹੈ ਕਿ ਕਿਸੇ ਦਾ ਵੀ ਗੁਰਧਾਮਾਂ ’ਤੇ ਕਬਜ਼ਾ ਸੰਭਵ ਨਹੀਂ ਹੋ ਸਕਿਆ। ਸਦੀਆਂ ਤੱਕ ਮੁਗ਼ਲ ਹਕੂਮਤਾਂ ਅਤੇ ਫਿਰ ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ। ਕਾਂਗਰਸ ਵੱਲੋਂ 1954, 1960,ਅਤੇ ਇਸ ਤੋ ਬਾਅਦ ਕਈ ਵਾਰ ਅਖੌਤੀ ਪੰਥਕ ਮੋਰਚੇ ਬਣਾਏ ਗਏ ਅਤੇ ਹਰ ਵਾਰ ਸਿੱਖ ਸੰਗਤਾਂ ਤੋਂ ਮੂੰਹ ਦੀ ਖਾਣੀ ਪਈ। ਪਿਛਲੀ ਵਾਰ ਸਤੰਬਰ 2011 ‘ਚ ਹੋਈਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੀ ਅਗਵਾਈ ਵਾਲੇ ਸੰਤ ਸਮਾਜ ਨੇ ਵਡੀ ਜਿੱਤ ਹਾਸਲ ਕੀਤੀ ।
ਸ੍ਰੀ ਦਰਬਾਰ ਸਾਹਿਬ ਹਦੂਦ ਅੰਦਰ ਧਰਨਿਆਂ ਦੀ ਥਾਂ ਚੰਗਾ ਹੁੰਦਾ ਭਾਈ ਰਣਜੀਤ ਸਿੰਘ ਉਸਾਰੂ ਰਾਜਨੀਤੀ ਕਰਦੇ। ਵਿਰੋਧਾਭਾਸ ਰੱਖਦਿਆਂ ਵੀ ਧਰਮ ਪ੍ਰਚਾਰ ਦੇ ਖੇਤਰ ਵਿਚ ਸਰਗਰਮ ਹੁੰਦੇ ਤਾਂ ਇਜਤਮਾਣ ਤੇ ਸਤਿਕਾਰ ਹੁੰਦਾ। ਪਰ ਉਨ੍ਹਾਂ ਧਰਮ ਦੀ ਆੜ ’ਚ ਰਾਜਨੀਤੀ ਦੇ ਖੇਤਰ ਵਿਚ ਪੈਰ ਰੱਖਿਆ, ਉਹ ਵੀ ਝੂਠ ਦੀ ਰਾਜਨੀਤੀ ’ਚ। ਉਸ ਕੋਲ ਵਿਰੋਧੀਆਂ ਲਈ ਭੱਦੀ ਸ਼ਬਦਾਵਲੀ ਤੇ ਝੂਠੇ ਅੰਕੜੇ ਹਨ। ਕਿਸੇ ਨੂੰ ਮੰਦਾ ਬੋਲਣਾ ਕੱਦਾਵਰ ਅਤੇ ਜਥੇਦਾਰੀ ਹੰਢਾ ਚੁੱਕੇ ਵਿਅਕਤੀ ਨੂੰ ਸੋਭਦਾ ਨਹੀਂ ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਮੰਦੇ ਬੋਲ ਕਿਸੇ ਈਰਖਾਲੂ ਅਤੇ ਸੜਿਆ ਹੋਇਆ ਬੰਦਾ ਬੋਲ ਰਿਹਾ ਹੈ। ਭਾਈ ਰਣਜੀਤ ਸਿੰਘ ਲਈ ਆਪਣਾ ਖੁੱਸਿਆ ਵੱਕਾਰ ਅਤੇ ਚੌਧਰ ਭਾਲਣੀ ਮਾੜੀ ਗਲ ਨਹੀਂ ਪਰ ਆਪਣੀ ਦੁਕਾਨਦਾਰੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਸਿਆਸਤ, ਇਹ ਕਿਧਰ ਦੀ ਪੰਥ ਪ੍ਰਸਤੀ ਹੈ? ਸੋ ਭਾਈ ਰਣਜੀਤ ਸਿੰਘ ਨੂੰ ਇਸ ਪ੍ਰਤੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ।
–