ਪੰਜਾਬੀ ਮਾਂ-ਬੋਲੀ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਅਮੀਰ ਹੈ ਜਦਕਿ ਵਰਤਮਾਨ ਦੀ ਸਥਿਤੀ ਨੂੰ ਵੇਖਦਿਆਂ ਸਾਨੂੰ ਪੰਜਾਬੀ ਜ਼ੁਬਾਨ ਦਾ ਪ੍ਰਸਾਰ ਅਤੇ ਪ੍ਰਚਾਰ 150 ਮੁਲਕਾਂ ’ਚ ਵਸਦੇ 14 ਕਰੋੜ ਪੰਜਾਬੀਆਂ ’ਚ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਪ੍ਰਤੀ ਚੇਤੰਨਤਾ ਪੈਦਾ ਕਰਨ ਦੀ ਲੋੜ ਹੈ। ਪੰਜਾਬ ਦੀ ਵਿਰਾਸਤ ਦੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਭਾਸ਼ਾ ਦੇ ਵਪਾਰੀਕਰਨ ਅਤੇ ਧਰਮੀਕਰਨ ਤੋਂ ਮਾਂ ਬੋਲੀ ਨੂੰ ਬਚਾਉਣਾ ਸੱਭ ਤੋਂ ਅਹਿਮ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਿੱਖਿਆ ਸ਼ਾਸਤਰੀ, ਲੇਖਕ, ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬੀ ਸਪਤਾਹ ਨੂੰ ਸਮਰਪਿਤ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਕੀਤਾ।’ਪੰਜਾਬੀ ਭਾਸ਼ਾ ਅਤੇ ਸੱਭਿਆਚਾਰ: ਵਿਸ਼ਵਵਿਆਪੀ ਪ੍ਰਸਾਰ ਅਤੇ ਪ੍ਰਫੁੱਲਤਾ’ ਵਿਸ਼ੇ ’ਤੇ ਹੋਈ ਵਿਚਾਰ ਚਰਚਾ ਦੌਰਾਨ ਉੱਘੇ ਸਿੱਖਿਆ ਸ਼ਾਸਤਰੀਆਂ, ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ ਨੇ ਪੰਜਾਬੀ ਜ਼ੁਬਾਨ ਦਾ ਪ੍ਰਚਾਰ ਅਤੇ ਪ੍ਰਸਾਰ ਸਬੰਧੀ ਡੂੰਘੀਆਂ ਅਤੇ ਪ੍ਰਭਾਵਸ਼ਾਲੀ ਵਿਚਾਰਾਂ ਸਾਂਝੀਆਂ ਕੀਤੀਆਂ। ਇਸ ਵਿਚਾਰ ਚਰਚਾ ਵਿੱਚ ਉੱਘੇ ਸਿੱਖਿਆ ਸ਼ਾਸ਼ਤਰੀ, ਗਲਪਕਾਰ ਅਤੇ ਲੋਕ ਧਾਰਾ ਵਿਗਿਆਨੀ ਡਾ. ਜੋਗਿੰਦਰ ਸਿੰਘ ਕੈਰੋਂ, ਨਾਵਲਕਾਰ, ਕਵੀ, ਆਲੋਚਕ ਡਾ. ਮਨਮੋਹਨ ਅਤੇ ਫ਼ਿਲਮ ਨਿਰਦੇਸ਼ਕ, ਨਾਟਕਕਾਰ, ਰੰਗਕਰਮੀ ਪਾਲੀ ਭੁਪਿੰਦਰ ਸਿੰਘ, ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ.ਚਾਂਸਲਰ ਡਾ. ਆਰ. ਐਸ.ਬਾਵਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਜਦਕਿ ਪ੍ਰਸਿੱਧ ਕਵੀ, ਵਿਅੰਗਕਾਰ ਅਤੇ ਟੈਲੀਵਿਜ਼ਨ ਕਲਾਕਾਰ ਡਾ. ਨਿਰਮਲ ਜੌੜਾ ਨੇ ਮੰਚ ਸੰਚਾਲਕ ਵਜੋਂ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਡਾ. ਸਤੀਸ਼ ਕੁਮਾਰ ਵਰਮਾ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਚਾਰ ਸਬੰਧੀ ਸੰਜ਼ੀਦਗੀ ਨਾਲ ਵਿਚਾਰ ਰੱਖਦਿਆਂ ਕਿਹਾ ਕਿ ਸਾਨੂੰ ਤਾਰਤਿਕ ਪੱਧਰ ’ਤੇ ਸੋਚਦੇ ਹੋਏ ਵਿਸ਼ਵਵਿਆਪੀ ਪੱਧਰ ’ਤੇ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਦੇ ਦਿ੍ਰਸ਼ ਨੂੰ ਪ੍ਰਫੁੱਲਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਮਿਆਂ ਦੌਰਾਨ ਹੋਈਆਂ ਭੰਗੋਲਿਕ ਵੰਡਾਂ ਨੇ ਪੰਜਾਬੀ ਜ਼ੁਬਾਨ ਨੂੰ ਕਮਜ਼ੋਰ ਕੀਤਾ ਪਰ ਸਮੇਂ ਸਮੇਂ ਪੰਜਾਬ ਦੀ ਅਮੀਰ ਵਿਰਾਸਤ ਮੁੜ ਪੈਰਾਂ ’ਤੇ ਖੜ੍ਹਦੀ ਗਈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਅਤੇ ਹੋਰ ਸਮੱਗਰੀ ਦਾ ਹੋਰਨਾਂ ਭਾਸ਼ਾਵਾਂ ’ਚ ਅਨੁਵਾਦ ਕੀਤਾ ਜਾਣਾ ਅਹਿਮ ਹੈ ਤਾਂ ਜੋ ਵਿਸ਼ਵਵਿਆਪੀ ਪੱਧਰ ’ਤੇ ਇਸ ਦਾ ਵਿਕਾਸ ਕੀਤਾ ਜਾ ਸਕੇ ਅਤੇ ਪੰਜਾਬੀ ਜ਼ੁਬਾਨ, ਸੱਭਿਆਚਾਰ ਅਤੇ ਸਾਹਿਤ ਦਾ ਪ੍ਰਸਾਰ ਅਤੇ ਪ੍ਰਚਾਰ ਵਿਗਿਆਨਿਕ ਪੱਧਰ ’ਤੇ ਵੀ ਕਰਨ ਦੀ ਲੋੜ ਹੈ।
ਸੱਭਿਆਚਾਰ ਦੀ ਬਦਲ ਰਹੀ ਰੂਪਰੇਖਾ ਸਬੰਧੀ ਗੱਲਬਾਤ ਕਰਦਿਆਂ ਡਾ. ਜੋਗਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਸੱਭਿਆਚਾਰ ਦੇ ਪ੍ਰਸਾਰ ਅਤੇ ਪ੍ਰਚਾਰ ਬਾਰੇ ਸੁਚੇਤ ਹੋਣ ਦੇ ਨਾਲ-ਨਾਲ ਇਸ ’ਚ ਵਾਪਰ ਰਹੀਆਂ ਤਬਦੀਲੀਆਂ ਪ੍ਰਤੀ ਚੇਤੰਨ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸੱਭਿਆਚਾਰ ਜਿੱਥੇ ਜੀਵਨ ਜਿਊਣ ਦੀ ਜਾਂਚ ਸਿਖਾਉਂਦਾ ਹੈ ਉਥੇ ਹੀ ਜੀਵਨ ਸੇਧ ਵੀ ਪ੍ਰਦਾਨ ਕਰਦਾ ਹੈ।ਉਨ੍ਹਾਂ ਅਜੋਕੇ ਸਮੇਂ ’ਚ ਸੱਭਿਆਚਾਰ ਨੂੰ ਬਹੁਤ ਸਾਰੇ ਰਲੇਵਿਆਂ-ਬਖਰੇਵਿਆਂ ਦਾ ਸੁਮੇਲ ਦੱਸਦਿਆਂ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਸੱਭਿਆਚਾਰ ’ਚ ਸ਼ਾਮਲ ਹੋਈਆਂ ਅਤੇ ਬਹੁਤ ਸਾਰੇ ਪੁਰਾਣੇ ਦੌਰ ਇਸ ਵਿਚੋਂ ਖਤਮ ਹੋਏ, ਪਰ ਸਾਡੇ ਲਈ ਨਿਰੰਤਰ ਵਿਕਾਸ ਦੇ ਨਾਲ-ਨਾਲ ਮਾਂ ਬੋਲੀ ਦੀ ਹੋਂਦ ਕਾਇਮ ਰੱਖਣੀ ਸੱਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ ਜ਼ੁਬਾਨ ’ਚ ਸ਼ਾਮਲ ਕਰਨਾ ਮਾਇਨੇ ਰੱਖਦਾ ਹੈ ਪਰ ਆਪਣੀ ਵਿਆਕਰਨ ਨੂੰ ਤੋੜਨ ਨਾਲ ਜ਼ੁਬਾਨ ਦੀ ਹੋਂਦ ਨੂੰ ਖ਼ਤਰਾ ਹੈ।
ਪੰਜਾਬੀ ਭਾਸ਼ਾ ਦੇ ਪ੍ਰਸਾਰ ’ਚ ਰੰਗਮੰਚ ਦੀ ਭੂਮਿਕਾ ਬਾਬਤ ਗੱਲਬਾਤ ਕਰਦਿਆਂ ਪਾਲੀ ਭੁਪਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਸਿਨੇਮੇ ’ਚ ਹੋਏ ਵੱਡੇ ਪੱਧਰ ’ਤੇ ਆਧੁਨਿਕੀਕਰਨ ਨਾਲ ਨੌਜਵਾਨੀ ਦਾ ਰੁਝਾਨ ਰੰਗਮੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਿਨੇਮੇ ਦੀ ਆਰਥਿਕ, ਸਮਾਜਿਕ ਪੱਧਰ ’ਤੇ ਅਹਿਮ ਭੂਮਿਕਾ ਰਹੀ ਹੈ ਪਰ ਭਾਸ਼ਾ ਦੇ ਵਿਕਾਸ ’ਚ ਰੰਗਮੰਚ ਦੀ ਵੀ ਅਹਿਮੀਅਤ ਬਹੁਤ ਜ਼ਿਆਦਾ ਹੈ।ਉਨ੍ਹਾਂ ਕਿਹਾ ਅਜੋਕੀ ਪੀੜ੍ਹੀ ਡਿਜ਼ੀਟਲ ਯੁੱਗ ਵੱਧ ਜ਼ਿਆਦਾ ਕੇਂਦਰਿਤ ਹੈ,ਇਸ ਲਈ ਸਿੱਖਿਅਕ ਸੰਸਥਾਵਾਂ ਡਿਜੀਟਲ ਮੰਚਾਂ ’ਤੇ ਪੰਜਾਬੀ ਦੀ ਵਰਤੋਂ ਅਤੇ ਇਸ ਦੇ ਪ੍ਰਸਾਰ ਸਬੰਧੀ ਪਾਠਕ੍ਰਮ ਤਿਆਰ ਕਰਨ ਦੀ ਲੋੜ ’ਤੇ ਜ਼ੋਰ ਦੇਣ। ਉਨ੍ਹਾਂ ਕਿਹਾ ਕਿ ਕਲਾ ਦੇ ਹੋ ਰਹੇ ਵਪਾਰੀਕਰਨ ਨੇ ਨੌਜਵਾਨੀ ਦੀ ਮਾਨਸਿਕਤਾ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ ਅਤੇ ਇਸ ਨਿਘਾਰ ’ਚੋਂ ਕੱਢਣ ਲਈ ਸਾਡਾ ਅਮੀਰ ਸਾਹਿਤ ਅਤੇ ਸੱਭਿਆਚਾਰ ਅਗਲੀ ਪੀੜ੍ਹੀਆਂ ਤੱਕ ਪਹੁੰਚਣਾ ਜ਼ਰੂਰੀ ਹੈ।
ਸਾਹਿਤ ਵਿਕਾਸ ਸਬੰਧੀ ਗੱਲਬਾਤ ਕਰਦਿਆ ਡਾ. ਮਨਮੋਹਨ ਨੇ ਕਿਹਾ ਕਿ ਸਾਡੇ ਭਾਸ਼ਾ ਦੀ ਰਾਜਨੀਤੀ ਨੂੰ ਸਮਝਣਾ ਸੱਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਸਾਡੇ ਸਮਾਜ ’ਚ ਸਦੀਆਂ ਤੋਂ ਭਾਸ਼ਾ ਦਾ ਧਰਮੀਕਰਨ ਅਤੇ ਵਪਾਰੀਕਰਨ ਹੋਇਆ, ਅੰਗਰੇਜ਼ਾਂ ਨੇ 1849 ਤੋਂ ਜਿਥੇ ਪੰਜਾਬੀਆਂ ਨੂੰ ਹਥਿਆਰਾਂ ਤੋਂ ਵਾਂਝਾ ਕੀਤਾ ਉਥੇ ਹੀ ਭਾਸ਼ਾ ਪ੍ਰਚਾਰ ਅਤੇ ਪ੍ਰਸਾਰ ਤੋਂ ਵੱਖ ਕਰਨ ਲਈ ਰਣਨੀਤੀਆਂ ਕਾਇਮ ਕੀਤੀਆਂ ਕਿਉਂਕਿ ਇਸ ਭਾਸ਼ਾ ਹੀ ਆਪਣੇ ਹੱਕਾਂ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦਾ ਵੱਡਾ ਜ਼ਰੀਆ ਹੈ। ਉਨ੍ਹਾਂ ਕਿਹਾ ਕਿ ਆਪਣੀ ਹੋਂਦ ਅਤੇ ਜੜ੍ਹਾਂ ਨਾਲ ਜੁੜੇ ਰਹਿਣ ਲਈ ਵਿਦਿਆਰਥੀਆਂ ਦੀ ਮੁੱਢਲੀ ਪੜ੍ਹਾਈ ਮਾਂ-ਬੋਲੀ ’ਚ ਹੋਣੀ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਨਹੀਂ ਕਿ ਅੰਗਰੇਜ਼ੀ ਮਾਧਿਅਮ ’ਚ ਵਿਸ਼ਿਆਂ ਨੂੰ ਪੜ੍ਹ ਕੇ ਵਿਕਾਸ ਦੀਆਂ ਰਾਹਾਂ ’ਤੇ ਤੁਰਿਆ ਜਾ ਸਕਦਾ ਹੈ ਬਲਕਿ ਰੂਸ, ਚੀਨ, ਜਾਪਾਨ ਵਰਗੀਆਂ ਅਨੇਕਾ ਉਦਾਹਰਣਾ ਹਨ ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਨੂੰ ਤਰਜੀਹ ਦਿੰਦਿਆਂ ਦੁਨੀਆਂ ਭਰ ’ਚ ਆਪਣੀ ਤਰੱਕੀ ਦਾ ਲੋਹਾ ਮਨਵਾਇਆ ਹੈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਹਾਜ਼ਰੀਨਾਂ ਨੂੰ ਧੰਨਵਾਦੀ ਸ਼ਬਦ ਆਖਦਿਆਂ ਵਚਨਬੱਧਤਾ ਦੁਹਰਾਈ ਕਿ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਫੁੱਤਿਲਾ ਲਈ ਭਵਿੱਖ ’ਚ ਵੀ ਅਜਿਹੀਆਂ ਵਿਚਾਰ ਚਰਚਾਵਾਂ ਅਤੇ ਸਮਾਗਮ ਉਲੀਕੇ ਜਾਣਗੇ।